ਆਬਕਾਰੀ ਵਿਭਾਗ ਅਤੇ ਪੰਜਾਬ ਪੁਲਿਸ ਵੱਲੋਂ ਸ਼ਰਾਬ ਤਸਕਰੀ ਦੀਆਂ ਵੱਡੀਆਂ ਕੋਸ਼ਿਸ਼ਾਂ ਨਾਕਾਮ

ਚੰਡੀਗੜ੍ਹ, 22 ਮਈ 2022 – ਪੰਜਾਬ ਦੇ ਆਬਕਾਰੀ ਵਿਭਾਗ ਅਤੇ ਪੰਜਾਬ ਪੁਲਿਸ ਨੇ ਸ਼ਰਾਬ ਦੀ ਤਸਕਰੀ ਵਿੱਚ ਸ਼ਾਮਲ ਵਿਅਕਤੀਆਂ ‘ਤੇ ਸ਼ਿਕੰਜਾ ਹੋਰ ਜਿਆਦਾ ਕੱਸ ਦਿੱਤਾ ਹੈ। ਆਬਕਾਰੀ ਵਿਭਾਗ ਦੇ ਵਿਸ਼ੇਸ਼ ਆਪ੍ਰੇਸ਼ਨ ਗਰੁੱਪ ਅਤੇ ਜ਼ਿਲਾ ਪੁਲਿਸ ਫਤਿਹਗੜ ਸਾਹਿਬ ਵੱਲੋਂ ਕੀਤੀ ਸਾਂਝੀ ਕਾਰਵਾਈ ਤਹਿਤ ਚੰਡੀਗੜ ਅਤੇ ਹਰਿਆਣਾ ਤੋਂ ਸ਼ਰਾਬ ਦੀ ਗੈਰ-ਕਾਨੂੰਨੀ ਤਸਕਰੀ ਕਰਨ ਵਾਲੇ 2 ਗਿਰੋਹਾਂ ਦਾ ਪਰਦਾਫਾਸ ਕੀਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਇਕ ਬੁਲਾਰੇ ਨੇ ਦੱਸਿਆ ਕਿ ਆਬਕਾਰੀ ਕਮਿਸ਼ਨਰ ਪੰਜਾਬ ਵਰੁਣ ਰੂਜਮ ਅਤੇ ਡਾ: ਰਵਜੋਤ ਗਰੇਵਾਲ ਐੱਸ.ਐੱਸ.ਪੀ. ਫਤਿਹਗੜ ਸਾਹਿਬ ਦੀ ਯੋਗ ਅਗਵਾਈ ਹੇਠ ਗੁਆਂਢੀ ਸੂਬਿਆਂ ਤੋਂ ਪੰਜਾਬ ਵਿੱਚ ਸ਼ਰਾਬ ਦੀ ਗੈਰ-ਕਾਨੂੰਨੀ ਤਸਕਰੀ ਅਤੇ ਵੰਡ ਨੂੰ ਰੋਕਣ ਲਈ ਇੱਕ ਵਿਸ਼ੇਸ਼ ਮੁਹਿੰਮ ਆਰੰਭੀ ਗਈ ਹੈ।

ਪਹਿਲੇ ਮਾਮਲੇ ਵਿੱਚ ਦੋ ਦਿਨ ਪਹਿਲਾਂ ਗੈਰ-ਕਾਨੂੰਨੀ ਤੌਰ ‘ਤੇ ਤਸਕਰੀ ਕੀਤੀਆਂ ਸ਼ਰਾਬ ਦੀਆਂ 115 ਪੇਟੀਆਂ (1380 ਬੋਤਲਾਂ) ਨਾਲ ਲੱਦੀ ਇੱਕ ਐਸ.ਯੂ.ਵੀ. ਨੰ. ਐਚਆਰ 26- 0241 ਨੂੰ ਜ਼ਿਲਾ ਫਤਿਹਗੜ ਸਾਹਿਬ ਦੇ ਖਮਾਣੋਂ ਨੇੜਿਓਂ ਕਾਬੂ ਕੀਤਾ ਗਿਆ। ਤਸਕਰੀ ਵਾਲੀ ਸ਼ਰਾਬ ਸਿਰਫ ਚੰਡੀਗੜ ਵਿਖੇ ਵਿਕਰੀ ਲਈ ਸੀ। ਇਸ ਸ਼ਰਾਬ ਸਬੰਧੀ ਦੋਸ਼ੀ ਕੋਈ ਵੀ ਜਾਇਜ਼ ਦਸਤਾਵੇਜ਼ ਪੇਸ਼ ਨਹੀਂ ਕਰ ਸਕੇ। ਇੱਕ ਦੋਸ਼ੀ ਸੁਖਦੇਵ ਸਿੰਘ ਪੁੱਤਰ ਹਰਮਿੰਦਰ ਸਿੰਘ ਵਾਸੀ ਪਿੰਡ ਕੂੰਮ ਕਲਾਂ, ਜ਼ਿਲਾ ਲੁਧਿਆਣਾ ਨੂੰ ਮੌਕੇ ’ਤੇ ਹੀ ਗਿ੍ਰਫਤਾਰ ਕਰ ਲਿਆ ਗਿਆ।

ਦੋਸ਼ੀਆਂ ਨੇ ਕਬੂਲਿਆ ਕਿ ਉਨਾਂ ਨੇ ਕਈ ਵਾਰ ਚੰਡੀਗੜ ਤੋਂ ਪੰਜਾਬ ਵਿੱਚ ਸ਼ਰਾਬ ਦੀ ਤਸਕਰੀ ਕੀਤੀ ਹੈ ਅਤੇ ਇਸ ਨੂੰ ਜ਼ਿਲਾ ਫਤਿਹਗੜ ਸਾਹਿਬ ਅਤੇ ਲੁਧਿਆਣਾ ਜ਼ਿਲੇ ਵਿੱਚ ਸੰਗਠਿਤ ਨਾਜਾਇਜ਼ ਸ਼ਰਾਬ ਦੇ ਨੈੱਟਵਰਕ ਨੂੰ ਸਪਲਾਈ ਕਰਦੇ ਸਨ। ਸ਼ਰਾਬ ਦੀ ਇਹ ਖੇਪ ਚੰਡੀਗੜ ਦੇ ਇੱਕ ਠੇਕੇ ਤੋਂ ਲਿਆਂਦੀ ਗਈ ਹੈ ਅਤੇ ਫਤਿਹਗੜ ਸਾਹਿਬ ਅਤੇ ਲੁਧਿਆਣਾ ਲਿਜਾਈ ਜਾ ਰਹੀ ਸੀ।

ਇੱਕ ਹੋਰ ਮਾਮਲੇ ਵਿੱਚ ਇੱਕ ਕਾਰ ਨੰ. ਐਚਆਰ 15 ਸੀ 0852 ਨੂੰ ਜ਼ਿਲਾ ਫਤਿਹਗੜ ਸਾਹਿਬ ਦੇ ਸੰਘੋਲ-ਖਮਾਣੋਂ ਇਲਾਕੇ ਨੇੜਿਓਂ ਕਾਬੂ ਕੀਤਾ ਗਿਆ। ਕਾਰ ਵਿੱਚੋਂ ਚੰਡੀਗੜ ਦੇ ਵੱਖ-ਵੱਖ ਬੋਟਲਿੰਗ ਪਲਾਂਟਾਂ ਦੇ ਤਿੰਨ ਵੱਖ-ਵੱਖ ਬ੍ਰਾਂਡਾਂ ਵਾਲੀ ਸ਼ਰਾਬ ਦੀਆਂ 101 ਪੇਟੀਆਂ (1212 ਬੋਤਲਾਂ) ਬਰਾਮਦ ਹੋਈਆਂ ਹਨ। ਬਰਾਮਦ ਹੋਈ ਸ਼ਰਾਬ ਸਿਰਫ ਚੰਡੀਗੜ ਵਿੱਚ ਹੀ ਵੇਚਣ ਲਈ ਸੀ। 2 ਦੋਸ਼ੀਆਂ ਦੀਪਕ ਉਰਫ ਦੀਪੂ ਪੁੱਤਰ ਸ਼ਮਸ਼ੇਰ ਸਿੰਘ ਅਤੇ ਸੁਨੀਲ ਸਿੰਘ ਪੁੱਤਰ ਨਫਾ ਸਿੰਘ ਨੂੰ ਮੌਕੇ ‘ਤੇ ਹੀ ਗਿ੍ਰਫਤਾਰ ਕਰ ਲਿਆ ਗਿਆ। ਦੋਵਾਂ ਮਾਮਲਿਆਂ ਵਿੱਚ ਥਾਣਾ ਖਮਾਣੋਂ, ਜ਼ਿਲਾ ਫਤਿਹਗੜ ਸਾਹਿਬ ਵਿਖੇ ਐਫ.ਆਈ.ਆਰ. ਦਰਜ ਕੀਤੀ ਗਈ ਹੈ।

ਆਬਕਾਰੀ ਕਮਿਸ਼ਨਰ ਵਰੁਣ ਰੂਜਮ ਨੇ ਕਿਹਾ ਕਿ ਆਬਕਾਰੀ ਵਿਭਾਗ ਵੱਲੋਂ ਸ਼ਰਾਬ ਦੀ ਤਸਕਰੀ ਜਾਂ ਆਬਕਾਰੀ ਨਾਲ ਸਬੰਧਤ ਕਿਸੇ ਵੀ ਗੈਰ-ਕਾਨੂੰਨੀ ਗਤੀਵਿਧੀ ਨੂੰ ਠੱਲ ਪਾਉਣ ਲਈ ਜ਼ੀਰੋ ਟਾਲਰੈਂਸ ਨੀਤੀ ‘ਤੇ ਅਮਲ ਕੀਤਾ ਜਾ ਰਿਹਾ ਹੈ ਅਤੇ ਸਰਕਾਰੀ ਖਜ਼ਾਨੇ ਨੂੰ ਢਾਹ ਲਾਉਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਕਾਨੂੰਨ ਮੁਤਾਬਕ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਉਨਾਂ ਕਿਹਾ ਕਿ ਤਸਕਰੀ ਕੀਤੀ ਇਸ ਸ਼ਰਾਬ ਦੇ ਮੁੱਖ ਸਪਲਾਇਰਾਂ ਅਤੇ ਪ੍ਰਾਪਤ ਕਰਨ ਵਾਲਿਆਂ ਦਾ ਪਤਾ ਲਗਾਉਣ ਲਈ ਸਾਰੀਆਂ ਸਬੰਧਤ ਕੜੀਆਂ ਨੂੰ ਜੋੜਿਆ ਜਾ ਰਿਹਾ ਹੈ ਤਾਂ ਜੋ ਤੇਜ਼ੀ ਨਾਲ ਤਸਕਰੀ ‘ਤੇ ਕਾਬੂ ਪਾਇਆ ਜਾ ਸਕੇ। ਜਾਂਚ ਦੌਰਾਨ ਜੇਕਰ ਕੋਈ ਵੀ ਸ਼ਰਾਬ ਠੇਕੇਦਾਰ ਇਸ ਰੈਕੇਟ ਵਿੱਚ ਸ਼ਾਮਲ ਪਾਇਆ ਗਿਆ ਤਾਂ ਉਸ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਉਨਾਂ ਅੱਗੇ ਦੁਹਰਾਇਆ ਕਿ ਵਿਭਾਗ ਨੇ ਸੂਬੇ ਦੇ ਸਾਰੇ ਜ਼ਿਲਿਆਂ ਵਿੱਚ ਚੌਕਸੀ ਵਧਾ ਦਿੱਤੀ ਹੈ। ਅੰਤਰਰਾਜੀ ਸਰਹੱਦਾਂ ਅਤੇ ਤਸਕਰੀ ਵਾਲੇ ਖੇਤਰਾਂ ਵਿਚ ਵਿਸ਼ੇਸ਼ ਗਸ਼ਤ ਅਤੇ ਨਾਕਾਬੰਦੀ ਕੀਤੀ ਜਾ ਰਹੀ ਹੈ। ਜਾਗਰੂਕ ਨਾਗਰਿਕਾਂ ਤੋਂ ਤਸਕਰੀ ਸਬੰਧੀ ਸ਼ਿਕਾਇਤਾਂ ਪ੍ਰਾਪਤ ਕਰਨ ਲਈ ਆਬਕਾਰੀ ਵਿਭਾਗ ਨੇ ਪਹਿਲਾਂ ਹੀ ਟੋਲ ਫਰੀ ਨੰ. 98759 61126. ਜਾਰੀ ਕੀਤਾ ਹੋਇਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਫਿਰੋਜ਼ਪੁਰ ‘ਚ ਨਸ਼ੇ ਨੇ ਲਈ 23 ਸਾਲਾ ਨੌਜਵਾਨ ਦੀ ਜਾਨ

ਸਿਰਸਾ ਨੇ ਸਿੱਖਾਂ ਖਿਲਾਫ ਨਫਰਤ ਤੇ ਭੜਕਾਊ ਟਵੀਟ ਕਰਨ ‘ਤੇ ਦਿੱਲੀ ਪੁਲਿਸ ਕੋਲ ਕਾਂਗਰਸ ਦੇ ਐਮ ਪੀ ਖਿਲਾਫ ਦਰਜ ਕਰਾਈ ਸ਼ਿਕਾਇਤ