ਬਟਾਲਾ, 11 ਅਗਸਤ 2023 – ਬਟਾਲਾ ਦੇ ਪਿੰਡ ਮੀਕਾ ‘ਚ ਸ਼ੁੱਕਰਵਾਰ ਸਵੇਰੇ ਪਤੀ-ਪਤਨੀ ਦਾ ਕਤਲ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੋਵਾਂ ਦੀਆਂ ਲਾਸ਼ਾਂ ਘਰ ‘ਚੋਂ ਬਰਾਮਦ ਹੋਈਆਂ ਹਨ। ਕਤਲ ਦੀ ਸੂਚਨਾ ਮਿਲਦੇ ਹੀ ਪਿੰਡ ‘ਚ ਸਨਸਨੀ ਫੈਲ ਗਈ। ਪਿੰਡ ਵਾਸੀਆਂ ਨੇ ਇਸ ਦੀ ਸੂਚਨਾ ਪੁਲੀਸ ਨੂੰ ਦਿੱਤੀ। ਫਿਲਹਾਲ ਦੋਵਾਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
ਮ੍ਰਿਤਕ ਦੇ ਭਤੀਜੇ ਜ਼ੋਰਾਵਰ ਸਿੰਘ ਨੇ ਦੱਸਿਆ ਕਿ ਉਸ ਦਾ ਚਾਚਾ ਲਸ਼ਕਰ ਸਿੰਘ (50) ਅਤੇ ਉਸ ਦੀ ਪਤਨੀ ਅਮਰੀਕ ਕੌਰ (45) ਆਪਣੇ ਘਰ ‘ਚ ਇਕੱਲੇ ਰਹਿੰਦੇ ਸਨ। ਉਨ੍ਹਾਂ ਦਾ ਪੁੱਤ ਦੁਬਈ ਵਿੱਚ ਰਹਿੰਦਾ ਹੈ। ਲਸ਼ਕਰ ਸਿੰਘ ਸਾਬਕਾ ਫੌਜੀ ਸਨ। ਉਸ ਦਾ ਲੜਕਾ ਪਿਛਲੇ ਕੁਝ ਦਿਨਾਂ ਤੋਂ ਦੁਬਈ ਤੋਂ ਫੋਨ ਕਰ ਰਿਹਾ ਸੀ ਪਰ ਉਹ ਫੋਨ ਨਹੀਂ ਚੁੱਕ ਰਹੇ ਸੀ। ਜਿਸ ਤੋਂ ਬਾਅਦ ਉਸ ਨੂੰ ਉਸ ਦੇ ਭਰਾ ਦਾ ਫੋਨ ਆਇਆ।
ਜਦੋਂ ਉਹ ਘਰ ਪਹੁੰਚਿਆ ਤਾਂ ਘਰ ਨੂੰ ਬਾਹਰੋਂ ਤਾਲਾ ਲੱਗਿਆ ਹੋਇਆ ਸੀ। ਪਹਿਲਾਂ ਤਾਂ ਉਸ ਨੇ ਸੋਚਿਆ ਕਿ ਦੋਵੇਂ ਬਾਹਰ ਗਏ ਹੋਣਗੇ। ਇਸ ਤੋਂ ਬਾਅਦ ਜਦੋਂ ਉਸ ਨੂੰ ਸ਼ੱਕ ਹੋਇਆ ਤਾਂ ਉਹ ਘਰ ਦੇ ਅੰਦਰ ਵੜ ਗਿਆ। ਉਥੇ ਉਸ ਦੇ ਚਾਚਾ ਲਸ਼ਕਰ ਸਿੰਘ ਅਤੇ ਚਾਚੀ ਅਮਰੀਕ ਕੌਰ ਦੀਆਂ ਲਾਸ਼ਾਂ ਪਈਆਂ ਸਨ।
ਮੌਕੇ ‘ਤੇ ਪਹੁੰਚੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਤਲ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ ਅਤੇ ਉਨ੍ਹਾਂ ਦੇ ਭਤੀਜੇ ਜ਼ੋਰਾਵਰ ਸਿੰਘ ਦੇ ਬਿਆਨ ਦਰਜ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।