- ਪਤੀ ‘ਤੇ ਵਿਦੇਸ਼ ਤੋਂ ਸੁਪਾਰੀ ਦੇ ਕੇ ਸੱਸ ਤੇ ਪਤਨੀ ਨੂੰ ਕਤਲ ਕਰਵਾਉਣ ਦੇ ਦੋਸ਼
ਜਲੰਧਰ, 17 ਅਕਤੂਬਰ 2023 – ਜਲੰਧਰ ‘ਚ ਦੋ ਬਾਈਕ ਸਵਾਰ ਨੌਜਵਾਨਾਂ ਨੇ ਮਾਂ-ਧੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਸ ਤੋਂ ਬਾਅਦ ਪੈਟਰੋਲ ਛਿੜਕ ਕੇ ਲਾਸ਼ਾਂ ਨੂੰ ਸਾੜ ਦਿੱਤਾ ਗਿਆ। ਪਰਿਵਾਰ ਨੇ ਇਸ ਦਾ ਦੋਸ਼ ਅਮਰੀਕਾ ‘ਚ ਰਹਿਣ ਵਾਲੇ ਜਵਾਈ ‘ਤੇ ਲਗਾਇਆ ਹੈ। ਜਲੰਧਰ ਦੇਹਾਤ ਦੇ ਐਸਐਸਪੀ ਮੁਖਵਿੰਦਰ ਸਿੰਘ ਭੁੱਲਰ ਅਤੇ ਉਨ੍ਹਾਂ ਦੀ ਟੀਮ ਜਾਂਚ ਲਈ ਮੌਕੇ ‘ਤੇ ਪਹੁੰਚੀ। ਮ੍ਰਿਤਕਾਂ ਦੀ ਪਛਾਣ ਰਣਜੀਤ ਕੌਰ (ਮਾਂ) ਅਤੇ ਪ੍ਰੀਤੀ (ਧੀ) ਵਾਸੀ ਅਮਰ ਨਗਰ ਵਜੋਂ ਹੋਈ ਹੈ।
ਪੁਲੀਸ ਨੇ ਮ੍ਰਿਤਕ ਦੇ ਪਿਤਾ ਜਗਤਾਰ ਦੇ ਬਿਆਨਾਂ ਦੇ ਆਧਾਰ ’ਤੇ ਕਤਲ ਦਾ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਘਟਨਾ ਮੰਗਲਵਾਰ ਨੂੰ ਅਮਰ ਨਗਰ ਦੀ ਹੈ। ਇੱਥੇ ਸਵੇਰੇ ਦੋ ਨੌਜਵਾਨਾਂ ਨੇ ਘਰ ਵਿੱਚ ਦਾਖਲ ਹੋ ਕੇ ਮਾਂ ਅਤੇ ਉਸ ਦੀ ਧੀ ਨੂੰ ਗੋਲੀ ਮਾਰ ਦਿੱਤੀ। ਦੋਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪਰਿਵਾਰ ਮੁਤਾਬਕ ਪ੍ਰੀਤੀ ਦਾ ਵਿਆਹ ਕਰੀਬ 4 ਸਾਲ ਪਹਿਲਾਂ ਹੋਇਆ ਸੀ। ਜਿਸ ਤੋਂ ਬਾਅਦ ਪ੍ਰੀਤੀ ਅਤੇ ਉਸਦੇ ਪਤੀ ਵਿਚਕਾਰ ਝਗੜਾ ਚੱਲ ਰਿਹਾ ਸੀ। ਦੋਵਾਂ ਦਾ ਇੱਕ ਬੱਚਾ ਵੀ ਹੈ।
ਜਗਤਾਰ ਦਾ ਦੋਸ਼ ਹੈ ਕਿ ਮੁਲਜ਼ਮਾਂ ਨੇ ਜਾਣ ਤੋਂ ਪਹਿਲਾਂ ਉਸ ਦੀ ਪਤਨੀ ਦੀ ਲਾਸ਼ ਨੂੰ ਅੱਗ ਲਾ ਕੇ ਸਾੜਨ ਦੀ ਕੋਸ਼ਿਸ਼ ਵੀ ਕੀਤੀ। ਉਸ ਨੇ ਇਹ ਵੀ ਦੋਸ਼ ਲਾਇਆ ਹੈ ਕਿ ਇਹ ਹਮਲਾ ਉਸ ਦੇ ਅਮਰੀਕਾ ਰਹਿੰਦੇ ਜਵਾਈ ਨੇ ਕੀਤਾ ਹੈ। ਜਿਸ ਕਾਰਨ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ। ਫਿਲਹਾਲ ਪੁਲਿਸ ਨੇ ਇਲਾਕੇ ਦੇ ਸੀਸੀਟੀਵੀ ਕੈਮਰੇ ਆਪਣੇ ਕਬਜ਼ੇ ਵਿੱਚ ਲੈ ਲਏ ਹਨ। ਜਿਸ ਕਾਰਨ ਬਾਈਕ ਸਵਾਰ ਨੌਜਵਾਨਾਂ ਦੀ ਪਛਾਣ ਕੀਤੀ ਜਾ ਰਹੀ ਹੈ।