ਚੰਡੀਗੜ੍ਹ, 9 ਅਪ੍ਰੈਲ 2024 – ਪੰਜਾਬ ਦੀ ਫਾਜ਼ਿਲਕਾ ਅਤੇ ਫਰੀਦਕੋਟ ਪੁਲਿਸ ਨੇ ਸਾਂਝੇ ਤੌਰ ‘ਤੇ ਕਾਰਵਾਈ ਕਰਦੇ ਹੋਏ ਨੇਚਰ ਹਾਈਟਸ ਇਨਫਰਾ ਘੁਟਾਲੇ ਦੇ ਮਾਸਟਰ ਮਾਈਂਡ ਨੂੰ ਗ੍ਰਿਫਤਾਰ ਕੀਤਾ ਹੈ ਜੋ 9 ਸਾਲਾਂ ਤੋਂ ਫਰਾਰ ਸੀ। ਡੀਜੀਪੀ ਪੰਜਾਬ ਗੌਰਵ ਯਾਦਵ ਨੇ ਐਕਸ ‘ਤੇ ਟਵੀਟ ਕਰਕੇ ਇਹ ਸਾਰੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਸਾਰੀ ਕਾਰਵਾਈ ਫ਼ਾਜ਼ਿਲਕਾ ਅਤੇ ਫ਼ਰੀਦਕੋਟ ਪੁਲਿਸ ਵੱਲੋਂ ਸਾਂਝੇ ਤੌਰ ‘ਤੇ ਕੀਤੀ ਗਈ। ਦੋਸ਼ੀ ਨੂੰ ਉੱਤਰਾਖੰਡ ਦੇ ਪੌੜੀ ਤੋਂ ਗ੍ਰਿਫਤਾਰ ਕੀਤਾ ਗਿਆ ਹੈ।
ਡੀਜੀਪੀ ਯਾਦਵ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਮੁਲਜ਼ਮ ਨੀਰਜ ਠੱਠਾਈ ਉਰਫ ਨੀਰਜ ਅਰੋੜਾ ਪਿਛਲੇ 9 ਸਾਲਾਂ ਤੋਂ ਭਗੌੜਾ ਸੀ। ਮੁਲਜ਼ਮ ਨੇ ਲੋਕਾਂ ਨੂੰ ਪੈਸੇ ਜਾਂ ਪਲਾਟ ਦੇਣ ਦਾ ਵਾਅਦਾ ਕਰਕੇ ਧੋਖਾਧੜੀ ਕੀਤੀ ਸੀ। ਪੰਜਾਬ-ਹਰਿਆਣਾ ਦੇ 21 ਜ਼ਿਲ੍ਹਿਆਂ ਵਿੱਚ ਮੁਲਜ਼ਮਾਂ ਖ਼ਿਲਾਫ਼ 108 ਐਫਆਈਆਰ ਦਰਜ ਹਨ। ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਇੱਕ ਲਗਜ਼ਰੀ ਬੀਐਮਡਬਲਿਊ ਕਾਰ, ਮੋਬਾਈਲ ਫ਼ੋਨ ਅਤੇ ਜਾਅਲੀ ਦਸਤਾਵੇਜ਼ ਬਰਾਮਦ ਕੀਤੇ ਗਏ ਹਨ।
16 ਫਰਵਰੀ 2002 ਨੂੰ, ਨੀਰਜ ਅਰੋੜਾ ਨੇ ਨੇਚਰਵੇ ਮਾਰਕੀਟਿੰਗ ਪ੍ਰਾਈਵੇਟ ਲਿਮਟਿਡ ਨਾਂ ਦੀ ਇੱਕ ਕੰਪਨੀ ਦੀ ਸਥਾਪਨਾ ਕੀਤੀ। ਠੀਕ ਦਸ ਸਾਲ ਬਾਅਦ, ਫਰਵਰੀ 2012 ਵਿੱਚ, ਉਸਨੇ ਨੇਚਰ ਹਾਈਟਸ ਨਾਮ ਦੀ ਇੱਕ ਚਿੱਟ ਫੰਡ ਕੰਪਨੀ ਸ਼ੁਰੂ ਕੀਤੀ ਅਤੇ ਮੋਹਾਲੀ ਵਿੱਚ ਫਲੈਟ ਵੇਚਣੇ ਸ਼ੁਰੂ ਕਰ ਦਿੱਤੇ। ਫਿਰ ਕਰੀਬ ਦੋ ਸਾਲਾਂ ਵਿੱਚ ਅਰੋੜਾ ਨੇ ਮੋਹਾਲੀ, ਪਠਾਨਕੋਟ, ਹੁਸ਼ਿਆਰਪੁਰ, ਆਨੰਦਪੁਰ ਸਾਹਿਬ, ਅਬੋਹਰ, ਫਾਜ਼ਿਲਕਾ, ਮੁਕਤਸਰ ਸਮੇਤ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿੱਚ ਸੈਂਕੜੇ ਕਲੋਨੀਆਂ ਕੱਟ ਦਿੱਤੀਆਂ ਪਰ ਕਿਤੇ ਵੀ ਵਿਕਾਸ ਨਹੀਂ ਹੋਇਆ।