- ਪੁਲਿਸ ਜਲਦ ਕਰੇਗੀ ਖੁਲਾਸਾ
ਲੁਧਿਆਣਾ, 10 ਜੂਨ 2024 – ਲੁਧਿਆਣਾ ‘ਚ ਦੇਰ ਰਾਤ ਦੁੱਗਰੀ ਇਲਾਕੇ ‘ਚ ਮਾਂ-ਪੁੱਤ ਦੀਆਂ ਖੂਨ ਨਾਲ ਲੱਥਪੱਥ ਲਾਸ਼ਾਂ ਮਿਲਣ ਤੋਂ ਬਾਅਦ ਇਲਾਕੇ ‘ਚ ਹਫੜਾ-ਦਫੜੀ ਮਚ ਗਈ। ਇਲਾਕੇ ਦੇ ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਪੁਲੀਸ ਨੇ ਮ੍ਰਿਤਕ ਪੁਸ਼ਪਾ (55) ਅਤੇ ਪ੍ਰਦੀਪ (20) ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਮੋਰਚਰੀ ਵਿੱਚ ਰਖਵਾ ਦਿੱਤਾ ਹੈ।
ਜਾਂਚ ਦੌਰਾਨ ਸਾਹਮਣੇ ਆਇਆ ਕਿ ਧੀ ਦੇ ਮੰਗੇਤਰ ਨੇ ਚਾਕੂ ਨਾਲ ਹਮਲਾ ਕਰਕੇ ਮਾਂ-ਪੁੱਤ ਦਾ ਕਤਲ ਕਰ ਦਿੱਤਾ ਹੈ। ਪੁਲੀਸ ਨੇ ਮੁਲਜ਼ਮ ਅਮਰਦੀਪ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹਾਲਾਂਕਿ ਪੁਲਿਸ ਨੇ ਅਜੇ ਤੱਕ ਇਸ ਮਾਮਲੇ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਹੈ। ਪੁਲਿਸ ਜਲਦੀ ਹੀ ਇਸ ਦੋਹਰੇ ਕਤਲ ਦੀ ਜਾਣਕਾਰੀ ਸਾਂਝੀ ਕਰੇਗੀ।
ਜਾਣਕਾਰੀ ਮੁਤਾਬਕ ਪੁਸ਼ਪਾ ਆਪਣੇ ਬੇਟੇ ਅਤੇ ਬੇਟੀ ਨਾਲ ਫੁੱਟਪਾਥ ਦੇ ਹੇਠਾਂ ਰਹਿੰਦੀ ਸੀ। ਉੱਥੇ ਉਹ ਸਾਮਾਨ ਅਤੇ ਖਿਡੌਣੇ ਵੇਚਦੀ ਸੀ। ਕੁਝ ਮਹੀਨੇ ਪਹਿਲਾਂ ਉਸ ਨੇ ਆਪਣੀ ਲੜਕੀ ਦੀ ਅਮਰਜੀਤ ਨਾਲ ਮੰਗਣੀ ਕਰਵਾਈ ਸੀ। ਮੰਗਣੀ ਤੋਂ ਕੁਝ ਸਮੇਂ ਬਾਅਦ ਹੀ ਅਮਰਦੀਪ ਦਾ ਪੁਸ਼ਪਾ ਅਤੇ ਪ੍ਰਦੀਪ ਨਾਲ ਝਗੜਾ ਹੋ ਗਿਆ।
ਸੂਤਰਾਂ ਮੁਤਾਬਕ ਉਹ ਰਿਸ਼ਤਾ ਤੋੜਨਾ ਚਾਹੁੰਦਾ ਸੀ। ਇਸ ਮੁੱਦੇ ਨੂੰ ਲੈ ਕੇ ਦੋਵਾਂ ਧਿਰਾਂ ਵਿਚਾਲੇ ਕਈ ਵਾਰ ਝਗੜਾ ਵੀ ਹੋ ਚੁੱਕਾ ਹੈ। ਇਸੇ ਰੰਜਿਸ਼ ਕਾਰਨ ਅਮਰਦੀਪ ਨੇ ਇਸ ਕਤਲ ਨੂੰ ਅੰਜਾਮ ਦਿੱਤਾ। ਪਤਾ ਲੱਗਾ ਹੈ ਕਿ ਰੌਲਾ ਸੁਣ ਕੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਅਤੇ ਜਿਨ੍ਹਾਂ ਨੇ ਦੇਰ ਰਾਤ ਹੀ ਮੁਲਜ਼ਮ ਨੂੰ ਫੜ ਕੇ ਪੁਲੀਸ ਹਵਾਲੇ ਕਰ ਦਿੱਤਾ।