ਮਾਨਸਾ, 30 ਮਈ 2022 – ਬੀਤੇ ਦਿਨ ਸਿੱਧੂ ਮੂਸੇਵਾਲਾ ‘ਤੇ ਮਾਨਸਾ ਨੇੜੇ ਪਿੰਡ ਜਵਾਹਰਕੇ ਨਜ਼ਦੀਕ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ ਸਨ। ਜਿਸ ‘ਚ ਸਿੱਧੂ ਮੂਸੇਵਾਲਾ ਦੀ ਮੌਤ ਹੋ ਗਈ ਸੀ। ਉੱਥੇ ਹੀ ਇੱਕ ਹਿੰਦੀ ਨਿਊਜ਼ ਵੈੱਬਸਾਈਟ ਦੀ ਖਬਰ ਅਨੁਸਾਰ, ਇੱਕ ਮੌਕੇ ‘ਤੇ ਮੌਜੂਦ ਗਵਾਹ ਤੋਂ ਪਤਾ ਲੱਗਿਆ ਹੈ ਕਿ ਸਿੱਧੂ ਮੂਸੇਵਾਲਾ ‘ਤੇ 29 ਮਈ ਦੀ ਸ਼ਾਮ ਨੂੰ 5 ਵਜੇ ਤੋਂ 5:30 ਵਿਚਕਾਰ ਹਮਲਾ ਹੋਇਆ ਸੀ।
ਮੌਕੇ ਦੇ ਗਵਾਹ ਨੇ ਇਸ ਹਿੰਦੀ ਨਿਊਜ਼ ਚੈਨਲ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਮਲਾਵਰ ਸਿਰਫ 2 ਮਿੰਟ ‘ਚ ਹੀ ਇਸ ਕਾਰਵਾਈ ਨੂੰ ਅੰਜਾਮ ਦੇ ਕੇ ਚਲੇ ਗਏ। ਹਮਲਾਵਰਾਂ ਵੱਲੋਂ ਸਿਰਫ਼ 2 ਮਿੰਟਾਂ ‘ਚ ਮੂਸੇਵਾਲਾ ‘ਤੇ 30 ਗੋਲੀਆਂ ਚਲਾਈਆਂ ਗਈਆਂ ਸਨ। ਜਿਸ ਤੋਂ ਬਾਅਦ ਉਹ ਫਰਾਰ ਹੋ ਗਏ।
ਅੱਗੇ ਉਸ ਨੇ ਦੱਸਿਆ ਕਿ ਹਮਲਾਵਰ ਦੋ ਕਾਰਾਂ ‘ਚ ਆਏ ਸਨ। ਇੱਕ ਬੋਲੈਰੋ ਅਤੇ ਦੂਜੀ ਲੰਬੀ ਕਾਰ ਸੀ। ਮੁਲਜ਼ਮਾਂ ਨੇ ਪਹਿਲਾਂ ਮੂਸੇਵਾਲਾ ਦੀ ਗੱਡੀ ਦੇ ਪਿਛਲੇ ਟਾਇਰ ਨੂੰ ਗੋਲੀ ਮਾਰੀ। ਉਸ ਤੋਂ ਬਾਅਦ ਦੋਵੇਂ ਗੱਡੀਆਂ ਮੂਸੇਵਾਲਾ ਦੇ ਥਾਰ ਨੂੰ ਓਵਰਟੇਕ ਕਰਦੀਆਂ ਹਨ। ਮੂਸੇਵਾਲਾ ਦੀ ਕਾਰ ਨੂੰ ਰੋਕ ਕੇ 7 ਨੌਜਵਾਨਾਂ ਨੇ ਕਾਰਾਂ ‘ਚ ਉਤਰ ਕੇ ਮੂਸੇਵਾਲਾ ‘ਤੇ ਹਮਲਾ ਕਰ ਦਿੱਤਾ।
ਗੋਲੀਬਾਰੀ ਦੀ ਆਵਾਜ਼ ਸੁਣ ਕੇ ਲੋਕ ਘਰਾਂ ‘ਚੋਂ ਬਾਹਰ ਆਏ ਪਰ ਹਮਲਾਵਰਾਂ ਦੇ ਡਰੋਂ ਉਹ ਫਿਰ ਘਰਾਂ ‘ਚ ਵੜ ਗਏ ਅਤੇ ਹਮਲਾਵਰ ਸਿਰਫ 2 ਮਿੰਟ ‘ਚ ਹੀ ਇਸ ਸਾਰੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ।