ਕਪੂਰਥਲਾ, 23 ਜੁਲਾਈ 2024 – ਅਮਰੀਕਾ ਦੇ ਮਿਸੀਸਿਪੀ ਵਿੱਚ ਇੱਕ ਅਣਪਛਾਤੇ ਕਾਰ ਚਾਲਕ ਵੱਲੋਂ ਕੀਤੀ ਅੰਨ੍ਹੇਵਾਹ ਗੋਲੀਬਾਰੀ ਵਿੱਚ ਕਪੂਰਥਲਾ ਦੇ ਬੇਗੋਵਾਲ ਵਾਸੀ ਇੱਕ ਵਿਅਕਤੀ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਇਕ ਦੁਕਾਨ ਦੇ ਬਾਹਰ ਕੰਮ ਕਰਦੇ ਸਮੇਂ ਵਾਪਰੀ। ਜਿਸ ‘ਚ ਕਪੂਰਥਲਾ ਦੇ ਇਕ ਵਿਅਕਤੀ ਸਮੇਤ 2 ਲੋਕਾਂ ਦੀ ਮੌਤ ਹੋ ਗਈ, ਜਦਕਿ 3 ਲੋਕ ਜ਼ਖਮੀ ਵੀ ਹੋ ਗਏ। ਮ੍ਰਿਤਕ ਵਿਅਕਤੀ ਦੀ ਪਛਾਣ ਜਸਵੀਰ ਸਿੰਘ ਵਾਸੀ ਬੇਗੋਵਾਲ ਵਜੋਂ ਹੋਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹਾ ਕਪੂਰਥਲਾ ਦੇ ਕਸਬਾ ਬੇਗੋਵਾਲ ਦਾ ਰਹਿਣ ਵਾਲਾ ਜਸਵੀਰ ਸਿੰਘ ਅਮਰੀਕਾ ਦੇ ਮਿਸੀਸਿਪੀ ਵਿੱਚ ਇੱਕ ਸਟੋਰ ’ਤੇ ਕੰਮ ਕਰਦਾ ਸੀ। ਜਸਵੀਰ ਸਿੰਘ ਦੇ ਪਿਤਾ ਵੱਸਣ ਸਿੰਘ ਨੇ ਦੱਸਿਆ ਕਿ ਉਸ ਦਾ 33 ਸਾਲਾ ਪੁੱਤਰ ਜਸਵੀਰ ਸਿੰਘ ਇੱਕ ਸਾਲ ਪਹਿਲਾਂ ਚੰਗੇ ਭਵਿੱਖ ਦੀ ਭਾਲ ਵਿੱਚ 40 ਲੱਖ ਰੁਪਏ ਦਾ ਕਰਜ਼ਾ ਲੈ ਕੇ ਅਮਰੀਕਾ ਗਿਆ ਸੀ। ਉਸ ਦੇ 2 ਬੱਚੇ (ਇੱਕ ਕੁੜੀ ਅਤੇ ਇੱਕ ਲੜਕਾ) ਹਨ। ਉਸ ਦਾ ਭਰਾ ਵੀ ਆਪਣੇ ਪਰਿਵਾਰ ਨਾਲ ਬਾਹਰ ਰਹਿੰਦਾ ਹੈ।
ਵੱਸਣ ਸਿੰਘ ਨੇ ਇਹ ਵੀ ਦੱਸਿਆ ਕਿ ਹਾਲ ਹੀ ਵਿੱਚ ਜਸਵੀਰ ਸਿੰਘ ਇੱਕ ਦੁਕਾਨ ਦੇ ਬਾਹਰ ਕੰਮ ਕਰ ਰਿਹਾ ਸੀ। ਉਦੋਂ ਕਾਰ ‘ਚ ਸਵਾਰ ਕੁਝ ਅਣਪਛਾਤੇ ਲੋਕਾਂ ਨੇ ਉਸ ‘ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਜਸਵੀਰ ਸਿੰਘ ਅਤੇ ਉਥੇ ਮੌਜੂਦ ਇੱਕ ਹੋਰ ਵਿਅਕਤੀ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਜਦਕਿ ਤਿੰਨ ਹੋਰ ਲੋਕ ਜ਼ਖਮੀ ਦੱਸੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਇਸ ਹਮਲੇ ਦੇ ਪਿੱਛੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਕਿ ਇਸ ਘਟਨਾ ਨੂੰ ਅੰਜਾਮ ਕਿਉਂ ਦਿੱਤਾ ਗਿਆ। ਮ੍ਰਿਤਕ ਜਸਵੀਰ ਸਿੰਘ ਦੇ ਪਿਤਾ ਵੱਸਣ ਸਿੰਘ ਨੇ ਮੰਗ ਕੀਤੀ ਹੈ ਕਿ ਉਸ ਦੇ ਪੁੱਤਰ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਂਦਾ ਜਾਵੇ, ਤਾਂ ਜੋ ਉਸ ਦੇ ਬੱਚੇ ਆਪਣੇ ਪਿਤਾ ਨੂੰ ਆਖਰੀ ਵਾਰ ਦੇਖ ਸਕਣ।
ਇਸ ਘਟਨਾ ਬਾਰੇ ਜੈਕਸਨ ਸਿਟੀ, ਮਿਸੀਸਿਪੀ ਦੇ ਪੁਲਿਸ ਮੁਖੀ ਜੋਸੇਫ ਵੇਡ ਨੇ ਸੋਸ਼ਲ ਮੀਡੀਆ ‘ਤੇ ਕਿਹਾ ਕਿ ਇਸ ਘਟਨਾ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਜ਼ਖਮੀ ਹੋਏ ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਉਸ ਨੇ ਇਹ ਵੀ ਦੱਸਿਆ ਕਿ ਹਮਲਾਵਰ ਕਾਲੇ ਰੰਗ ਦੀ ਹੌਂਡਾ ਕਾਰ ਵਿੱਚ ਆਏ ਸਨ। ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।