ਮਾਨਸਾ, 3 ਅਪ੍ਰੈਲ 2023 – ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਕਿਹਾ ਕਿ ਪੰਜਾਬ ਦੀਆਂ ਜੇਲ੍ਹਾਂ ਅਪਰਾਧ ਲਈ ਸੁਵਿਧਾਵਾਂ ਬਣ ਗਈਆਂ ਹਨ। ਇਹ ਸੁਧਾਰ ਘਰ ਨਹੀਂ ਰਹਿ ਗਏ ਹਨ। ਗੈਂਗਸਟਰ (ਲਾਰੈਂਸ) ਜੇਲ੍ਹ ਤੋਂ ਇੰਟਰਵਿਊ ਦੇ ਰਿਹਾ ਹੈ। ਜੇਲ੍ਹਾਂ ਵਿੱਚ ਸੈਟੇਲਾਈਟ ਕਿਉਂ ਨਹੀਂ ਲਗਾਏ ਜਾਂਦੇ ? ਸਿੱਧੂ ਸੋਮਵਾਰ ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ ਮਿਲਣ ਪਹੁੰਚੇ ਸਨ। ਇਸ ਦੌਰਾਨ ਪ੍ਰੈਸ ਕਾਨਫਰੰਸ ਕਰਦਿਆਂ ਉਹਨਾਂ ਨੇ ਆਪ ‘ਤੇ ਤਿੱਖੇ ਸ਼ਬਦੀ ਹਮਲੇ ਕੀਤੇ।
ਰੋਡ ਰੇਜ ਕੇਸ ਵਿੱਚ ਇੱਕ ਸਾਲ ਦੀ ਜੇਲ੍ਹ ਕੱਟਣ ਤੋਂ ਬਾਅਦ ਰਿਹਾਅ ਹੋਏ ਸਿੱਧੂ ਨੇ ਕਿਹਾ ਕਿ ਜੇਲ੍ਹਾਂ ਵਿੱਚ ਇੱਕ ਜ਼ਰਦੇ ਦੀ ਪੁੜੀ ਲਈ ਨਿਯਮ ਦੇ ਉਲਟ, ਅੰਡਰ ਟਰਾਇਲ ਕੈਦੀਆਂ ਨੂੰ ਸਾਰਾ ਦਿਨ ਕੰਮ ਲਾਈ ਰੱਖਿਆ ਜਾਂਦਾ ਹੈ। ਮੂਸੇਵਾਲਾ ਦਾ ਬਾਪ ਪੂਰੇ ਪੰਜਾਬ ਦਾ ਬੋਝ ਚੁੱਕ ਕੇ ਘੁੰਮ ਰਿਹਾ ਹੈ।
ਪੰਜਾਬ ਨੂੰ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਸੂਬਾ ਕਾਰੋਬਾਰ ਕਰਨ ਅਤੇ ਰਹਿਣ ਦੇ ਲਾਇਕ ਨਹੀਂ ਹੈ। ਭਗਵੰਤ ਮਾਨ ਨੇ ਕਿਹਾ ਕਿ ਅੰਗਰੇਜ਼ ਇੱਥੇ ਨੌਕਰੀਆਂ ਕਰਨ ਆਉਂਦੇ ਸਨ। ਪੰਜਾਬ ਦੇ ਆਪਣੇ ਬੱਚੇ ਬਾਹਰ ਜਾ ਰਹੇ ਹਨ। ਸਿੱਧੂ ਨੇ ਕਿਹਾ ਕਿ ਮੂਸੇਵਾਲਾ ਵਰਗੇ ਬੱਚੇ ਦੀ ਸੁਰੱਖਿਆ ਵਾਪਸ ਲੈ ਲਈ ਗਈ ਸੀ ਪਰ ਗੈਂਗਸਟਰਾਂ ਨੂੰ ਜ਼ੈੱਡ ਪਲੱਸ ਸੁਰੱਖਿਆ ਦਿੱਤੀ ਗਈ ਹੈ।
ਸਿੱਧੂ ਨੇ ਕਿਹਾ ਕਿ ਮੇਰੀ ਸੁਰੱਖਿਆ ਵਾਪਸ ਲੈਣ ਨਾਲ ਕੁਝ ਨਹੀਂ ਹੋਵੇਗਾ। ਜੇਕਰ ਬੁਲੇਟ ਪਰੂਫ ਗੱਡੀ ਵਾਪਸ ਲੈ ਲਈ ਗਈ ਤਾਂ ਵੀ ਕੀ ਹੋਵੇਗਾ ? ਸਿੱਧੂ ਨੇ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨਾਲ ਕਰੀਬ ਦੋ ਘੰਟੇ ਮੁਲਾਕਾਤ ਕੀਤੀ। ਪ੍ਰੈੱਸ ਕਾਨਫਰੰਸ ‘ਚ ਵੀ ਦੋਵੇਂ ਇਕੱਠੇ ਸਨ।
ਨਵਜੋਤ ਸਿੰਘ ਦਾ ਸਿੱਧ ਮੂਸੇਵਾਲਾ ਨਾਲ ਖਾਸ ਲਗਾਅ ਸੀ। ਨਵਜੋਤ ਸਿੰਘ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਿੱਧੂ ਮੂਸੇਵਾਲਾ ਨੂੰ ਕਾਂਗਰਸ ਵਿੱਚ ਲਿਆਂਦਾ। ਸਿੱਧੂ ਨੂੰ ਵੀ ਉਨ੍ਹਾਂ ਦੇ ਇਸ਼ਾਰੇ ‘ਤੇ ਚੋਣਾਂ ‘ਚ ਟਿਕਟ ਮਿਲੀ ਸੀ ਪਰ ਨਵਜੋਤ ਸਿੰਘ ਦੇ ਜੇਲ ਜਾਣ ਤੋਂ 9 ਦਿਨ ਬਾਅਦ ਹੀ ਗੈਂਗਸਟਰਾਂ ਨੇ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਸੀ।