ਲੁਧਿਆਣਾ, 22 ਜੁਲਾਈ 2022 – ਪੰਜਾਬ ਦੇ ਸ਼ਹਿਰ ਲੁਧਿਆਣਾ ਵਿੱਚ ਸ਼ੁੱਕਰਵਾਰ ਦੇਰ ਰਾਤ ਸਤਲੁਜ ਦਰਿਆ ਦੇ ਨਜ਼ਦੀਕ ਇੱਕ ਪਿੰਡ ਵਿੱਚੋਂ ਇੱਕ ਬਿਲਡਿੰਗ ਮਟੀਰੀਅਲ ਵਪਾਰੀ ਦੀ ਲਾਸ਼ ਮਿਲੀ ਹੈ। ਕਾਰੋਬਾਰੀ ਦੀ ਕਾਰ ਵੀ ਇਸੇ ਪਿੰਡ ਵਿੱਚ ਹੀ ਜੀਪੀਐਸ ਟਰੈਕਿੰਗ ਰਾਹੀਂ ਮਿਲੀ ਸੀ। ਕਾਰ ਤੋਂ ਕੁਝ ਦੂਰੀ ‘ਤੇ ਝਾੜੀਆਂ ‘ਚ ਕਾਰੋਬਾਰੀ ਦੀ ਲਾਸ਼ ਖੂਨ ਨਾਲ ਲੱਥਪੱਥ ਪਈ ਸੀ। ਵਪਾਰੀ ਦਾ ਤੇਜ਼ਧਾਰ ਹਥਿਆਰ ਨਾਲ ਗਲਾ ਵੱਢ ਕੇ ਕਤਲ ਕੀਤਾ ਹੋਇਆ ਹੈ।
ਦੱਸਿਆ ਜਾ ਰਿਹਾ ਹੈ ਕਿ ਕਾਰੋਬਾਰੀ ਵੀਰਵਾਰ ਦੇਰ ਸ਼ਾਮ ਤੋਂ ਲਾਪਤਾ ਸੀ। ਉਸਦੇ ਲਾਪਤਾ ਹੋਣ ਦੀ ਸੂਚਨਾ ਉਸਦੇ ਪਰਿਵਾਰ ਵਾਲਿਆਂ ਨੇ ਪੁਲਿਸ ਨੂੰ ਦਿੱਤੀ ਸੀ। ਮਾਮਲਾ ਥਾਣਾ ਮੇਹਰਬਾਨ ਦੇ ਪਿੰਡ ਸਾਸਰਾਲੀ ਦਾ ਹੈ। ਮ੍ਰਿਤਕ ਦੀ ਪਛਾਣ ਬਲਕਾਰ ਸਿੰਘ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਕੁਝ ਮਹੀਨੇ ਪਹਿਲਾਂ ਵੀ ਬਲਕਾਰ ਸਿੰਘ ‘ਤੇ ਕੁਝ ਵਿਅਕਤੀਆਂ ਨੇ ਜਾਨਲੇਵਾ ਹਮਲਾ ਕੀਤਾ ਸੀ ਅਤੇ ਪੁਲੀਸ ਨੇ 307 ਤਹਿਤ ਕੇਸ ਦਰਜ ਕੀਤਾ ਸੀ।
ਦੂਜੇ ਪਾਸੇ ਅੱਜ ਜਦੋਂ ਬਲਕਾਰ ਘਰੋਂ ਲਾਪਤਾ ਹੋ ਗਿਆ ਤਾਂ ਪਰਿਵਾਰਕ ਮੈਂਬਰਾਂ ਵਿੱਚ ਚਿੰਤਾ ਛਾ ਗਈ। ਦੱਸਿਆ ਜਾ ਰਿਹਾ ਹੈ ਕਿ ਬਲਕਾਰ ਸ਼ਾਮ ਨੂੰ ਆਪਣੀ ਕਾਰ ਲੈ ਕੇ ਕਿਤੇ ਗਿਆ ਸੀ, ਪਰ ਵਾਪਸ ਨਹੀਂ ਆਇਆ। ਪੁਲੀਸ ਨੇ ਕਾਰ ਵਿੱਚ ਲੱਗੇ ਜੀਪੀਆਰਐਸ ਸਿਸਟਮ ਦੀ ਮਦਦ ਨਾਲ ਬਲਕਾਰ ਦੀ ਲੋਕੇਸ਼ਨ ਟਰੇਸ ਕੀਤੀ। ਜਦੋਂ ਪੁਲੀਸ ਸਤਲੁਜ ਨੇੜੇ ਪਿੰਡ ਰੋਡ ’ਤੇ ਪੁੱਜੀ ਤਾਂ ਬਲਕਾਰ ਦੀ ਕਾਰ ਉੱਥੇ ਖੜ੍ਹੀ ਮਿਲੀ।
ਥਾਣਾ ਮੇਹਰਬਾਨ ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਏਡੀਸੀਪੀ ਤੁਸ਼ਾਰ ਗੁਪਤਾ, ਏਸੀਪੀ ਗੁਰਦੇਵ ਸਿੰਘ ਅਤੇ ਥਾਣਾ ਮੇਹਰਬਾਨ ਦੇ ਐਸਐਚਓ ਮੌਕੇ ’ਤੇ ਪੁੱਜੇ। ਪੁਲਿਸ ਨੇ ਦੇਖਿਆ ਕਿ ਹਮਲਾਵਰਾਂ ਨੇ ਬੇਰਹਿਮੀ ਨਾਲ ਵਪਾਰੀ ਦੀ ਗਰਦਨ ‘ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤਾ। ਪੁਲਸ ਨੇ ਮੌਕੇ ‘ਤੇ ਫੋਰੈਂਸਿਕ ਟੀਮ ਨੂੰ ਬੁਲਾਇਆ। ਕਾਰੋਬਾਰੀ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ।
ਕਾਰ ਵੀ ਜ਼ਬਤ ਕਰ ਲਈ ਗਈ ਹੈ। ਪੁਲਿਸ ਇਲਾਕੇ ‘ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਵਪਾਰੀ ਦਾ ਕਤਲ ਕਰਨ ਵਾਲੇ ਕੌਣ ਹਨ। ਇਸ ਦੇ ਨਾਲ ਹੀ ਉਨ੍ਹਾਂ ਰਸਤਿਆਂ ‘ਤੇ ਲਗਾਏ ਗਏ ਸੇਫ ਸਿਟੀ ਕੈਮਰੇ ਅਤੇ ਹੋਰ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਨੁਸਾਰ ਮੁਲਜ਼ਮਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ। ਅਣਪਛਾਤੇ ਹਮਲਾਵਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਪਰਿਵਾਰ ਨੇ ਦੱਸਿਆ ਕਿ ਬਲਕਾਰ ‘ਤੇ 8 ਦਸੰਬਰ 2021 ਨੂੰ ਹਮਲਾ ਹੋਇਆ ਸੀ। ਉਸ ਸਮੇਂ ਬਲਕਾਰ ਦੁਕਾਨ ਬੰਦ ਕਰਕੇ ਘਰ ਜਾ ਰਿਹਾ ਸੀ। ਰਸਤੇ ‘ਚ 4 ਤੋਂ 5 ਨੌਜਵਾਨਾਂ ਨੇ ਉਸ ਨੂੰ ਘੇਰ ਲਿਆ ਅਤੇ ਕਾਰ ‘ਚ ਬੈਠੇ ਬਲਕਾਰ ਨੂੰ ਦਾਤਰਾਂ ਨਾਲ ਮਾਰਿਆ। ਉਸ ਸਮੇਂ ਮੁਲਜ਼ਮਾਂ ਨੇ ਗੱਡੀ ’ਚੋਂ 50 ਹਜ਼ਾਰ ਹੋਰ ਮੋਬਾਈਲ ਲੁੱਟ ਲਏ ਸਨ।