- ਕਰਜ਼ੇ ਦੇ ਪੈਸੇ ਮੰਗਣ ‘ਤੇ ਤੇਜ਼ਧਾਰ ਹਥਿਆਰ ਨਾਲ ਵੱਢਿਆ, ਹਸਪਤਾਲ ‘ਚ ਮੌਤ; ਸਾਥੀ ਗੰਭੀਰ
ਜਲੰਧਰ, 21 ਅਗਸਤ 2024 – ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਦੇਰ ਰਾਤ ਜਲੰਧਰ ਦੇ ਬੂਟਾ ਪਿੰਡ ਨੇੜੇ ਨਗਰ ਨਿਗਮ ਦੇ ਮੁਲਾਜ਼ਮ ਦਾ ਕਤਲ ਕਰ ਦਿੱਤਾ ਗਿਆ। ਮੁਲਜ਼ਮਾਂ ਨੇ ਤੇਜ਼ਧਾਰ ਹਥਿਆਰਾਂ ਅਤੇ ਇੱਟਾਂ ਅਤੇ ਪੱਥਰਾਂ ਦੀ ਵਰਤੋਂ ਕੀਤੀ। ਮੌਕੇ ‘ਤੇ ਦੋ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ। ਇਨ੍ਹਾਂ ਵਿੱਚੋਂ ਇੱਕ ਦੀ ਜਲੰਧਰ ਦੇ ਸਿਵਲ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ।
ਇਹ ਘਟਨਾ ਬੂਟਾ ਪਿੰਡ ਦੇ ਜੱਲੋਵਾਲ ਆਬਾਦੀ ਇਲਾਕੇ ‘ਚ ਵਾਪਰੀ। ਮ੍ਰਿਤਕ ਦੀਪਕ ਕੁਮਾਰ (32) ਗਾਜ਼ੀ ਗੁੱਲਾ ਕਲੋਨੀ ਦਾ ਵਸਨੀਕ ਸੀ ਅਤੇ ਜਲੰਧਰ ਨਗਰ ਨਿਗਮ ਵਿੱਚ ਦਰਜਾ ਚਾਰ ਦਾ ਮੁਲਾਜ਼ਮ ਸੀ। ਗੱਗੂ ਦੀ ਹਾਲਤ ਫਿਲਹਾਲ ਖਤਰੇ ਤੋਂ ਬਾਹਰ ਹੈ। ਉਸ ਦਾ ਸਿਵਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਮ੍ਰਿਤਕ ਦੇ ਭਰਾ ਅਜੈ ਕੁਮਾਰ ਨੇ ਦੱਸਿਆ ਕਿ ਦੀਪਕ ਦਾ ਜੱਲੋਵਾਲ ਆਬਾਦੀ ਦੇ ਰਹਿਣ ਵਾਲੇ ਕੁਝ ਨੌਜਵਾਨਾਂ ਨਾਲ ਪੈਸਿਆਂ ਦਾ ਲੈਣ-ਦੇਣ ਚੱਲ ਰਿਹਾ ਸੀ। ਦੋਸ਼ੀ ਨੌਜਵਾਨ ਨੇ ਦੀਪਕ ਤੋਂ 1.50 ਲੱਖ ਰੁਪਏ ਲਏ ਸਨ। ਦੀਪਕ ਪਿਛਲੇ ਕਾਫੀ ਸਮੇਂ ਤੋਂ ਉਕਤ ਦੋਸ਼ੀਆਂ ਤੋਂ ਆਪਣੇ ਪੈਸਿਆਂ ਦੀ ਮੰਗ ਕਰ ਰਿਹਾ ਸੀ। ਪਰ ਉਹ ਟਾਲ-ਮਟੋਲ ਕਰ ਰਹੇ ਸਨ।
ਮੰਗਲਵਾਰ ਨੂੰ ਦੀਪਕ ਨੇ ਉਕਤ ਦੋਸ਼ੀਆਂ ਤੋਂ ਕੁਝ ਸਖਤੀ ਨਾਲ ਆਪਣੇ ਪੈਸਿਆਂ ਦੀ ਮੰਗ ਕੀਤੀ ਸੀ। ਜਿਸ ‘ਤੇ ਉਕਤ ਦੋਸ਼ੀਆਂ ਨੇ ਉਸ ਨੂੰ ਪੈਸੇ ਦੇਣ ਦੇ ਬਹਾਨੇ ਜੱਲੋਵਾਲ ਆਬਾਦੀ ਕੋਲ ਬੁਲਾਇਆ। ਜਦੋਂ ਉਹ ਜੱਲੋਵਾਲ ਆਬਾਦੀ ਕੋਲ ਪੁੱਜਾ ਤਾਂ ਉਥੇ ਕਰੀਬ 15 ਤੋਂ 20 ਨੌਜਵਾਨ ਉਡੀਕ ਕਰ ਰਹੇ ਸਨ।
ਸਾਰੇ ਤੇਜ਼ਧਾਰ ਹਥਿਆਰਾਂ ਅਤੇ ਇੱਟਾਂ ਅਤੇ ਪੱਥਰਾਂ ਨਾਲ ਲੈਸ ਸਨ। ਜਿਵੇਂ ਹੀ ਦੀਪਕ ਉੱਥੇ ਪਹੁੰਚਿਆ ਤਾਂ ਦੋਸ਼ੀਆਂ ਨੇ ਤੇਜ਼ਧਾਰ ਹਥਿਆਰਾਂ ਅਤੇ ਇੱਟਾਂ-ਪੱਥਰਾਂ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਜ਼ਖਮੀ ਦੀਪਕ ਨੇ ਮਾਮਲੇ ਦੀ ਜਾਣਕਾਰੀ ਆਪਣੇ ਪਰਿਵਾਰ ਨੂੰ ਦਿੱਤੀ। ਜਦੋਂ ਅਜੈ ਤੁਰੰਤ ਉੱਥੇ ਪਹੁੰਚਿਆ ਤਾਂ ਉਸ ‘ਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਪਰ ਕਿਸੇ ਤਰ੍ਹਾਂ ਉਸ ਨੇ ਆਪਣੇ ਭਰਾ ਨੂੰ ਉਥੋਂ ਕੱਢ ਲਿਆ।
ਜਿਸ ਤੋਂ ਬਾਅਦ ਦੀਪਕ ਅਤੇ ਉਸ ਦੇ ਸਾਥੀ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਜਲੰਧਰ ਲਿਜਾਇਆ ਗਿਆ। ਜਿੱਥੇ ਦੇਰ ਰਾਤ ਕੁਝ ਸਮੇਂ ਬਾਅਦ ਦੀਪਕ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਅਤੇ ਉਸ ਦੇ ਸਾਥੀ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ।
ਕਤਲ ਤੋਂ ਬਾਅਦ ਥਾਣਾ ਭਾਰਗਵ ਕੈਂਪ ਦੀ ਪੁਲਸ ਜਾਂਚ ਲਈ ਮੌਕੇ ‘ਤੇ ਪਹੁੰਚ ਗਈ। ਇਸ ਦੇ ਨਾਲ ਹੀ ਦੇਰ ਰਾਤ ਪੁਲਿਸ ਨੇ ਕਤਲ, ਇਰਾਦਾ ਕਤਲ ਅਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲੀਸ ਪਾਰਟੀਆਂ ਮੁਲਜ਼ਮਾਂ ਦੀ ਭਾਲ ਵਿੱਚ ਛਾਪੇਮਾਰੀ ਕਰ ਰਹੀਆਂ ਹਨ।