ਮੁਕਤਸਰ, 2 ਔਗੁਸਰ 2023 – ਮੁਕਤਸਰ ਨੇੜਲੇ ਪਿੰਡ ਖੋਖਰ ਵਿੱਚ ਬੀਤੀ ਰਾਤ ਇੱਕ ਬਜ਼ੁਰਗ ਦਾ ਗੋਲੀਆਂ ਮਾਰ ਕੇ ਕਤਲ ਕਰ ਦੇਣ ਦੀ ਖ਼ਬਰ ਸਾਹਮਣੇ ਆਈ ਹੈ। ਘਟਨਾ ਤੋਂ ਬਾਅਦ ਪੂਰੇ ਇਲਾਕੇ ‘ਚ ਸਨਸਨੀ ਫੈਲ ਗਈ। ਮਿਲੀ ਜਾਣਕਾਰੀ ਅਨੁਸਾਰ ਪਹਿਲਾਂ ਅਣਪਛਾਤੇ ਹਮਲਾਵਰਾਂ ਨੇ ਪਹਿਲਾਂ ਬਜ਼ੁਰਗ ਨੂੰ ਕਾਰ ‘ਚੋਂ ਬਾਹਰ ਕੱਢਿਆ ਅਤੇ ਫਿਰ ਉਸ ‘ਤੇ ਗੋਲੀਆਂ ਚਲਾ ਦਿੱਤੀਆਂ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਟੀਮ ਨੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਦੂਜੇ ਪਾਸੇ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਗੋਲੀ ਚੱਲਣ ਦੀ ਆਵਾਜ਼ ਸੁਣੀ ਸੀ।
ਡੀਐਸਪੀ ਅਵਤਾਰ ਸਿੰਘ ਨੇ ਦੱਸਿਆ ਕਿ ਪਰਿਵਾਰ ਅਨੁਸਾਰ ਬਜ਼ੁਰਗ ਸਰਵਣ ਦਮਨ ਸਿੰਘ (60) ਵਾਸੀ ਪਿੰਡ ਖੋਖਰ ਆਪਣੀ ਕਾਰ ਵਿੱਚ ਮੁਕਤਸਰ ਤੋਂ ਪਿੰਡ ਖੋਖਰ ਵੱਲ ਜਾ ਰਿਹਾ ਸੀ। ਜਦੋਂ ਉਹ ਵੜਿੰਗ ਪਿੰਡ ਤੋਂ ਖੋਖਰ ਰੋਡ ‘ਤੇ ਪਹੁੰਚਿਆ ਤਾਂ ਕੁਝ ਅਣਪਛਾਤੇ ਹਮਲਾਵਰਾਂ ਨੇ ਉਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਦੇ ਸਰੀਰ ‘ਤੇ 6 ਗੋਲੀਆਂ ਦੇ ਨਿਸ਼ਾਨ ਮਿਲੇ ਹਨ।
ਪੁਲਿਸ ਮੁਤਾਬਕ ਜਿਸ ਤਰ੍ਹਾਂ ਬਜ਼ੁਰਗ ਦੀ ਲਾਸ਼ ਸੜਕ ਕਿਨਾਰੇ ਪਈ ਸੀ, ਉਸ ਤੋਂ ਜਾਪਦਾ ਸੀ ਕਿ ਹਮਲਾਵਰਾਂ ਨੇ ਬਜ਼ੁਰਗ ਨੂੰ ਕਾਰ ‘ਚੋਂ ਬਾਹਰ ਕੱਢ ਕੇ ਗੋਲੀ ਮਾਰ ਦਿੱਤੀ ਸੀ। ਡੀਐਸਪੀ ਅਵਤਾਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਸਕੈਨਿੰਗ ਕੀਤੀ ਜਾ ਰਹੀ ਹੈ। ਥਾਣਾ ਬਰੀਵਾਲਾ ਦੇ ਇੰਚਾਰਜ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਲਾਸ਼ ਦਾ ਪੋਸਟਮਾਰਟਮ ਅੱਜ ਹੋਵੇਗਾ। ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
 
			
			 
			
			 
					 
						
 
			
			

