ਮਾਨਸਾ, 5 ਮਾਰਚ 2023 : ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਾਂਗਰਸ ਪ੍ਰਤੀ ਆਪਣੀ ਨਾਰਾਜ਼ਗੀ ਜਤਾਈ ਹੈ। ਉਨ੍ਹਾਂ ਕਿਹਾ ਕਿ ਜਦੋਂ ਬ੍ਰਿਟਿਸ਼ ਪਾਰਲੀਮੈਂਟ ਵਿੱਚ ਰੌਲਾ ਪੈ ਸਕਦਾ ਹੈ ਤਾਂ ਇੱਥੇ ਕਿਉਂ ਨਹੀਂ। ਕਾਂਗਰਸ ਨੇ ਸੰਸਦ ਵਿੱਚ ਉਨ੍ਹਾਂ ਲਈ ਕੁਝ ਨਹੀਂ ਕਿਹਾ ਅਤੇ ਮੌਕੇ ‘ਤੇ ਕੋਈ ਉਨ੍ਹਾਂ ਦੇ ਨਾਲ ਖੜ੍ਹਾ ਨਹੀਂ ਹੋਇਆ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨੇ ਐਤਵਾਰ ਨੂੰ ਪਿੰਡ ਮੂਸੇ ਪਹੁੰਚੇ ਉਨ੍ਹਾਂ ਪ੍ਰਸੰਸਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿਸ ਪਾਰਟੀ ਦੀ ਟਿਕਟ ‘ਤੇ ਸਿੱਧੂ ਨੇ ਚੋਣ ਲੜੀ ਸੀ, ਉਸ ਪਾਰਟੀ ਨੇ ਨਾ ਤਾਂ ਪੰਜਾਬ ਵਿਧਾਨ ਸਭਾ ‘ਚ ਅਤੇ ਨਾ ਹੀ ਸੰਸਦ ‘ਚ ਇਕ ਸ਼ਬਦ ਵੀ ਬੋਲਿਆ | ਸਾਊਦੀ ਅਰਬ ਵਰਗੇ ਕਾਨੂੰਨ ਸਾਡੇ ਦੇਸ਼ ਵਿੱਚ ਲਾਗੂ ਹੋਣੇ ਚਾਹੀਦੇ ਹਨ।
ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਸਮੇਂ ਪੰਜਾਬ ਦਾ ਮਾਹੌਲ ਠੀਕ ਸੀ ਪਰ ਮੌਜੂਦਾ ਸਰਕਾਰ ਦੇ ਸਮੇਂ ਕਾਨੂੰਨ ਵਿਵਸਥਾ ਵਿਗੜ ਗਈ ਹੈ।ਰਾਜਪਾਲ ਸ਼ਾਸਨ ਲਗਾਇਆ ਜਾਵੇ ਜਾਂ ਨਾ ਲਗਾਇਆ ਜਾਵੇ ਪਰ ਸੂਬੇ ਦੇ ਲੋਕਾਂ ਨੂੰ ਅਜਿਹੇ ਮਾਹੌਲ ਤੋਂ ਰਾਹਤ ਜ਼ਰੂਰ ਮਿਲਣੀ ਚਾਹੀਦੀ ਹੈ। ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਨੂੰ ਈ-ਮੇਲ ਦੀ ਧਮਕੀ ਮਿਲਣ ਤੋਂ ਬਾਅਦ ਸਦਰ ਮਾਨਸਾ ਪੁਲਸ ਨੇ ਨਾਬਾਲਗ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮਾਨਸਾ ਪੁਲਿਸ ਉਸ ਨੂੰ ਰਾਜਸਥਾਨ ਦੇ ਜੋਧਪੁਰ ਤੋਂ ਲਿਆਵੇਗੀ। ਇਸ ਦੇ ਨਾਲ ਹੀ ਮਾਨਸਾ ਪੁਲਿਸ ਨੇ ਇਸ ਮਾਮਲੇ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਹੈ।