- ਚਾਕੂ ਤੇ ਲੁੱਟਿਆ ਹੋਇਆ ਸਾਮਾਨ ਬਰਾਮਦ
ਜਲੰਧਰ, 25 ਜਨਵਰੀ 2023 – ਜਲੰਧਰ ਸ਼ਹਿਰ ‘ਚ ਮੰਗਲਵਾਰ ਦੁਪਹਿਰ ਨੂੰ ਹੋਏ ਕਤਲ ਦੀ ਗੁੱਥੀ ਨੂੰ ਪੁਲਸ ਨੇ ਕੁਝ ਘੰਟਿਆਂ ‘ਚ ਹੀ ਸੁਲਝਾ ਲਿਆ ਹੈ। ਬਸਤੀ ਬਾਵਾ ਖੇਲ ਇਲਾਕੇ ਦੇ ਤਾਰਾ ਸਿੰਘ ਐਵੀਨਿਊ ਨਾਲ ਲੱਗਦੇ ਕੱਚਾ ਕੋਟ ਵਿੱਚ ਕਮਲਜੀਤ ਕੌਰ (49) ਦੀ ਉਸ ਦੇ ਘਰ ਵਿੱਚ ਦਾਖ਼ਲ ਹੋ ਕੇ ਲੁਟੇਰਿਆਂ ਨੇ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਲੁਟੇਰਿਆਂ ਨੇ ਘਰ ਵਿੱਚ ਮੌਜੂਦ ਕਮਲਜੀਤ ਦੇ 17 ਸਾਲਾ ਪੁੱਤਰ ਸਤਬੀਰ ਨੂੰ ਵੀ ਬੰਧਕ ਬਣਾ ਲਿਆ ਸੀ।
ਡੀਸੀਪੀ ਜਸਕਿਰਨ ਸਿੰਘ ਤੇਜਾ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਦੀ ਪਛਾਣ ਰਾਜਕੁਮਾਰ ਵਾਸੀ ਕਾਜੀ ਮੰਡੀ ਅਤੇ ਕਮਲੇਸ਼ ਕੁਮਾਰ ਹਾਲ ਵਾਸੀ ਰੌਸ਼ਨ ਲਾਲ ਭੱਟਾ ਨੇੜੇ ਲੰਮਾ ਪਿੰਡ ਮੂਲਕਪੁਰ ਖਜੂਰਤ (ਉੱਤਰ ਪ੍ਰਦੇਸ਼) ਵਜੋਂ ਹੋਈ ਹੈ। ਦੋਵੇਂ ਮੁਲਜ਼ਮ ਪੇਸ਼ੇਵਰ ਅਪਰਾਧੀ ਹਨ।
ਇਨ੍ਹਾਂ ਵਿੱਚੋਂ ਇੱਕ ਸ਼ਹਿਜ਼ਾਦਾ ਕੁਝ ਦਿਨ ਪਹਿਲਾਂ ਹੀ ਇੱਕ ਕਤਲ ਕੇਸ ਵਿੱਚ ਜੇਲ੍ਹ ਤੋਂ ਰਿਹਾਅ ਹੋਇਆ ਹੈ। ਦੋਵਾਂ ਨੇ ਕਤਲ ਕਰਨ ਤੋਂ ਪਹਿਲਾਂ ਕਮਲਜੀਤ ਕੌਰ ਦੇ ਘਰ ਦੀ ਰੇਕੀ ਕੀਤੀ ਅਤੇ ਉਸ ਤੋਂ ਬਾਅਦ ਮੌਕਾ ਪਾ ਕੇ ਘਰ ਅੰਦਰ ਦਾਖਲ ਹੋ ਗਏ। ਰਾਜਕੁਮਾਰ ਅਤੇ ਕਮਲੇਸ਼ ਨਸ਼ੇ ਦੇ ਆਦੀ ਹਨ। ਰਾਜਕੁਮਾਰ ਖ਼ਿਲਾਫ਼ ਵਪਾਰਕ ਮਾਤਰਾ ਵਿੱਚ ਹੈਰੋਇਨ ਦੀ ਤਸਕਰੀ ਦਾ ਮਾਮਲਾ ਵੀ ਦਰਜ ਹੈ। ਹੁਣ ਉਹ ਜ਼ਮਾਨਤ ‘ਤੇ ਬਾਹਰ ਹੈ।
ਪੁਲੀਸ ਅਨੁਸਾਰ ਕਮਲਜੀਤ ਕੌਰ ਮੰਗਲਵਾਰ ਦੁਪਹਿਰ 1:58 ਵਜੇ ਆਪਣੀ ਭਰਜਾਈ ਮਾਹੀ ਸੰਧੂ ਨਾਲ ਫੋਨ ’ਤੇ ਗੱਲ ਕਰ ਰਹੀ ਸੀ। ਉਸੇ ਸਮੇਂ ਦੋਵੇਂ ਦੋਸ਼ੀ ਘਰ ‘ਚ ਦਾਖਲ ਹੋ ਗਏ। ਅੰਦਰ ਵੜਦਿਆਂ ਹੀ ਦੋਵਾਂ ਨੇ ਪਹਿਲਾਂ ਕਮਲਜੀਤ ਕੌਰ ਦੇ ਲੜਕੇ ਸਤਬੀਰ ਨੂੰ ਬੰਧਕ ਬਣਾ ਲਿਆ ਅਤੇ ਬਾਅਦ ਦੁਪਹਿਰ ਕਰੀਬ 2.30 ਅਤੇ 3 ਵਜੇ ਕਮਲਜੀਤ ਕੌਰ ਦਾ ਕਤਲ ਕਰ ਦਿੱਤਾ।
ਮਾਹੀ ਸੰਧੂ ਨੇ ਦੱਸਿਆ ਕਿ ਜਦੋਂ ਕਾਤਲਾਂ ਨੇ ਹਮਲਾ ਕੀਤਾ ਤਾਂ ਉਹ ਆਪਣੀ ਭਰਜਾਈ ਨਾਲ ਗੱਲ ਕਰ ਰਹੀ ਸੀ। ਉਸ ਨੇ ਉਸ ਦੀਆਂ ਚੀਕਾਂ ਸੁਣੀਆਂ ਪਰ ਇਸ ਤੋਂ ਬਾਅਦ ਕਈ ਵਾਰ ਫੋਨ ਆਇਆ ਪਰ ਕਮਲਜੀਤ ਨੇ ਫੋਨ ਨਹੀਂ ਚੁੱਕਿਆ। ਇਸ ਤੋਂ ਕੁਝ ਦੇਰ ਬਾਅਦ ਉਸ ਨੂੰ ਸੂਚਨਾ ਮਿਲੀ ਕਿ ਕਮਲਜੀਤ ਦਾ ਕਤਲ ਹੋ ਗਿਆ ਹੈ।
ਕਤਲ ਕਰਨ ਤੋਂ ਬਾਅਦ ਲੁਟੇਰੇ ਘਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਦਾ ਡੀਵੀਆਰ ਵੀ ਲੈ ਗਏ। ਕਤਲ ਦੇ ਸਮੇਂ ਔਰਤ ਦਾ ਲੜਕਾ ਆਪਣੇ ਕਮਰੇ ਵਿੱਚ ਸੌਂ ਰਿਹਾ ਸੀ ਅਤੇ ਘਰਦੀ ਨੌਕਰਾਣੀ ਘਰ ਦੀ ਛੱਤ ਉੱਤੇ ਗਈ ਹੋਈ ਸੀ। ਲੁਟੇਰਿਆਂ ਨੇ ਔਰਤ ਦੇ ਲੜਕੇ ਸਤਬੀਰ ਨੂੰ ਟੇਪਾਂ ਨਾਲ ਬੰਨ੍ਹ ਦਿੱਤਾ ਸੀ। ਲੁਟੇਰੇ ਘਰ ‘ਚੋਂ ਮੋਬਾਈਲ ਫ਼ੋਨ, ਸੋਨੇ-ਚਾਂਦੀ ਦੇ ਗਹਿਣੇ ਅਤੇ ਨਕਦੀ ਲੈ ਕੇ ਫ਼ਰਾਰ ਹੋ ਗਏ |
ਥਾਣਾ ਬਸਤੀ ਬਾਵਾ ਖੇਲ ਦੇ ਇੰਚਾਰਜ ਨੇ ਦੱਸਿਆ ਕਿ ਲੁਟੇਰਿਆਂ ਵੱਲੋਂ ਘਰ ਵਿੱਚ ਰੱਖੇ ਕੁੱਤੇ ਨੂੰ ਵੀ ਜ਼ਖਮੀ ਕਰ ਦਿੱਤਾ ਗਿਆ ਅਤੇ ਬਾਥਰੂਮ ਵਿੱਚ ਬੰਦ ਕਰ ਦਿੱਤਾ ਗਿਆ। ਇਸ ਦੌਰਾਨ ਘਰ ‘ਚ ਕੰਮ ਕਰਦੀ ਨੌਕਰਾਣੀ ਛੱਤ ਵੱਲ ਭੱਜੀ ਅਤੇ ਉਹ ਵੀ ਪੌੜੀਆਂ ਤੋਂ ਡਿੱਗ ਕੇ ਜ਼ਖਮੀ ਹੋ ਗਈ। ਨੌਕਰਾਣੀ ਨੇ ਛੱਤ ‘ਤੇ ਅਲਾਰਮ ਵਜਾਇਆ ਪਰ ਉਦੋਂ ਤੱਕ ਲੁਟੇਰੇ ਫਰਾਰ ਹੋ ਚੁੱਕੇ ਸਨ।
ਡੀਸੀਪੀ ਜਸਕਰਨ ਸਿੰਘ ਤੇਜਾ ਨੇ ਦੱਸਿਆ ਕਿ ਲੁਟੇਰਿਆਂ ਕੋਲੋਂ ਵਾਰਦਾਤ ਵਿੱਚ ਵਰਤਿਆ ਚਾਕੂ, ਲੁੱਟੇ ਗਏ ਗਹਿਣੇ, ਮੋਬਾਈਲ ਫੋਨ ਅਤੇ ਹੋਰ ਸਾਮਾਨ ਬਰਾਮਦ ਕੀਤਾ ਗਿਆ ਹੈ। ਲੁਟੇਰਿਆਂ ਨੇ ਔਰਤ ਦੀ ਗਰਦਨ ‘ਤੇ ਚਾਕੂ ਨਾਲ ਦੋ ਵਾਰ ਕੀਤੇ ਸਨ। ਉਨ੍ਹਾਂ ਕਿਹਾ ਕਿ ਵੱਖ-ਵੱਖ ਪੁਲਿਸ ਟੀਮਾਂ ਨੇ ਇਸ ਮਾਮਲੇ ਨੂੰ ਤਕਨੀਕੀ ਤੌਰ ‘ਤੇ ਅਤੇ ਆਪਣੇ ਸਰੋਤ ਨੈੱਟਵਰਕ ਰਾਹੀਂ ਹੱਲ ਕੀਤਾ ਹੈ।
ਕਤਲ ਦੀ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਸਰਗਰਮ ਹੋ ਗਈ। ਥਾਣਾ ਸਦਰ ਦੀ ਪੁਲੀਸ ਅਤੇ ਸੀਆਈਏ ਸਟਾਫ਼ ਨਾਲ ਟੀਮਾਂ ਬਣਾਈਆਂ ਗਈਆਂ ਹਨ। ਇਸ ਦੌਰਾਨ ਲੁੱਟੇ ਗਏ ਮੋਬਾਈਲਾਂ ਦੀ ਲੋਕੇਸ਼ਨ ਦਾ ਪਤਾ ਲਗਾਉਣ ਲਈ ਉਨ੍ਹਾਂ ਦੀ ਨਿਗਰਾਨੀ ਕੀਤੀ ਗਈ। ਨਿਗਰਾਨੀ ‘ਤੇ ਮੋਬਾਈਲ ਫੋਨ ਦੀ ਲੋਕੇਸ਼ਨ ਦਾ ਪਤਾ ਲੱਗਾ। ਇਸ ਤੋਂ ਬਾਅਦ ਤਕਨੀਕੀ ਦੇ ਨਾਲ-ਨਾਲ ਪੁਲਿਸ ਨੇ ਆਪਣੇ ਸੋਰਸ ਨੈੱਟਵਰਕ ਦਾ ਵੀ ਸਹਾਰਾ ਲਿਆ। ਸਥਾਨ ਦਾ ਪਤਾ ਲੱਗਣ ਤੋਂ ਬਾਅਦ ਪੁਲਿਸ ਮੁਖ਼ਬਰਾਂ ਰਾਹੀਂ ਲੁਟੇਰਿਆਂ ਦੇ ਟਿਕਾਣਿਆਂ ‘ਤੇ ਪਹੁੰਚੀ ਅਤੇ ਉਨ੍ਹਾਂ ਨੂੰ ਕਾਬੂ ਕਰ ਲਿਆ।