- 780 ਲੱਖ ਰੁਪਏ ਆਵੇਗੀ ਅਨੁਮਾਨਿਤ ਲਾਗਤ
ਚੰਡੀਗੜ੍ਹ, 25 ਮਈ 2023 – ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਹਲਕਾ ਜਗਰਾਉਂ ਅਧੀਨ ਪੈਂਦੇ ਪਿੰਡ ਅਖਾੜਾ ਵਿਖੇ ਅਬੋਹਰ ਕਨਾਲ ਬਰਾਂਚ ‘ਤੇ ਨਵਾਂ ਤੇ 40 ਫੁੱਟ ਚੌੜਾ ਪੁੱਲ ਉਸਾਰਿਆ ਜਾਵੇਗਾ। ਇਸ ਪੁੱਲ ਦੀ ਉਸਾਰੀ ‘ਤੇ 780 ਲੱਖ ਰੁਪਏ ਅਨੁਮਾਨਿਤ ਲਾਗਤ ਆਵੇਗੀ।
ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਲਾਕੇ ਦੇ ਲੋਕਾਂ ਵੱਲੋਂ ਪੁਰਾਣੇ ਤੰਗ ਪੁੱਲ ਦੀ ਜਗ੍ਹਾ ‘ਤੇ ਨਵੇਂ ਅਤੇ ਚੌੜੇ ਪੁੱਲ ਦੀ ਉਸਾਰੀ ਦੀ ਮੰਗ ਕਾਫੀ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਸੀ।ਉਨ੍ਹਾਂ ਦੱਸਿਆ ਕਿ ਇਸ ਪੁੱਲ ਦੀ ਉਸਾਰੀ ਨਾਲ ਇਹ ਮੰਗ ਪੂਰੀ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਪੁੱਲ ਦੀ ਮੁੜ ਉਸਾਰੀ ਨੂੰ ਨਾਬਾਰਡ ਸਕੀਮ ਆਰ.ਆਈ.ਡੀ.ਐਫ-28 ਅਧੀਨ 780 ਲੱਖ ਰੁਪਏ ਦੀ ਲਾਗਤ ਨਾਲ ਬਣਾਉਣ ਦਾ ਪ੍ਰਵਾਨਗੀ ਪੱਤਰ ਜਾਰੀ ਹੋ ਚੁੱਕਾ ਹੈ।
ਜ਼ਿਕਰਯੋਗ ਹੈ ਕਿ 33 ਫੁੱਟ ਚੌੜੇ ਜਗਰਾਓਂ-ਰਾਏਕੋਟ ਮਾਰਗ ‘ਤੇ ਪਿੰਡ ਅਖਾੜਾ, ਨੇੜੇ ਅਬੋਹਰ ਕਨਾਲ ‘ਤੇ ਇੱਕ ਬਹੁਤ ਪੁਰਾਣਾ 12 ਫੁੱਟ ਚੌੜਾ ਡਾਟਾ ਵਾਲਾ ਪੁੱਲ (ਅਖਾੜਾ ਪੁੱਲ) ਬਣਿਆ ਹੋਇਆ ਹੈ, ਜਿਸ ਦੀ ਹਾਲਤ ਬਹੁਤ ਖਰਾਬ ਹੈ। ਇਹ ਸੜਕ ਕਈ ਮਹੱਤਵਪੂਰਨ ਸ਼ਹਿਰਾਂ ਜਿਵੇਂ ਜਗਰਾਓਂ, ਰਾਏਕੋਟ, ਬਰਨਾਲਾ, ਖੰਨਾ, ਮਲੇਰਕੋਟਲਾ ਆਦਿ ਨੂੰ ਜੋੜਦੀ ਹੈ। ਅਖਾੜਾ ਪੁੱਲ ਤੰਗ ਹੋਣ ਕਾਰਨ ਸੜਕ ‘ਤੇ ਰੋਜ਼ਾਨਾ ਟ੍ਰੈਫਿਕ ਜਾਮ ਰਹਿੰਦਾ ਹੈ ਅਤੇ ਐਕਸੀਡੈਂਟ ਹੋਣ ਦਾ ਖਤਰਾ ਵੀ ਬਣਿਆ ਰਹਿੰਦਾ ਹੈ। ਇਸ ਪੁੱਲ ਦੇ ਬਣਨ ਨਾਲ ਟ੍ਰੈਫਿਕ ਜਾਮ ਸਬੰਧੀ ਲੰਬੇ ਸਮੇਂ ਤੋਂ ਚਲੀ ਆ ਰਹੀ ਸਮੱਸਿਆ ਦਾ ਹੱਲ ਹੋ ਜਾਵੇਗਾ।