ਗੁਰਦਾਸਪੁਰ, 12 ਅਕਤੂਬਰ 2024 – ਪੂਰੇ ਭਾਰਤ ਵਿੱਚ ਅੱਜ ਦੁਸ਼ਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ਉਥੇ ਹੀ ਬਟਾਲਾ ਮਹਾਵੀਰ ਦੁਸਹਿਰਾ ਕਮੇਟੀ ਵੱਲੋਂ ਬਟਾਲਾ ਵਿੱਚ 100 ਫੁੱਟ ਦਾ ਰਾਵਣ ਅਤੇ ਨਾਲ ਮੇਘਨਾਥ ਤੇ ਕੁੰਮਕਰਨ ਦਾ ਵੀ ਬੁੱਤ ਤਿਆਰ ਕੀਤੇ ਗਏ ਹਨ। ਆਈ ਟੀ ਆਈ ਦੇ ਮੈਦਾਨ ਵਿੱਚ ਖੜੇ ਕੀਤੇ ਜਾ ਰਹੇ ਇਹਨਾਂ ਪੁਤਲਿਆਂ ਦੀ ਖਾਸੀਅਤ ਇਹ ਹੈ ਕਿ ਇਹਨਾਂ ਨੂੰ ਤਿਆਰ ਕਰਨ ਲਈ ਖਾਸ ਤੌਰ ਤੇ ਆਗਰਾ ਤੋਂ ਕਾਰੀਗਰ ਆਏ ਹਨ ਅਤੇ ਮੁਸਲਮਾਨ ਧਰਮ ਨਾਲ ਸਬੰਧ ਰੱਖਦੇ ਹਨ।
ਬਟਾਲਾ ਵਿਧਾਇਕ ਸ਼ੈਰੀ ਕਲਸੀ ਨੇ ਦੁਸ਼ਹਿਰਾ ਮੇਲਾ ਕਮੇਟੀ ਨੂੰ ਵਿਸ਼ੇਸ਼ ਸਹਿਯੋਗ ਦਿੱਤਾ ਹੈ ਅਤੇ ਉਹ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਵੀ ਹਾਜ਼ਰ ਹੋਣਗੇ। ਦੁਸ਼ਹਿਰਾ ਸਮਾਗਮ ਦੇ ਪ੍ਰਬੰਧਕਾਂ ਦਾ ਦਾਅਵਾ ਹੈ ਕਿ ਇਸ ਵਾਰ ਬਟਾਲੇ ਦਾ ਦੁਸ਼ਹਿਰਾ ਕੁਝ ਵੱਖਰਾ ਹੋਵੇਗਾ ਕਿਉਂਕਿ ਪੁਤਲਿਆਂ ਨੂੰ ਅੱਗ ਲਾਉਣ ਤੋਂ ਬਾਅਦ ਵੀ ਲਗਾਤਾਰ ਇਕ ਘੰਟਾ ਆਤਿਸ਼ਬਾਜੀ ਚਲੇ ਗਈ ਅਤੇ ਸ਼ਰਧਾਲੂਆਂ ਦੀ ਸੁਰੱਖਿਆ ਅਤੇ ਲੰਗਰ ਪਾਣੀ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਸ਼ਹਿਰ ਦੇ ਵਸਨੀਕਾਂ ਨੂੰ ਵੱਧ ਚੜ ਕੇ ਹਿੱਸਾ ਲੈਣ ਦੀ ਅਪੀਲ ਵੀ ਦੁਸ਼ਹਿਰਾ ਕਮੇਟੀ ਵੱਲੋਂ ਕੀਤੀ ਗਈ।