ਪਟਿਆਲਾ, 10 ਅਪ੍ਰੈਲ 2022 – ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਨੇੜੇ ਵਾਪਰੇ ਗੋਲੀਕਾਂਡ ਨੂੰ ਪੁਲਿਸ ਵੱਲੋਂ ਹੱਲ ਕਰ ਲਿਆ ਗਿਆ ਹੈ। ਅਸਲ ‘ਚ ਕੁਝ ਦਿਨ ਪਹਿਲਾਂ ਦੋਣ ਕਲਾ ਦੇ ਰਹਿਣ ਵਾਲੇ ਕਬੱਡੀ ਕਲੱਬ ਦੇ ਪ੍ਰਧਾਨ ਧਰਮਿੰਦਰ ਦਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਨੇੜੇ ਕਤਲ ਕਰ ਦਿੱਤਾ ਗਿਆ ਸੀ। ਪਟਿਆਲਾ ਪੁਲਿਸ ਵੱਲੋਂ ਇਸ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਕਤਲ ਕੇਸ ਵਿੱਚ ਸ਼ਾਮਿਲ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ ਅਸਲਾ ਅਤੇ ਦੋ ਮੋਟਰਸਾਈਕਲ ਬਰਾਮਦ ਕਰ ਲਏ ਗਏ ਹਨ।
ਪਟਿਆਲਾ ਦੇ ਡਾ. ਐਸ ਐਸ ਪੀ ਨਾਨਕ ਸਿੰਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਧਰਮਿੰਦਰ ਸਿੰਘ ਭਿੰਦਾ ਦਾ ਕਤਲ ਉਸ ਦੇ ਵਿਰੋਧੀ ਗਰੁੱਪ ਹਰਬੀਰ ਸਿੰਘ ਵਾਸੀ ਪਿੰਡ ਦਾਉਂ ਕਲਾਂ ਨੇ ਆਪਣੇ ਸਾਥੀਆਂ ਸਮੇਤ ਕੀਤਾ ਸੀ ਅਤੇ ਫ਼ਾਇਰਿੰਗ ਦੌਰਾਨ ਧਰਮਿੰਦਰ ਦੀ ਮੌਕੇ ਤੇ ਮੌਤ ਹੋ ਗਈ ਸੀ ਅਤੇ ਦੋਸ਼ੀ ਫਰਾਰ ਹੋ ਗਏ ਸਨ।
ਉਨ੍ਹਾਂ ਦੱਸਿਆ ਕਿ ਰਵੀ ਸ਼ਰਮਾ ਪੁੱਤਰ ਹਰਦੀਪ ਸ਼ਰਮਾ ਵਾਸੀ ਬਠੋਈ ਖੁਰਦ ਥਾਣਾ ਪਸਿਆਣਾ, ਵਰਿੰਦਰ ਸਿੰਘ ਬਾਵਾ ਪੁੱਤਰ ਤਰਸੇਮ ਸਿੰਘ ਬਠੋਈ ਖੁਰਦ, ਪ੍ਰਿਤਪਾਲ ਸਿੰਘ ਪੁੱਤਰ ਗੁਰਮੀਤ ਸਿੰਘ ਸਨੌਰ, ਬਹਾਦਰ ਸਿੰਘ ਪੁੱਤਰ ਜੱਗੁ ਸਿੰਘ ਪਿੰਡ ਘਰਾਚੋਂ ਜ਼ਿਲ੍ਹਾ ਸੰਗਰੂਰ ਨੂੰ ਗ੍ਰਿਫਤਾਰ ਕਰਕੇ ਇਨਾਂ ਤੇ ਪਰਚਾ ਦਰਜ ਕੀਤਾ ਗਿਆ ਹੈ ਅਤੇ ਨਾਲ ਹੀ ਇਹਨਾਂ ਦੋਸ਼ੀਆਂ ਨੂੰ ਪਨਾਹ ਦੇਣ ਵਾਲੇ ਵਿਅਕਤੀਆਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਫੜੇ ਗਏ ਇਨ੍ਹਾਂ ਦੋਸ਼ੀਆਂ ਕੋਲੋਂ ਤਿੰਨ ਅਸਲੇ ਸਮੇਤ ਰੌਦ ਵਾਰਦਾਤ ਵਿੱਚ ਵਰਤੇ 2 ਮੋਟਰਸਾਈਕਲ ਵੀ ਬਰਾਮਦ ਕੀਤੇ ਗਏ ਹਨ। ਐਸ ਐਸ ਪੀ ਨੇ ਇਹ ਵੀ ਦੱਸਿਆ ਕਿ ਯੂਨੀਵਰਸਿਟੀ ਦੇ ਨਾਲ ਜਿੰਨੇ ਵੀ ਪੀਜੀ ਹਨ ਉਨ੍ਹਾਂ ਤੇ ਪੁਲਿਸ ਵੱਲੋਂ ਵਿਸ਼ੇਸ਼ ਨਿਗਰਾਨੀ ਰੱਖੀ ਜਾਵੇਗੀ।