ਲੁਧਿਆਣਾ, 4 ਅਪ੍ਰੈਲ, 2022: ਲੁਧਿਆਣਾ ਦੇ ਥਾਣਾ ਟਿੱਬਾ ਦੇ ਘੇਰੇ ਅੰਦਰ ਪੈਂਦੇ ਇਲਾਕੇ ਸਵਤੰਤਰ ਨਗਰ ਵਿਚ ਬੀਤੀ 3 ਅਪ੍ਰੈਲ ਦੀ ਸ਼ਾਮ ਨੂੰ ਅਕਾਲੀ ਵਰਕਰਾਂ ਵਲੋਂ ਇਕ ਕਾਂਗਰਸੀ ਆਗੂ ਦਾ ਬੜੀ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਸ਼ਨਾਖਤ ਮੰਗਤ ਰਾਮ ਉਰਫ ਮੰਗਾਂ ਵਜੋਂ ਕੀਤੀ ਹੈ। ਉਸ ਦੀ ਉਮਰ 58 ਸਾਲ ਦੇ ਕਰੀਬ ਸੀ। ਵਾਰਡ ਨੰਬਰ 12 ਦਾ ਕਾਂਗਰਸ ਪਾਰਟੀ ਦਾ ਪ੍ਰਧਾਨ ਸੀ। ਪੁਲਿਸ ਵਲੋਂ ਇਸ ਮਾਮਲੇ ਵਿਚ ਅਕਾਲੀ ਵਰਕਰਾਂ ਨੂੰ ਨਾਮਜ਼ਦ ਕੀਤਾ ਹੈ ।
ਮਿਲੀ ਜਾਣਕਾਰੀ ਅਨੁਸਾਰ ਆਪਸੀ ਰੰਜਿਸ਼ ਦੇ ਚੱਲਦਿਆਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਮ੍ਰਿਤਕ ਦੇ ਪਰਿਵਾਰ ਦਾ ਹਾਲ ਜਾਨਣ ਲਈ ਕਾਂਗਰਸ ਦੇ ਸਾਬਕਾ ਵਿਧਾਇਕ ਰਹੇ ਸੰਜੇ ਤਲਵਾਰ ਵੀ ਉਨ੍ਹਾਂ ਦੇ ਘਰ ਪਹੁੰਚੇ ਅਤੇ ਕਿਹਾ ਕਿ ਇਸ ਪੂਰੇ ਮਾਮਲੇ ਵਿੱਚ ਪੀੜਤ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਚੋਣਾਂ ਖ਼ਤਮ ਹੋ ਚੁੱਕੀਆਂ ਨੇ ਅਤੇ ਨਤੀਜੇ ਆ ਚੁੱਕੇ ਨੇ ਪਰ ਇਸ ਦੇ ਬਾਵਜੂਦ ਅਜਿਹੀ ਸਿਆਸੀ ਰੰਜਿਸ਼ ਠੀਕ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਜਿੰਨਾ ਚਿਰ ਉਹ ਇਲਾਕੇ ਦੇ ਵਿਧਾਇਕ ਰਹੇ, ਉਨ੍ਹਾਂ ਨੇ ਅਜਿਹੀ ਸਿਆਸਤ ਨਹੀਂ ਹੋਣ ਦਿੱਤੀ। ਸੰਜੇ ਤਲਵਾੜ ਨੇ ਮੰਗ ਕੀਤੀ ਕਿ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।
ਦੂਜੇ ਪਾਸੇ ਮੌਕੇ ’ਤੇ ਮੌਜੂਦ ਐੱਸ ਐੱਚ ਓ ਨੇ ਕਿਹਾ ਕਿ ਮਾਮਲਾ ਆਪਸੀ ਰੰਜਿਸ਼ ਦਾ ਹੈ ਅਤੇ ਦੋ ਧਿਰਾਂ ਵਿੱਚ ਲੜਾਈ ਹੋਈ ਹੈ ਅਤੇ ਇਕ ਧਿਰ ਵੱਲੋਂ ਦੂਜੀ ਧਿਰ ਦਾ ਕਤਲ ਕਰ ਦਿੱਤਾ ਗਿਆ ਹੈ, ਉਨ੍ਹਾਂ ਕਿਹਾ ਕਿ ਪੂਰਾ ਮਾਮਲਾ ਮੰਦਿਰ ਦੀ ਪ੍ਰਧਾਨਗੀ ਨੂੰ ਲੈ ਕੇ ਹੋਇਆ ਹੈ। ਇਕ ਧਿਰ ਕਾਂਗਰਸ ਤੋਂ ਜਦੋਂ ਕਿ ਦੂਜੀ ਧਿਰ ਅਕਾਲੀ ਦਲ ਨਾਲ ਸਬੰਧਿਤ ਹੈ। ਉਹਨਾਂ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜੋ ਵੀ ਕਾਨੂੰਨ ਮੁਤਾਬਕ ਕਾਰਵਾਈ ਹੋਵੇਗੀ ਉਹ ਅਮਲ ‘ਚ ਲਿਆਂਦੀ ਜਾਵੇਗੀ।