ਮਾਨਸਾ, 2 ਮਈ 2024 : ਸਿੱਧੂ ਮੂਸੇ ਵਾਲਾ ਦੇ ਕਤਲ ਮਾਮਲੇ ਚ ਬੀਤੇ ਦਿਨ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿਚ ਮਾਨਸਾ ਅਦਾਲਤ ਨੇ ਸਾਰੇ 27 ਮੁਲਜ਼ਮਾਂ ਵਿਰੁਧ ਦੋਸ਼ ਤੈਅ ਕਰ ਦਿਤੇ ਹਨ। ਇਸ ਮਗਰੋਂ ਹੁਣ 15 ਮਈ ਤੋਂ ਅਦਾਲਤ ਵਿਚ ਕੇਸ ਦਾ ਟਰਾਇਲ ਸ਼ੁਰੂ ਹੋਵੇਗਾ। ਮਿਲੀ ਜਾਣਕਾਰੀ ਅਨੁਸਾਰ ਕੋਰਟ ਨੇ ਲਾਰੈਂਸ ਬਿਸ਼ਨੋਈ, ਜੱਗੂ ਭਗਵਾਨਪੂਰੀਆ, ਚਰਨਜੀਤ ਚੇਤਨ ਅਤੇ ਜਗਤਾਰ ਸਿੰਘ ਦੀ ਉਸ ਅਰਜ਼ੀ ਨੂੰ ਰੱਦ ਕਰ ਦਿਤਾ ਹੈ, ਜਿਸ ਵਿਚ ਉਨ੍ਹਾਂ ਨੇ ਅਪਣੇ ਆਪ ਨੂੰ ਬੇਕਸੂਰ ਦੱਸਿਆ ਸੀ।
ਹੁਣ ਅਗਲੀ ਸੁਣਵਾਈ 20 ਮਈ ਨੂੰ ਰੱਖੀ ਗਈ ਹੈ। ਸਿੱਧੂ ਮੂਸੇਵਾਲਾ ਦੇ ਵਕੀਲ ਸਤਿੰਦਰ ਮਿੱਤਲ ਨੇ ਦਸਿਆ ਕਿ ਸੁਣਵਾਈ ਦੌਰਾਨ 5-6 ਘੰਟੇ ਤਕ ਦਲੀਲਾਂ ਰੱਖੀਆਂ ਗਈਆਂ। ਅਦਾਲਤ ਦੇ ਇਸ ਫੈਸਲੇ ਤੋਂ ਬਾਅਦ ਸਿੱਧੂ ਮੂਸੇ ਵਾਲਾ ਦੇ ਪਿਤਾ ਨੇ ਕਿਹਾ ਕਿ 24 ਮਹੀਨਿਆਂ ਬਾਅਦ ਮੇਰੇ ਪੁੱਤ ਦਾ ਕੇਸ ਸਹੀ ਦਿਸ਼ਾ ਵੱਲ ਚੱਲਿਆ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਨੇ ਕੇਸ ਨੂੰ ਲੰਬਾ ਖਿੱਚਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਅੱਜ ਸਾਰਿਆਂ ਦੀਆਂ ਅਰਜ਼ੀਆਂ ਖਾਰਜ ਕਰ ਦਿਤੀਆਂ ਗਈਆਂ।
ਜ਼ਿਕਰਯੋਗ ਹੈ ਕਿ 29 ਮਈ, 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਚ ਮਸ਼ਹੂਰ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿਤਾ ਗਿਆ ਸੀ। ਇਸ ਦੀ ਸੱਭ ਤੋਂ ਪਹਿਲਾਂ, ਲਾਰੈਂਸ ਗੈਂਗ ਨੇ ਜ਼ਿੰਮੇਵਾਰੀ ਲਈ ਸੀ। ਫਿਰ ਗੋਲਡੀ ਬਰਾੜ ਨੇ ਇਕ ਟੀਵੀ ਚੈਨਲ ‘ਤੇ ਇੰਟਰਵਿਊ ਦਿਤੀ ਅਤੇ ਕਿਹਾ ਕਿ ਉਸ ਨੇ ਮੂਸੇਵਾਲਾ ਦਾ ਕਤਲ ਕੀਤਾ ਹੈ। ਉਸ ਨੇ ਮੂਸੇਵਾਲਾ ‘ਤੇ ਲਾਰੈਂਸ ਦੇ ਕਾਲਜ ਦੋਸਤ ਵਿੱਕੀ ਮਿੱਡੂਖੇੜਾ ਦੇ ਕਤਲ ਵਿਚ ਸ਼ਾਮਲ ਹੋਣ ਦਾ ਦੋਸ਼ ਲਾਇਆ। ਗੋਲਡੀ ਨੇ ਦਾਅਵਾ ਕੀਤਾ ਸੀ ਕਿ ਪੁਲਿਸ ਨੇ ਮੂਸੇਵਾਲਾ ਵਿਰੁਧ ਕੋਈ ਕਾਰਵਾਈ ਨਹੀਂ ਕੀਤੀ ਅਤੇ ਉਸ ਨੂੰ ਕਤਲ ਕਰਨ ਲਈ ਮਜਬੂਰ ਕੀਤਾ। ਗੋਲਡੀ ਨੇ ਮੂਸੇਵਾਲਾ ਨੂੰ ਮਾਰਨ ਲਈ ਹਰਿਆਣਾ ਅਤੇ ਪੰਜਾਬ ਤੋਂ 6 ਸ਼ੂਟਰ ਭੇਜੇ ਸਨ।