ਨਰਸਿੰਗ ਹੋਸਟਲ ‘ਚ ਤੇਜ਼ਧਾਰ ਹਥਿਆਰਾਂ ਨਾਲ ਨਰਸ ਦਾ ਕਤਲ: ਇਕ ਹੋਰ ਨਰਸ ਗੰਭੀਰ ਜ਼ਖਮੀ

ਜਲੰਧਰ, 25 ਅਗਸਤ 2022 – ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਪਰਲ ਆਈਜ਼ ਐਂਡ ਮੈਟਰਨਿਟੀ ਹੋਮ ਦੇ ਨਰਸਿੰਗ ਹੋਸਟਲ ਵਿੱਚ ਅਣਪਛਾਤੇ ਹਮਲਾਵਰਾਂ ਨੇ ਦੋ ਨਰਸਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ‘ਚ ਇਕ ਨਰਸ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਦੂਜੀ ਨਰਸ ਗੰਭੀਰ ਰੂਪ ‘ਚ ਜ਼ਖਮੀ ਹੋ ਗਈ। ਜ਼ਖ਼ਮੀ ਨਰਸ ਨੂੰ ਨਿੱਜੀ ਘਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ ਜਿੱਥੇ ਡਾਕਟਰਾਂ ਨੇ ਨਰਸ ਦੀ ਹਾਲਤ ਚਿੰਤਾਜਨਕ ਦੱਸੀ ਹੈ।

ਇਹ ਘਟਨਾ ਜਲੰਧਰ ਦੇ ਸੰਘਾ ਚੌਕ ‘ਚ ਵਾਪਰੀ ਅਤੇ ਇਹ ਘਟਨਾ ਰਾਤ ਕਰੀਬ 2 ਵਜੇ ਦੀ ਦੱਸੀ ਜਾ ਰਹੀ ਹੈ। ਮਾਰੀ ਗਈ ਨਰਸ ਦੀ ਪਛਾਣ ਬਲਵਿੰਦਰ ਕੌਰ ਵਾਸੀ ਬਿਆਸ ਜ਼ਿਲ੍ਹਾ ਅੰਮ੍ਰਿਤਸਰ ਵਜੋਂ ਹੋਈ ਹੈ, ਜਦਕਿ ਜ਼ਖ਼ਮੀ ਨਰਸ ਦੀ ਪਛਾਣ ਜੋਤੀ ਵਜੋਂ ਹੋਈ ਹੈ। ਜੋਤੀ ਫਗਵਾੜਾ ਦੀ ਰਹਿਣ ਵਾਲੀ ਹੈ। ਦੋਵਾਂ ‘ਤੇ ਹਮਲਾ ਦੇਰ ਰਾਤ ਹੋਸਟਲ ਦੀ ਛੱਤ ‘ਤੇ ਹੋਇਆ।

ਕਤਲ ਦੀ ਸੂਚਨਾ ਮਿਲਦੇ ਹੀ ਹਸਪਤਾਲ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਸਟਾਫ ਤੁਰੰਤ ਹੋਸਟਲ ਦੀ ਛੱਤ ਵੱਲ ਭੱਜਿਆ। ਉਥੇ ਜਾ ਕੇ ਦੇਖਿਆ ਤਾਂ ਬਲਵਿੰਦਰ ਅਤੇ ਜੋਤੀ ਖੂਨ ਨਾਲ ਲੱਥਪੱਥ ਪਈਆਂ ਸਨ। ਸਟਾਫ਼ ਨੇ ਜਾਂਚ ਕੀਤੀ ਤਾਂ ਬਲਵਿੰਦਰ ਦੀ ਮੌਤ ਹੋ ਚੁੱਕੀ ਸੀ ਜਦਕਿ ਬੇਹੋਸ਼ ਜੋਤੀ ਸਾਹ ਲੈ ਰਹੀ ਸੀ।

ਸਟਾਫ ਨੇ ਤੁਰੰਤ ਆਪਣੇ ਹਸਪਤਾਲ ‘ਚ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਉਸ ਨੂੰ ਲਿੰਕ ਰੋਡ ‘ਤੇ ਸਥਿਤ ਇਕ ਹੋਰ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ। ਜੋਤੀ ਦੇ ਸਰੀਰ ‘ਤੇ ਤੇਜ਼ਧਾਰ ਹਥਿਆਰਾਂ ਦੇ ਕਈ ਜ਼ਖਮ ਵੀ ਹਨ ਅਤੇ ਖੂਨ ਵੀ ਕਾਫੀ ਵਹਿ ਚੁੱਕਾ ਸੀ। ਹਸਪਤਾਲ ਵਿੱਚ ਜੋਤੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਕਤਲ ਦੀ ਸੂਚਨਾ ਮਿਲਦੇ ਹੀ ਥਾਣਾ ਡਿਵੀਜ਼ਨ ਨੰਬਰ 6 ਦੀ ਪੁਲੀਸ ਵੀ ਮੌਕੇ ’ਤੇ ਪੁੱਜ ਗਈ ਹੈ। ਪੁਲਿਸ ਨੂੰ ਮੌਕੇ ਤੋਂ ਤੇਜ਼ਧਾਰ ਹਥਿਆਰ ਦਾ ਟੁੱਟਿਆ ਹੋਇਆ ਟੁਕੜਾ ਮਿਲਿਆ ਹੈ। ਪੁਲਿਸ ਨੇ ਹਸਪਤਾਲ ਦੇ ਅੰਦਰ ਅਤੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਕਬਜ਼ੇ ਵਿੱਚ ਲੈ ਲਈ ਹੈ। ਪੁਲਿਸ ਨੂੰ ਸ਼ੱਕ ਹੈ ਕਿ ਕਾਤਲ ਹਸਪਤਾਲ ਦੇ ਰਸਤੇ ਨਰਸਿੰਗ ਹੋਸਟਲ ਨਹੀਂ ਆਏ ਸਗੋਂ ਛੱਤ ਰਾਹੀਂ ਨਰਸਾਂ ਤੱਕ ਪਹੁੰਚੇ। ਕਤਲ ਕਰਨ ਤੋਂ ਬਾਅਦ ਉਹ ਵੀ ਉਸੇ ਰਸਤੇ ਵਾਪਸ ਪਰਤ ਗਏ।

ਹਸਪਤਾਲ ਵਿੱਚ ਕੰਮ ਕਰ ਰਹੀ ਨਰਸ ਨੇ ਦੱਸਿਆ ਕਿ ਜੋਤੀ ਦੀ ਪਿਛਲੇ ਦਿਨੀਂ ਤਬੀਅਤ ਠੀਕ ਨਹੀਂ ਸੀ ਜਿਸ ਕਰਕੇ ਉਹ ਕੰਮ ਲਈ ਹਸਪਤਾਲ ਨਹੀਂ ਆਈ। ਬੀਤੀ ਰਾਤ ਕਰੀਬ 2 ਵਜੇ ਜਦੋਂ ਇੱਕ ਹੋਰ ਨਰਸ ਉੱਪਰ ਗਈ ਤਾਂ ਉਸ ਦੇ ਹੋਸ਼ ਉੱਡ ਗਏ। ਜੋਤੀ ਅਤੇ ਬਲਜਿੰਦਰ ਦੋਵੇਂ ਖੂਨ ਨਾਲ ਲੱਥਪੱਥ ਪਈਆਂ ਸਨ। ਹਸਪਤਾਲ ਦੇ ਸਟਾਫ਼ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

Public Toilet ‘ਚ ਮੰਦਬੁੱਧੀ ਲੜਕੀ ਨਾਲ ਗੈਂਗਰੇਪ

PM ਸੁਰੱਖਿਆ ‘ਚ ਪੰਜਾਬ ਪੁਲਿਸ ਦੀ ਲਾਪਰਵਾਹੀ: 2 ਘੰਟੇ ਪਹਿਲਾਂ ਕਹਿਣ ‘ਤੇ ਵੀ ਰੂਟ ਨਹੀਂ ਕੀਤਾ ਕਲੀਅਰ; SC ਨੇ ਕੇਂਦਰ ਨੂੰ ਰਿਪੋਰਟ ਸੌਂਪੀ