- ਪੁੱਛਿਆ – ਜੇਕਰ ਉਨ੍ਹਾਂ ਦੇ ਦਾਅਵੇ ਸੱਚ ਸਨ ਤਾਂ ਹਰਿਆਣਾ ਨੇ ਕੇਂਦਰੀ ਮੰਤਰਾਲੇ ਨਾਲ ਮੀਟਿੰਗ ਵਿੱਚ ਪਾਣੀ ਦਾ ਕਰਜ਼ਾ ਕਿਉਂ ਮੰਗਿਆ ?
- ਪੰਜਾਬ ਨੂੰ ਮਾਰੂਥਲ ਵਿੱਚ ਬਦਲਣ ਦੀ ਭਾਜਪਾ ਦੀ ਸਾਜ਼ਿਸ਼ ਕਦੇ ਸਫਲ ਨਹੀਂ ਹੋਵੇਗੀ – ਨੀਲ ਗਰਗ
ਚੰਡੀਗੜ੍ਹ, 4 ਮਈ 2025 – ਆਮ ਆਦਮੀ ਪਾਰਟੀ (ਆਪ) ਨੇ ਕੇਂਦਰ ਅਤੇ ਹਰਿਆਣਾ ਦੀਆਂ ਭਾਜਪਾ ਦੀ ਅਗਵਾਈ ਵਾਲੀਆਂ ਸਰਕਾਰਾਂ ਦੀ ਪੰਜਾਬ ਨੂੰ ਉਸਦੇ ਪਾਣੀ ਦੇ ਸਹੀ ਹਿੱਸੇ ਤੋਂ ਵਾਂਝਾ ਕਰਨ ਦੀਆਂ ਵਾਰ-ਵਾਰ ਕੋਸ਼ਿਸ਼ਾਂ ਲਈ ਸਖ਼ਤ ਨਿੰਦਾ ਕੀਤੀ ਹੈ। ‘ਆਪ’ ਨੇਤਾ ਅਤੇ ਸੀਨੀਅਰ ਬੁਲਾਰੇ ਨੀਲ ਗਰਗ ਨੇ ਪਾਣੀ ਦੀ ਵੰਡ ਅਤੇ ਵਰਤੋਂ ਬਾਰੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੱਲੋਂ ਕੀਤੇ ਗਏ ਗੁੰਮਰਾਹਕੁੰਨ ਦਾਅਵਿਆਂ ਦਾ ਪਰਦਾਫਾਸ਼ ਕੀਤਾ।
ਗਰਗ ਨੇ ਕਿਹਾ ਕਿ, ਅਸੀਂ ਭਾਜਪਾ ਵੱਲੋਂ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਅਤੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਇੱਕ ਹੋਰ ਬੇਸ਼ਰਮੀ ਭਰੀ ਕੋਸ਼ਿਸ਼ ਦੇਖੀ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨਾਇਬ ਸੈਣੀ ਨੇ ਝੂਠਾ ਦਾਅਵਾ ਕੀਤਾ ਕਿ ਹਰਿਆਣਾ ਸਿਰਫ਼ ਆਪਣੇ ਹਿੱਸੇ ਦਾ ਪਾਣੀ ਮੰਗ ਰਿਹਾ ਹੈ, ਪਰ ਅੰਕੜੇ ਬਹੁਤ ਵੱਖਰੀ ਕਹਾਣੀ ਦੱਸਦੇ ਹਨ,”।
ਇੱਕ ਨਾਮਵਰ ਰਾਸ਼ਟਰੀ ਅਖਬਾਰ ਵਿੱਚ ਪ੍ਰਕਾਸ਼ਿਤ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਨੀਲ ਗਰਗ ਨੇ ਬੀਬੀਐਮਬੀ ਦੇ ਪਾਣੀ ਦੇ ਹਿੱਸੇ ਦੇ ਅਸਲ ਅੰਕੜੇ ਪ੍ਰਗਟ ਕੀਤੇ ਅਤੇ ਦਸਿਆ ਕਿ ਰਾਜਸਥਾਨ ਨੂੰ 3.398 ਐਮਏਐਫ ਅਲਾਟ ਕੀਤਾ ਗਿਆ, 3.738 ਐਮਏਐਫ ਦੀ ਖਪਤ ਕੀਤੀ – 10% ਵਾਧੂ ਵਰਤਿਆ ਗਿਆ। ਹਰਿਆਣਾ: 2.987 ਐਮਏਐਫ ਅਲਾਟ ਕੀਤਾ ਗਿਆ, 3.091 ਐਮਏਐਫ ਦੀ ਖਪਤ ਕੀਤੀ – 3% ਵਾਧੂ ਵਰਤਿਆ ਗਿਆ। ਪੰਜਾਬ: 5.512 ਐਮਏਐਫ ਅਲਾਟ ਕੀਤਾ ਗਿਆ, ਸਿਰਫ 4.925 ਐਮਏਐਫ ਵਰਤਿਆ – ਆਪਣੇ ਹਿੱਸੇ ਦਾ ਸਿਰਫ 89% ਵਰਤਿਆ।

ਗਰਗ ਨੇ ਅੱਗੇ ਕਿਹਾ ਕਿ ਇਹ ਅੰਕੜੇ ਸਾਬਤ ਕਰਦੇ ਹਨ ਕਿ ਹਰਿਆਣਾ ਅਤੇ ਰਾਜਸਥਾਨ ਦੋਵੇਂ ਪਹਿਲਾਂ ਹੀ ਆਪਣੇ ਨਿਰਧਾਰਤ ਕੋਟੇ ਤੋਂ ਜਿਆਦਾ ਪਾਣੀ ਦੀ ਵਰਤੋਂ ਕਰ ਚੁੱਕੇ ਹਨ, ਜਦੋਂ ਕਿ ਪੰਜਾਬ ਨੇ ਆਪਣੇ ਸਹੀ ਹਿੱਸੇ ਤੋਂ ਘੱਟ ਪਾਣੀ ਵਰਤਿਆ ਹੈ। ਫਿਰ ਵੀ, ਭਾਜਪਾ ਦੀ ਪੰਜਾਬ ਦੇ ਪਾਣੀ ਨੂੰ ਖੋਹਣ ਦੀ ਬੇਬੁਨਿਆਦ ਮੁਹਿੰਮ ਜਾਰੀ ਹੈ।
ਗਰਗ ਨੇ ਸੰਘੀ ਢਾਂਚੇ ਦਾ ਸਤਿਕਾਰ ਕਰਨ ਬਾਰੇ ਆਪਣੀ ਨਵੀਂ ਬਿਆਨਬਾਜ਼ੀ ਲਈ ਭਾਜਪਾ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਇਹ ਵਿਡੰਬਨਾ ਹੈ ਕਿ ਨਾਇਬ ਸਿੰਘ ਸੈਣੀ ਸੰਘੀ ਢਾਂਚੇ ਬਾਰੇ ਗੱਲ ਕਰ ਰਹੇ ਹਨ ਜਦੋਂ ਕਿ ਭਾਜਪਾ ਨੇ ਸੰਵਿਧਾਨ ਅਤੇ ਡਾ. ਬੀ.ਆਰ. ਅੰਬੇਡਕਰ ਦੁਆਰਾ ਕਲਪਨਾ ਕੀਤੇ ਗਏ ਸੰਘੀ ਢਾਂਚੇ ਨੂੰ ਲਗਾਤਾਰ ਕਮਜ਼ੋਰ ਕੀਤਾ ਹੈ। ਭਾਰਤ ਦੇ ਲੋਕ ਜਾਣਦੇ ਹਨ ਕਿ ਭਾਜਪਾ ਆਪਣੇ ਏਜੰਡੇ ਦੇ ਤਹਿਤ ਬਿਆਨਾਂ ‘ਚ ਕਿਵੇਂ ਹੇਰ-ਫੇਰ ਕਰਦੀ ਹੈ।”
ਨੀਲ ਗਰਗ ਨੇ ਕੇਂਦਰ ਅਤੇ ਹਰਿਆਣਾ ਵਿੱਚ ਭਾਜਪਾ ਸਰਕਾਰਾਂ ‘ਤੇ ਰਾਜਨੀਤਿਕ ਲਾਭ ਲਈ ਪੰਜਾਬ ਦੇ ਸਰੋਤਾਂ ਦੀ ਦੁਰਵਰਤੋਂ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ “ਪੰਜਾਬ ਦਾ ਪਾਣੀ ਸਿਰਫ਼ ਇੱਕ ਸਰੋਤ ਨਹੀਂ ਹੈ, ਇਹ ਸਾਡੇ ਕਿਸਾਨਾਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਜੀਵਨ ਰੇਖਾ ਹੈ। ਅਸੀਂ ਕਿਸੇ ਨੂੰ ਵੀ ਪੰਜਾਬ ਨੂੰ ਮਾਰੂਥਲ ਵਿੱਚ ਬਦਲਣ ਦੀ ਇਜਾਜ਼ਤ ਨਹੀਂ ਦੇਵਾਂਗੇ,”।
ਨੀਲ ਗਰਗ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਦੇ ਦਾਅਵੇ ਕੇਂਦਰੀ ਗ੍ਰਹਿ ਸਕੱਤਰ ਦੀ ਪ੍ਰਧਾਨਗੀ ਹੇਠ ਹੋਈ ਹਾਲੀਆ ਮੀਟਿੰਗ ਵਿੱਚ ਉਨ੍ਹਾਂ ਵੱਲੋਂ ਕਹੀ ਗਈਆਂ ਗੱਲਾਂ ਨਾਲ ਮੇਲ ਨਹੀਂ ਖਾਂਦੇ। ਗਰਗ ਨੇ ਸਵਾਲ ਕੀਤਾ, “ਜੇਕਰ ਹਰਿਆਣਾ ਦੇ ਦਾਅਵਿਆਂ ਵਿੱਚ ਕੋਈ ਦਮ ਹੈ, ਤਾਂ ਉਨ੍ਹਾਂ ਨੇ ਆਪਣੀਆਂ ਮੰਗਾਂ ਨੂੰ ਪ੍ਰਮਾਣਿਤ ਕਰਨ ਦੀ ਬਜਾਏ ਮੀਟਿੰਗ ਵਿੱਚ ਸਿਰਫ਼ 4,500 ਕਿਊਸਿਕ ਤੱਕ ਸੀਮਿਤ ਪਾਣੀ ਦਾ ਅਸਥਾਈ ਕਰਜ਼ਾ ਕਿਉਂ ਮੰਗਿਆ? ਇਹ ਸਪੱਸ਼ਟ ਤੌਰ ‘ਤੇ ਦਰਸਾਉਂਦਾ ਹੈ ਕਿ ਹਰਿਆਣਾ ਦੁਆਰਾ ਪੇਸ਼ ਕੀਤੇ ਗਏ ਅੰਕੜਿਆਂ ਵਿੱਚ ਭਰੋਸੇਯੋਗਤਾ ਦੀ ਘਾਟ ਹੈ।”
ਉਨ੍ਹਾਂ ਨੇ ਜਲ ਸਰੋਤਾਂ ਦੇ ਦੁਰਪ੍ਰਬੰਧ ਲਈ ਭਾਜਪਾ ਦੀ ਆਲੋਚਨਾ ਕੀਤੀ ਅਤੇ ਕਿਹਾ “ਹਰਿਆਣਾ ਮਾਰਚ ਤੱਕ ਆਪਣਾ ਕੋਟਾ ਪਹਿਲਾਂ ਹੀ ਵਰਤ ਚੁੱਕਾ ਹੈ ਅਤੇ ਹੁਣ ਪੰਜਾਬ ਦੇ ਹਿੱਸੇ ‘ਤੇ ਨਜ਼ਰ ਰੱਖ ਰਿਹਾ ਹੈ। ਹਰਿਆਣਾ ਵੱਲੋਂ ਜਲ ਸਰੋਤਾਂ ਦੀ ਇਹ ਦੁਰਵਰਤੋਂ ਪਾਣੀ ਪ੍ਰਬੰਧਨ ਵਿੱਚ ਭਾਜਪਾ ਦੀ ਅਸਫਲਤਾ ਨੂੰ ਉਜਾਗਰ ਕਰਦਾ ਹੈ।”
ਨੀਲ ਗਰਗ ਨੇ ਪੰਜਾਬ ਦੇ ਪਾਣੀ ਅਤੇ ਆਪਣੇ ਕਿਸਾਨਾਂ ਦੇ ਅਧਿਕਾਰਾਂ ਦੀ ਰੱਖਿਆ ਲਈ ‘ਆਪ’ ਦੀ ਵਚਨਬੱਧਤਾ ਨੂੰ ਦੁਹਰਾਇਆ। ਉਨ੍ਹਾਂ ਕਿਹਾ “ਪੰਜਾਬ ਇਸ ਦਿਨ-ਦਿਹਾੜੇ ਲੁੱਟ ਨੂੰ ਕਦੇ ਬਰਦਾਸ਼ਤ ਨਹੀਂ ਕਰੇਗਾ। ਅਸੀਂ ਮੰਗ ਕਰਦੇ ਹਾਂ ਕਿ ਭਾਜਪਾ ਪੰਜਾਬ ਵਿਰੁੱਧ ਆਪਣੀ ਸਾਜ਼ਿਸ਼ ਨੂੰ ਤੁਰੰਤ ਬੰਦ ਕਰੇ। ਪੰਜਾਬ ਦੇ ਲੋਕ ਆਪਣੇ ਸਰੋਤਾਂ ਦੀ ਰਾਖੀ ਲਈ ਆਪਣੇ ਸੰਕਲਪ ਵਿੱਚ ਇੱਕਜੁੱਟ ਹਨ,”।
