- ਆਪਣੇ ਦੋਸਤ ਨਾਲ ਪਹਾੜਾਂ ‘ਚ ਏ.ਟੀ.ਵੀ ਰਾਈਡਿੰਗ ਲਈ ਗਿਆ ਸੀ
ਜਲੰਧਰ, 7 ਜੂਨ 2024 – ਜਲੰਧਰ ਦੇ ਸ਼ਾਹਕੋਟ ਹਲਕੇ ਤੋਂ ਕਾਂਗਰਸੀ ਵਿਧਾਇਕ ਲਾਡੀ ਸ਼ੇਰੋਵਾਲੀਆ ਦੇ ਭਤੀਜੇ ਦੀ ਕੈਨੇਡਾ ਵਿੱਚ ਸੜਕ ਹਾਦਸੇ ਵਿੱਚ ਮੌਤ ਹੋ ਗਈ। ਉਸ ਦੀ ਪਛਾਣ ਜਸਮੇਰ ਸਿੰਘ ਵਜੋਂ ਹੋਈ ਹੈ। ਜਸਮੇਰ ਸਿੰਘ ਦੇ ਪਿਤਾ ਸੀਨੀਅਰ ਕਾਂਗਰਸੀ ਆਗੂ ਅਜਮੇਰ ਸਿੰਘ ਖਾਲਸਾ ਹਨ, ਜਿਨ੍ਹਾਂ ਦੀ ਸ਼ਾਹਕੋਟ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਚੰਗੀ ਪਕੜ ਹੈ।
ਨੌਜਵਾਨ ਪੁੱਤ ਦੀ ਮੌਤ ਤੋਂ ਬਾਅਦ ਸ਼ਾਹਕੋਟ ਹਲਕੇ ਦੇ ਵਿਧਾਇਕ ਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਹਰਦੇਵ ਸਿੰਘ ਉਰਫ਼ ਲਾਡੀ ਸ਼ੇਰੋਵਾਲੀਆ ਤੇ ਅਜਮੇਰ ਸਿੰਘ ਦਾ ਪਰਿਵਾਰ ਸਦਮੇ ਵਿੱਚ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਸਮੇਰ ਸਿੰਘ ਪਹਾੜੀ ਇਲਾਕੇ ਵਿੱਚ ਏ.ਟੀ.ਵੀ ਰਾਈਡਿੰਗ ਲਈ ਆਪਣੇ ਇੱਕ ਦੋਸਤ ਨਾਲ ਕੈਨੇਡਾ ਗਿਆ ਸੀ, ਜਿੱਥੇ ਹਾਦਸੇ ਵਿੱਚ ਉਸ ਦੀ ਮੌਤ ਹੋ ਗਈ।
ਸ਼ੂਗਰ ਮਿੱਲ ਨਕੋਦਰ ਦੇ ਚੇਅਰਮੈਨ ਅਸ਼ਵਿੰਦਰ ਸਿੰਘ ਅਤੇ ਮ੍ਰਿਤਕ ਦੇ ਭਰਾ ਸੰਤੋਖ ਸਿੰਘ ਖਹਿਰਾ ਨੇ ਦੱਸਿਆ ਕਿ ਜਸਮੇਰ ਸਿੰਘ ਆਪਣੇ ਇੱਕ ਹੋਰ ਦੋਸਤ ਅਮਨਦੀਪ ਸਿੰਘ ਕਾਹਲੋਂ ਵਾਸੀ ਅੰਮ੍ਰਿਤਸਰ ਨਾਲ ਏ.ਟੀ.ਵੀ. ਦੀ ਰਾਈਡਿੰਗ ਲਈ ਪਹਾੜਾਂ ਵੱਲ ਗਿਆ ਸੀ। ਜਦੋਂ ਉਹ ਰਾਈਡਿੰਗ ਤੋਂ ਬਾਅਦ ਵਾਪਸ ਆ ਰਹੇ ਸਨ ਤਾਂ ਬਾਈਕ ਦਾ ਸੰਤੁਲਨ ਗੁਆ ਦੇਣ ਕਾਰਨ ਦੋਵੇਂ ਵਿਅਕਤੀ 300 ਫੁੱਟ ਡੂੰਘੀ ਖਾਈ ਵਿੱਚ ਜਾ ਡਿੱਗੇ।
ਦੋਵਾਂ ਨੌਜਵਾਨਾਂ ਨੂੰ ਏਅਰ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਜਸਮੇਰ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਅਤੇ ਗੰਭੀਰ ਜ਼ਖ਼ਮੀ ਅਮਨਦੀਪ ਸਿੰਘ ਦਾ ਇਲਾਜਚੱਲ ਰਿਹਾ ਹੈ।
ਪਰਿਵਾਰ ਮੁਤਾਬਕ ਜਸਮੇਰ ਸਿੰਘ ਦੀ ਪਤਨੀ ਅਤੇ ਬੱਚੇ ਭਾਰਤ ਆਏ ਹੋਏ ਸਨ ਅਤੇ ਕੈਨੇਡਾ ਪਰਤਣ ਲਈ ਦਿੱਲੀ ਏਅਰਪੋਰਟ ‘ਤੇ ਗਏ ਹੋਏ ਸਨ। ਫਿਰ ਉਨ੍ਹਾਂ ਨੂੰ ਜਸਮੇਰ ਸਿੰਘ ਦੀ ਦਰਦਨਾਕ ਮੌਤ ਦੀ ਖ਼ਬਰ ਮਿਲੀ। ਉਨ੍ਹਾਂ ਦੱਸਿਆ ਕਿ ਜਸਮੇਰ ਸਿੰਘ ਦਾ ਅੰਤਿਮ ਸਸਕਾਰ ਸਾਹਲਾ ਨਗਰ ਮਲਸੀਆਂ ਸ਼ਾਹਕੋਟ ਵਿਖੇ ਹੋਵੇਗਾ | ਜਸਮੇਰ ਦੀ ਮ੍ਰਿਤਕ ਦੇਹ ਨੂੰ ਜਲਦੀ ਹੀ ਭਾਰਤ ਲਿਆਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਜਿਸ ਤੋਂ ਬਾਅਦ ਉਨ੍ਹਾਂ ਦਾ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਭਾਰਤ ਵਿੱਚ ਸਿੱਖ ਰੀਤੀ-ਰਿਵਾਜਾਂ ਅਨੁਸਾਰ ਕੀਤਾ ਜਾਵੇਗਾ।