ਫਤਹਿਗੜ੍ਹ ਚੂੜੀਆਂ, 19 ਫਰਵਰੀ 2022 – ਪੰਜਾਬ ਵਿਧਾਨ ਸਭਾ ਚੋਣਾਂ ਲਈ 18 ਫਰਵਰੀ 2022 ਨੂੰ ਸ਼ਾਮ 6 ਵਜੇ ਤੋਂ ਬਾਅਦ ਚੋਣ ਪ੍ਰਚਾਰ ਬੰਦ ਹੋ ਗਿਆ ਹੈ। ਪਰ ਚੋਣ ਪ੍ਰਚਾਰ ਬੰਦ ਹੁੰਦੇ ਹੀ ਫਤਿਹਗੜ੍ਹ ਚੂੜੀਆਂ ਵਿਖੇ ਵੋਟਾਂ ਪੈਣ ਤੋਂ ਇੱਕ ਦਿਨ ਪਹਿਲਾਂ ਚੋਣ ਰੰਜਿਸ਼ ਵਿੱਚ ਕਤਲ ਦੀ ਘਟਨਾ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਫਹਿਤਗੜ੍ਹ ਚੂੜੀਆਂ ਦੇ ਪਿੰਡ ਸੀੜਾ ‘ਚ ਅਕਾਲੀਆਂ ਅਤੇ ਕਾਂਗਰਸੀਆਂ ਵਿਚਾਲੇ ਖ਼ੂਨੀ ਝੜਪ ਹੋ ਗਈ। ਜਿਸ ‘ਚ ਇੱਕ ਅਕਾਲੀ ਵਰਕਰ ਦਾ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਅਕਾਲੀ ਲੀਡਰ ਦੀ ਪਛਾਣ ਕਰਨਵੀਰ ਸਿੰਘ 32 ਸਾਲਾ ਵਜੋਂ ਹੋਈ ਹੈ।
ਮਾਮਲਾ ਅਕਾਲੀ ਦਲ ਦੇ ਉਮੀਦਵਾਰ ਲਖਬੀਰ ਸਿੰਘ ਲੋਧੀਨੰਗਲ ਦੇ ਰੋਡ ਸ਼ੋਅ ਤੋਂ ਸ਼ੁਰੂ ਹੋਇਆ। ਇਸ ਦੌਰਾਨ ਅਕਾਲੀ-ਕਾਂਗਰਸੀ ਸਮਰਥਕਾਂ ਵਿਚਾਲੇ ਬਹਿਸ ਹੋ ਗਈ। ਕਾਂਗਰਸੀ ਸਮਰਥਕਾਂ ਨੇ ਕਰਮਜੀਤ ‘ਤੇ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ। ਕਰਮਜੀਤ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਬਟਾਲਾ ਪੁਲੀਸ ਅਨੁਸਾਰ ਚੋਣ ਪ੍ਰਚਾਰ ਦੇ ਆਖਰੀ ਦਿਨ ਬਟਾਲਾ ਦੇ ਫਤਿਹਗੜ੍ਹ ਚੂੜੀਆਂ ਵਿੱਚ ਅਕਾਲੀ ਦਲ ਦੇ ਉਮੀਦਵਾਰ ਲਖਬੀਰ ਸਿੰਘ ਲੋਧੀਨੰਗਲ ਦੀ ਤਰਫੋਂ ਰੋਡ ਸ਼ੋਅ ਕੱਢਿਆ ਗਿਆ।
ਰੋਡ ਸ਼ੋਅ ਦੌਰਾਨ ਕਾਂਗਰਸੀ-ਅਕਾਲੀ ਸਮਰਥਕਾਂ ਵਿਚਾਲੇ ਬਹਿਸ ਵੀ ਹੋਈ। ਬਟਾਲਾ ਦੇ ਦੋ ਸਰਪੰਚਾਂ ਤਜਿੰਦਰਪਾਲ ਸਿੰਘ ਅਤੇ ਜਸਵੰਤ ਸਿੰਘ ਨੇ ਅਕਾਲੀ ਸਮਰਥਕ ਕਰਮਜੀਤ ਸਿੰਘ ‘ਤੇ ਹਮਲਾ ਕਰ ਦਿੱਤਾ। ਮੁਲਜ਼ਮਾਂ ਨੇ ਕਰਮਜੀਤ ਸਿੰਘ ਦੇ ਸਿਰ ’ਤੇ ਬੇਸਬਾਲ ਨਾਲ ਹਮਲਾ ਕਰ ਦਿੱਤਾ। ਫਿਲਹਾਲ ਪੁਲਸ ਨੇ ਦੋਵਾਂ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਦੇ ਪਿਤਾ ਗੁਰਵੰਤ ਸਿੰਘ ਨੇ ਕਿਹਾ ਕਿ ਅਸੀਂ ਆਪਣੀ ਪਾਰਟੀ ਲਈ ਵੋਟਾਂ ਮੰਗ ਰਹੇ ਸੀ। ਜਤਿੰਦਰਪਾਲ ਸਿੰਘ, ਬਲਵਿੰਦਰ ਸਿੰਘ, ਤਜਿੰਦਰਪਾਲ ਸਿੰਘ ਮੁਖਤਿਆਰ ਸਿੰਘ, ਗੁਰਵਿੰਦਰ ਸਿੰਘ, ਜਸਵੰਤ ਸਿੰਘ ਅਤੇ ਕੁਝ ਵਿਅਕਤੀ ਸਾਡੇ ਕੋਲ ਆਏ ਅਤੇ ਧਮਕੀਆਂ ਦੇਣ ਲੱਗੇ। ਉਨ੍ਹਾਂ ਨੇ ਮੇਰੇ ਬੇਟੇ ‘ਤੇ ਬੇਸਬਾਲ ਨਾਲ ਹਮਲਾ ਕੀਤਾ। ਜ਼ਮੀਨ ‘ਤੇ ਡਿੱਗਣ ਅਤੇ ਬੇਹੋਸ਼ ਹੋਣ ਤੋਂ ਬਾਅਦ ਵੀ ਉਹ ਉਸ ਨੂੰ ਕੁੱਟਦੇ ਰਹੇ। ਮੁਲਜ਼ਮਾਂ ਨਾਲ ਸਾਡੀ ਕੋਈ ਦੁਸ਼ਮਣੀ ਨਹੀਂ ਸੀ। ਉਨ੍ਹਾਂ ਨੇ ਮੇਰੇ ਪੁੱਤਰ ਨੂੰ ਵੋਟਾਂ ਲਈ ਮਾਰ ਦਿੱਤਾ।