ਯੂਪੀ ਦੇ ਦੋ ਦੋਸਤਾਂ ਨੇ ਮਿਲ ਕੇ ਤੀਜੇ ਦਾ ਗੁੱਟ ‘ਤੇ ਹੱਥ ਵੱਢ ਕੇ ਕੀਤਾ ਕ+ਤ+ਲ, ਪੁਲਿਸ ਨੇ ਸੁਲਝਾਇਆ ਕ+ਤ+ਲ ਦਾ ਭੇਤ

  • ਜ਼ਿਲ੍ਹਾ ਪੁਲਿਸ ਨੇ ਮਾਹਿਲਪੁਰ ‘’ਚ ਹੋਏ ਅੰਨ੍ਹੇ ਕਤਨ ਦੀ ਗੁੱਥੀ ਸੁਲਝਾਈ
  • ਕਤਲ ਦੇ ਦੋਵੇਂ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ, ਘਟਨਾ ’ਚ ਸ਼ਾਮਿਲ ਵਾਹਨ ਅਤੇ ਮੋਬਾਇਲ ਵੀ ਬਰਾਮਦ

ਹੁਸ਼ਿਆਰਪੁਰ, 12 ਮਈ 2023 – ਜ਼ਿਲ੍ਹਾ ਪੁਲਿਸ ਹੁਸ਼ਿਆਰਪੁਰ ਨੇ ਮਾਹਿਲਪੁਰ ਦੇ ਨਜ਼ਦੀਕ ਪਿੰਡ ਭਾਰਤਪੁਰ ਜੋਗੀਆਂ ਦੇ ਜੰਗਲ ਵਿੱਚ ਇਕ ਵਿਅਕਤੀ ਦੀ ਬੇਰਹਿਮੀ ਨਾਲ ਕੀਤੀ ਹੱਤਿਆ ਨੂੰ ਗੰਭੀਰਤਾ ਨਾਲ ਲੈਂਦਿਆਂ ਉਸਨੂੰ ਸੁਲਝਾਅ ਲਿਆ ਹੈ। ਇਸ ਮਾਮਲੇ ਵਿੱਚ ਪੁਲਿਸ ਵਲੋਂ ਕਤਲ ਦੇ ਦੋਵੇਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਘਟਨਾ ਵਿੱਚ ਸ਼ਾਮਿਲ ਬਲੈਰੋ ਗੱਡੀ ਅਤੇ ਮੋਬਾਇਲ ਫੋਨ ਵੀ ਬਰਾਮਦ ਕਰ ਲਿਆ ਹੈ।

ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਹੋਇਆ ਐਸ.ਐਸ.ਪੀ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ 13 ਅਪ੍ਰੈਲ 2023 ਨੂੰ ਮਾਹਿਲਪੁਰ ਦੇ ਨਜ਼ਦੀਕ ਪਿੰਡ ਭਾਰਤਪੁਰ ਜੋਗੀਆਂ ਦੇ ਜੰਗਲਾਂ ਵਿੱਚ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਸੀ, ਜਿਸਦੇ ਦੋਵੇਂ ਹੱਥਾਂ ਦੇ ਗੁੱਟ ਕੱਟੇ ਹੋਏ ਸਨ। ਇਸ ਸਬੰਧੀ ਥਾਣਾ ਮਾਹਿਲਪੁਰ ਪੁਲਿਸ ਨੇ ਪਿੰਡ ਦੇ ਸਰਪੰਚ ਦੇ ਬਿਆਨਾਂ ਦੇ ਆਧਾਰ ’ਤੇ 13 ਅਪ੍ਰੈਲ ਨੂੰ ਹੀ ਧਾਰਾ 302, 201, 34 ਆਈ.ਪੀ.ਸੀ ਦੇ ਤਹਿਤ ਮਾਮਲਾ ਦਰਜ ਕਰਕੇ ਇਸਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਸੀ।

ਉਨ੍ਹਾਂ ਦੱਸਿਆ ਕਿ ਐਸ.ਪੀ (ਜਾਂਚ) ਸਰਬਜੀਤ ਸਿੰਘ ਬਾਹੀਆ ਦੀ ਅਗਵਾਈ ਵਿੱਚ ਡੀ.ਐਸ.ਪੀ ਗੜ੍ਹਸ਼ੰਕਰ ਦਲਜੀਤ ਸਿੰਘ ਖੱਖ, ਥਾਣਾ ਸਦਰ ਦੇ ਇੰਚਾਰਜ ਜਸਵੰਤ ਸਿੰਘ ਦੀ ਵਿਸ਼ੇਸ਼ ਟੀਮਾਂ ਗਠਿਤ ਕਰਕੇ ਸੋਸ਼ਲ ਮੀਡੀਆ ਅਤੇ ਪ੍ਰਿੰਟ ਮੀਡੀਆ ਰਾਹੀਂ ਅਣਪਛਾਤੀ ਲਾਸ਼ ਦੇ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਪੁਲਿਸ ਵਲੋਂ ਤਕਨੀਕੀ, ਖੁਫੀਆ ਢੰਗ ਨਾਲ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਗਈ ਅਤੇ ਇਸ ਘਟਨਾ ਵਿੱਚ ਸ਼ਾਮਲ ਦੋਵਾਂ ਮੁਲਜ਼ਮਾਂ ਹਰਪਾਲ ਸਿੰਘ ਉਰਫ ਪਾਲਾ ਵਾਸੀ ਗੰਗੋ, ਨਜ਼ਦੀਕ ਟੀਚਰ ਕਲੋਨੀ ਸੋਬਿਤ ਯੂਨੀਵਰਸਿਟੀ, ਜ਼ਿਲ੍ਹਾ ਸਹਾਰਨਪੁਰ (ਉੱਤਰ ਪ੍ਰਦੇਸ਼) ਅਤੇ ਕੁੰਦਨ ਸਿੰਘ ਉਰਫ ਮੰਗਲ ਵਾਸੀ ਗੁੜਸ਼ੜਪੁਰ, ਥਾਣਾ ਗੰਗੋ ਜ਼ਿਲ੍ਹਾ ਸਹਾਰਨਪੁਰ (ਉੱਤਰ ਪ੍ਰਦੇਸ਼) ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਐਸ.ਐਸ.ਪੀ ਨੇ ਦੱਸਿਆ ਕਿ ਹਾਲ ਹੀ ਵਿੱਚ 9 ਮਈ ਨੂੰ ਪਿੰਡ ਦੁਦਰਾ, ਥਾਣਾ ਗੰਗੋ, ਜ਼ਿਲ੍ਹਾ ਸਹਾਰਨਪੁਰ (ੳੱੁਤਰ ਪ੍ਰਦੇਸ਼) ਤੋਂ ਜੋਗਿੰਦਰ ਸਿੰਘ ਵਲੋਂ ਪਹਿਚਾਣ ਕੀਤੀ ਗਈ ਸੀ ਕਿ ਮ੍ਰਿਤਕ ਦਾ ਨਾਮ ਅਮਿਤ ਕੁਮਾਰ ਹੈ ਅਤੇ ਉਹ ਉਸਦਾ ਪੁੱਤਰ ਹੈ। ਸੂਚਨਾ ਮਿਲਦੇ ਹੀ ਥਾਣਾ ਇੰਚਾਰਜ ਜਸਵੰਤ ਸਿੰਘ ਅਤੇ ਜਾਂਚ ਅਧਿਕਾਰੀ ਏ.ਐਸ.ਆਈ ਗੁਰਨੇਕ ਸਿੰਘ ਦੀ ਅਗਵਾਈ ਵਿੱਚ 12 ਮੈਂਬਰੀ ਟੀਮ ਨੂੰ ਸਹਾਰਨਪੁਰ ਭੇਜਿਆ ਗਿਆ, ਜਿਸ ਦੌਰਾਨ ਪੁਲਿਸ ਟੀਮ ਵਲੋਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਕੇ ਕਤਲ ਵਿੱਚ ਸ਼ਾਮਿਲ ਦੋਵਾਂ ਮੁਲਜ਼ਮਾਂ ਹਰਪਾਲ ਸਿੰਘ ਅਤੇ ਕੁੰਦਨ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਐਸ.ਐਸ.ਪੀ. ਨੇ ਦੱਸਿਆ ਕਿ ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਕਤਨ ਦੇ ਦੋਵੇਂ ਮੁਲਜ਼ਮ ਹਰਪਾਲ, ਕੁੰਦਨ ਅਤੇ ਮ੍ਰਿਤਕ ਅਮਿਤ ਕੁਮਾਰ ਚੰਗੇ ਦੋਸਤ ਸਨ ਅਤੇ ਇਨ੍ਹਾਂ ਸਾਰਿਆਂ ਦਾ ਅਪਰਾਧਿਕ ਪਿਛੋਕੜ ਹੈ ਅਤੇ ਇਨ੍ਹਾਂ ’ਤੇ ਵੱਖ-ਵੱਖ ਥਾਣਿਆਂ ਵਿੱਚ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਮੁਲਜ਼ਮ ਹਰਪਾਲ ਸਿੰਘ ਅਤੇ ਕੁੰਦਨ ਸਿੰਘ ਨੇ ਪੁਲਿਸ ਦੀ ਪੁੱਛ-ਗਿੱਛ ਵਿੱਚ ਦੱਸਿਆ ਕਿ ਇਕ ਦਿਨ ਉਹ ਅਮਿਤ ਕੁਮਾਰ ਦੇ ਨਾਲ ਬੈਠ ਕੇ ਸ਼ਰਾਬ ਪੀ ਰਹੇ ਸਨ, ਤਾਂ ਅਮਿਤ ਨੇ ਦੱਸਿਆ ਕਿ ਮਾਇਆ ਨਾਮ ਦੀ ਇਕ ਔਰਤ ਨੇ ਉਸ ਨੂੰ ਮਾਰਨ ਲਈ 70 ਹਜ਼ਾਰ ਰੁਪਏ ਦਿੱਤੇ ਹਨ। ਅਮਿਤ ਕੁਮਾਰ ਨੇ ਦੱਸਿਆ ਕਿ ਮਾਇਆ ਨੂੰ ਸ਼ੱਕ ਹੈ ਕਿ ਹਰਪਾਲ ਸਿੰਘ ਨੇ ਉਸਦੇ ਪਤੀ ਨੂੰ ਮਰਵਾਇਆ ਹੈ।

ਹਰਪਾਲ ਸਿੰਘ ਨੇ ਦੱਸਿਆ ਕਿ ਅਮਿਤ ਨੇ ਉਸ ਤੋਂ 70 ਹਜ਼ਾਰ ਤੋਂ ਵੱਧ ਪੈਸਿਆਂ ਦੀ ਮੰਗ ਕਰਦੇ ਹੋਏ ਕਿਹਾ ਕਿ ਜੇਕਰ ਉਹ ਉਸਨੂੰ ਦੇ ਦੇਵੇਗਾ ਤਾਂ ਉਹ 70 ਹਜ਼ਾਰ ਰੁਪਏ ਮਾਇਆ ਨੂੰ ਵਾਪਸ ਕਰ ਦੇਵੇਗਾ। ਇਸ ਦੌਰਾਨ ਉਸਨੇ ਅਤੇ ਕੁੰਦਨ ਸਿੰਘ ਨੇ ਅਮਿਤ ਨੂੰ ਪੈਸੇ ਦੇਣ ਲਈ ਹਾਮੀ ਭਰ ਦਿੱਤੀ। ਹਰਪਾਲ ਸਿੰਘ ਨੇ ਦੱਸਿਆ ਕਿ ਉਸਨੇ ਅਮਿਤ ਨੂੰ ਕਿਹਾ ਕਿ ਉਸਦੀ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਭਾਰਤਪੁਰ ਵਿੱਚ ਜ਼ਮੀਨ ਹੈ, ਜਿਸ ਨੂੰ ਵੇਚ ਕੇ ਉਹ ਉਸਨੂੰ ਪੈਸੇ ਦੇ ਦੇਵੇਗਾ, ਕਿਉਂਕਿ ਉਹ ਪਿੰਡ ਭਾਰਤਪੁਰ ਨਾਲ ਸਬੰਧਤ ਹੈ, ਇਸ ਲਈ ਅਮਿਤ ਉਸਦੀਆਂ ਗੱਲਾਂ ਵਿੱਚ ਆ ਗਿਆ ਅਤੇ ਪੰਜਾਬ ਆਉਣ ਲਈ ਰਾਜ਼ੀ ਹੋ ਗਿਆ।

ਐਸ.ਐਸ.ਪੀ ਨੇ ਦੱਸਿਆ ਕਿ ਸਾਜ਼ਿਸ਼ ਦੇ ਮੁਤਾਬਿਕ 10 ਅਪ੍ਰੈਲ ਨੂੰ ਹਰਪਾਲ ਸਿੰਘ ਉਰਫ ਪਾਲਾ ਅਤੇ ਕੁੰਦਨ ਸਿੰਘ ਉਰਫ ਮੰਗਲ ਬਲੈਰੋ ਗੱਡੀ ਨੰਬਰ ਯੂ.ਪੀ. 11.ਸੀ.ਈ-8702 (ਹਰਪਾਲ ਦੀ ਗੱਡੀ) ਵਿੱਚ ਅਮਿਤ ਨੂੰ ਬਿਠਾ ਕੇ ਸਹਾਰਨਪੁਰ ਤੋਂ ਪਿੰਡ ਭਾਰਤਪੁਰ ਜੋਗੀਆਂ ਦੇ ਜੰਗਲ ਵਿੱਚ ਆ ਗਏ। ਜਦੋਂ ਉਹ ਜੰਗਲ ਵਿੱਚ ਪਹੁੰਚੇ ਤਾਂ ਕਾਫੀ ਹਨੇਰਾ ਹੋ ਚੁੱਕਾ ਸੀ। ਹਰਪਾਲ ਸਿੰਘ ਨੇ ਅਮਿਤ ਕੁਮਾਰ ਨੂੰ ਕਿਹਾ ਕਿ ਗੱਡੀ ਦੀ ਡਿੱਗੀ ਖੋਲ੍ਹ ਕੇ ਦੇਖੇ ਕਿਉਂਕਿ ਪਿਛੇ ਤੋਂ ਕਾਫੀ ਆਵਾਜ਼ ਆ ਰਹੀ ਹੈ।

ਅਮਿਤ ਕੁਮਾਰ ਗੱਡੀ ਤੋਂ ਉਤਰ ਕੇ ਜਦੋਂ ਡਿੱਗੀ ਖੋਲ੍ਹ ਕੇ ਦੇਖਣ ਲੱਗਾ ਤਾਂ ਹਰਪਾਲ ਸਿੰਘ ਨੇ ਉਸਦੇ ਗਲੇ ਵਿੱਚ ਪਰਨਾ ਪਾ ਕੇ ਉਸਦਾ ਗਲਾ ਦਬਾ ਦਿੱਤਾ, ਜਿਸ ਵਿੱਚ ਕੁੰਦਨ ਨੇ ਵੀ ਹਰਪਾਲ ਨੂੰ ਸਹਿਯੋਗ ਕੀਤਾ। ਦੋਵਾਂ ਮੁਲਜ਼ਮਾਂ ਨੇ ਅਮਿਤ ਦੀ ਹੱਤਿਆ ਕਰਕੇ ਉਸਦੀ ਜੇਬ ਵਿਚੋਂ ਪਰਸ ਕੱਢ ਲਿਆ, ਜਿਸ ਵਿੱਚ 30 ਹਜ਼ਾਰ ਰੁਪਏ ਸਨ। ਇਸ ਤੋਂ ਇਲਾਵਾ ਸੈਮਸੰਗ ਕੰਪਨੀ ਦਾ ਮੋਬਾਇਲ ਫੋਨ ਵੀ ਲੈ ਲਿਆ। ਮੁਲਜ਼ਮਾਂ ਨੇ ਸੋਚਿਆ ਕਿ ਨਿਸ਼ਾਨ ਨਾਲ ਮ੍ਰਿਤਕ ਅਮਿਤ ਦੀ ਪਹਿਚਾਣ ਨਾ ਹੋ ਜਾਵੇ, ਇਸ ਲਈ ਉਨ੍ਹਾਂ ਨੇ ਗੱਡੀ ਵਿਚੋਂ ਕੇਹੀ ਕੱਢ ਕੇ ਅਮਿਤ ਦੇ ਹੱਥ ਕੱਟ ਦਿੱਤੇ ਅਤੇ ਲਾਸ਼ ਨੂੰ ਵੀ ਜੰਗਲ ਵਿੱਚ ਸੁੱਟ ਦਿੱਤਾ ਅਤੇ ਵਾਪਸ ਆਪਣੇ ਪਿੰਡ ਆ ਗਏ।

ਐਸ.ਐਸ.ਪੀ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਮੁਲਜ਼ਮਾਂ ਤੋਂ ਪੁੱਛ ਗਿੱਛ ਦੌਰਾਨ ਹੱਤਿਆ ਵਿੱਚ ਸ਼ਾਮਲ ਬਲੈਰੋ ਗੱਡੀ ਨੰਬਰ ਯੂ.ਪੀ 11 ਸੀ.ਈ-8702 ਮੁਲਜ਼ਮ ਕੁੰਦਨ ਸਿੰਘ ਦੇ ਘਰ ਤੋਂ ਬਰਾਮਦ ਕੀਤੀ ਗਈ ਅਤੇ ਮ੍ਰਿਤਕ ਅਮਿਤ ਕੁਮਾਰ ਦਾ ਸੈਮਸੰਗ ਕੰਪਨੀ ਦਾ ਮੋਬਾਇਲ ਫੋਨ ਵੀ ਬਲੈਰੋ ਦੇ ਡੈਸ਼ ਬੋਰਡ ਤੋਂ ਬਰਾਮਦ ਕੀਤਾ ਗਿਆ। ਇਸ ਤੋਂ ਇਲਾਵਾ ਮੁਲਜ਼ਮ ਕੁੰਦਨ ਸਿੰਘ ਦੇ ਘਰ ਤੋਂ ਮ੍ਰਿਤਕ ਅਮਿਤ ਕੁਮਾਰ ਦਾ ਪਰਸ ਜਿਸ ਵਿੱਚ ਅਮਿਤ ਦਾ ਆਧਾਰ ਕਾਰਡ ਅਤੇ ਉਸਦੀ ਪਾਸਪੋਰਟ ਸਾਈਜ਼ ਫੋਟੋ ਵੀ ਬਰਾਮਦ ਹੋਈ ਹੈ।

ਉਨ੍ਹਾਂ ਦੱਸਿਆ ਕਿ ਮ੍ਰਿਤਕ ਅਮਿਤ ਕੁਮਾਰ ਅਤੇ ਦੋਵੇਂ ਮੁਲਜ਼ਮ ਹਰਪਾਲ ਸਿੰਘ ਅਤੇ ਕੁੰਦਨ ਸਿੰਘ ਦਾ ਪਿਛੋਕੜ ਅਪਰਾਧਿਕ ਹੈ। ਹਰਪਾਲ ਸਿੰਘ ਉਰਫ ਪਾਲ ਦੇ ਖਿਲਾਫ ਥਾਣਾ ਗੰਗੋ, ਜ਼ਿਲ੍ਹਾ ਸਹਾਰਨਪੁਰ ਵਿੱਚ ਸਾਲ 2015 ਵਿੱਚ ਆਬਕਾਰੀ ਐਕਟ ਅਤੇ 2008 ਵਿੱਚ ਧਾਰਾ 323, 427, 452, 504, 506 ਆਈ.ਪੀ.ਸੀ. ਤਹਿਤ ਥਾਣਾ ਨਕੌੜ ਜ਼ਿਲ੍ਹਾ ਸਹਾਰਨਪੁਰ ਵਿੱਚ ਮਾਮਲਾ ਦਰਜ ਹੈ। ਕੁੰਦਨ ਸਿੰਘ ਦੇ ਖਿਲਾਫ ਸਾਲ 2017 ਵਿੱਚ ਥਾਣਾ ਗੰਗੋ ਜ਼ਿਲ੍ਹਾ ਸਹਾਰਨਪੁਰ ਵਿੱਚ ਆਬਕਾਰੀ ਐਕਟ ਤਹਿਤ ਮਾਮਲਾ ਦਰਜ ਹੈ। ਇਸੇ ਤਰ੍ਹਾਂ ਮ੍ਰਿਤਕ ਅਮਿਤ ਕੁਮਾਰ ਖਿਲਾਫ ਸਾਲ 2015 ਵਿੱਚ ਅਸਲਾ ਐਕਟ ਤਹਿਤ ਥਾਣਾ ਰਾਮਬਲਾ, ਜ਼ਿਲ੍ਹਾ ਬਾਗਪੁਰ (ਉੱਤਰ ਪ੍ਰਦੇਸ਼) ਵਿਖੇ ਮਾਮਲਾ ਦਰਜ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਘਰੇਲੂ ਝਗੜੇ ਤੋਂ ਬਾਅਦ ਔਰਤ ਨੇ ਬਿਆਸ ਦਰਿਆ ‘ਚ ਮਾਰੀ ਛਾਲ: ਪੁਲਿਸ ਨੇ ਗੋਤਾਖੋਰਾਂ ਦੀ ਮਦਦ ਨਾਲ ਬਚਾਇਆ

ਲੁਧਿਆਣਾ ‘ਚ ਇਸ ਥਾਂ ਸੜਕ ‘ਚ ਪਈਆਂ ਤਰੇੜਾਂ: ਇਲਾਕੇ ਦੇ ਲੋਕ ਆਏ ਦਹਿਸ਼ਤ ‘ਚ