- ਨਵੀਂ ਨੀਤੀ ਪੰਜਾਬ ਦੀ ਭੂਗੋਲਿਕ ਸਥਿਤੀ, ਮਿੱਟੀ ਦੀ ਸਿਹਤ, ਫਸਲਾਂ ਤੇ ਪਾਣੀ ਨੂੰ ਮੁੱਖ ਰੱਖ ਕੇ ਹੋਵੇਗੀ ਤਿਆਰ
- ਕੁਦਰਤੀ ਖੇਤੀ ਲਈ ਵੱਖਰੀ ਨੀਤੀ ਬਣਾਉਣ ਦਾ ਵੀ ਕੀਤਾ ਐਲਾਨ
- ਪੰਜਾਬ ਦੀਆਂ ਫਸਲਾਂ, ਪਾਣੀ, ਮਿੱਟੀ ਅਤੇ ਵਾਤਾਵਰਣ ਨੂੰ ਕੇਂਦਰ ‘ਚ ਰੱਖ ਕੇ ਵੱਖ-ਵੱਖ ਕਾਨਫਰੰਸਾਂ ਕਰਨ ਦਾ ਕੀਤਾ ਐਲਾਨ
ਚੰਡੀਗੜ੍ਹ, 6 ਦਸੰਬਰ 2022 – ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਖੇਤੀਬਾੜੀ ਦੀ ਵਿਵਸਥਾ ਵਿੱਚ ਸੁਧਾਰ ਕਰਨ ਲਈ ਲਗਾਤਾਰ ਯਤਨ ਕਰ ਰਹੀ ਹੈ। ਇਸੇ ਦਿਸ਼ਾ ‘ਚ ਅੱਗੇ ਵਧਦਿਆਂ 31 ਮਾਰਚ, 2023 ਤੱਕ ਸੂਬੇ ਦੀ ਨਵੀਂ ਖੇਤੀਬਾੜੀ ਨੀਤੀ ਤਿਆਰ ਕੀਤੀ ਜਾਵੇਗੀ। ਇਹ ਜਾਣਕਾਰੀ ਦਿੰਦਿਆਂ ਪੰਜਾਬ ਦੇ ਖੇਤੀਬਾੜੀ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਨਵੀਂ ਖੇਤੀਬਾੜੀ ਨੀਤੀ ਪੰਜਾਬ ਦੀ ਭੂਗੋਲਿਕ ਸਥਿਤੀ, ਮਿੱਟੀ ਦੀ ਸਿਹਤ, ਫਸਲਾਂ ਤੇ ਪਾਣੀ ਦੀ ਉਪਲੱਬਧਤਾ ਨੂੰ ਮੁੱਖ ਰੱਖ ਕੇ ਤਿਆਰ ਕੀਤੀ ਜਾਵੇਗੀ, ਜਿਸ ਲਈ ਪ੍ਰਸਿੱਧ ਖੇਤੀਬਾੜੀ ਵਿਗਿਆਨੀਆਂ, ਮਾਹਿਰਾਂ ਤੇ ਕਿਸਾਨ ਜਥੇਬੰਦੀਆਂ ਨਾਲ ਸਲਾਹ ਮਸ਼ਵਰੇ ਕੀਤੇ ਜਾ ਰਹੇ ਹਨ।
ਸ. ਧਾਲੀਵਾਲ ਨੇ ਅੱਜ ਪੰਜਾਬ ਰਾਜ ਕਿਸਾਨ ਅਤੇ ਖੇਤੀ ਕਾਮੇ ਕਮਿਸ਼ਨ ਵੱਲੋਂ ‘ਪੰਜਾਬ ਦਾ ਖੇਤੀ ਵਿਕਾਸ ਮਾਡਲ – ਕੁੱਝ ਨੀਤੀਗਤ ਮੁੱਦੇ ‘ਵਿਸ਼ੇ ‘ਤੇ ਕਰਵਾਈ ਗਈ ਕਿਸਾਨ ਗੋਸ਼ਟੀ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਗੈਰ ਜਿੰਮੇਵਾਰਾਨਾ ਰਵੱਈਏ ਤੇ ਗਲਤ ਨੀਤੀਆਂ ਕਾਰਨ ਪੰਜਾਬ ਦਾ ਸ਼ੁੱਧ ਪਾਣੀ, ਸ਼ੁੱਧ ਹਵਾ ਤੇ ਵਾਤਾਵਰਣ ਅਤੇ ਸਿਹਤਮੰਦ ਉਪਜਾਊ ਭੂਮੀ ਹੁਣ ਦੂਸ਼ਤ ਪਾਣੀ, ਜ਼ਹਿਰੀਲੀ ਹਵਾ ਅਤੇ ਗੈਰ-ਉਪਜਾਊ ਭੂਮੀ ਵਿੱਚ ਬਦਲ ਰਹੀ ਹੈ, ਜਿਸ ਨੂੰ ਸਾਫ਼ ਨੀਤੀ ਤੇ ਨੀਅਤ ਨਾਲ ਬਦਲਣ ਦੀ ਜ਼ਰੂਰਤ ਹੈ।
ਕੁਦਰਤੀ ਖੇਤੀ ਲਈ ਵੱਖਰੀ ਨੀਤੀ ਬਣਾਉਣ ਦਾ ਐਲਾਨ ਕਰਦਿਆਂ ਖੇਤੀ ਮੰਤਰੀ ਨੇ ਕਿਹਾ ਕਿ ਖੇਤੀ ਵਿੱਚ ਰਸਾਇਣਿਕ ਖਾਦਾਂ, ਨਦੀਨ ਨਾਸ਼ਕਾਂ ਅਤੇ ਕੀਟ ਨਾਸ਼ਕਾਂ ਦੀ ਹੱਦੋਂ ਵੱਧ ਵਰਤੋਂ ਕਾਰਨ ਲੋਕਾਂ ਨੂੰ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨ ਪੈ ਰਿਹਾ ਹੈ।ਉਨ੍ਹਾਂ ਕਿਹਾ ਕਿ ਪੰਜਾਬ ਨੂੰ ਪਹਿਲਾਂ ਵਾਲੀ ਸਥਿਤੀ ਵਿੱਚ ਲਿਆਉਣ ਲਈ ਕੁਦਰਤੀ ਖੇਤੀ ਦੇ ਆਪਣੀ ਆਬੋ-ਹਵਾ ਅਨੁਸਾਰ ਕੰਮ ਕਰਨ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਖੇਤੀ ਸਿਰਫ਼ ਖੇਤੀ ਨਹੀਂ, ਇਹ ਜੀਵਨ ਨਾਲ ਜੁੜਿਆ ਹੋਇਆ ਮੁੱਦਾ ਹੈ।ਉਨ੍ਹਾਂ ਕੋਆਪ੍ਰੇਟਿਵ ਪ੍ਰਣਾਲੀ ਨੂੰ ਆਬਾਦ ਕਰਨ ਦੀ ਲੋੜ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਖੇਤੀ ਨੂੰ ਜ਼ਰੂਰਤ ਮੁਤਾਬਿਕ ਕਰਨ ਦੀ ਜ਼ਰੂਰਤ ਹੈ।
ਖੇਤੀ ਮੰਤਰੀ ਨੇ ਖੇਤੀ ਵਿੱਚ ਆਏ ਅਸਾਵੇਂਪਣ ਨੂੰ ਦੂਰ ਕਰਨ ਦੀ ਲੋੜ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਸੂਬਾ ਸਰਕਾਰ ਖੇਤੀਬਾੜੀ ਨੂੰ ਬਚਾਉਣ ਦੀ ਦਿਸ਼ਾ ਵਿੱਚ ਸਭ ਦੇ ਸਹਿਯੋਗ ਨਾਲ ਅੱਗੇ ਵਧੇਗੀ।ਉਨ੍ਹਾਂ ਕਿਹਾ ਕਿ ਖੇਤੀ ਕਰਨ ਲਈ ਵੱਡੀਆਂ ਮਸ਼ੀਨਾ ਖਰੀਦਣ ਦੀ ਥਾਂ ਛੋਟੀਆਂ ਮਸ਼ੀਨਾਂ ਦੀ ਸੁਯੋਗ ਵਰਤੋਂ ਕਰਨੀ ਚਾਹੀਦੀ ਹੈ, ਜਿਸ ਨਾਲ ਕਿਸਾਨਾਂ ਦੀ ਆਰਥਿਕਤਾ ‘ਚ ਵੀ ਸੁਧਾਰ ਹੋਵੇਗਾ। ਪੰਜਾਬ ਦੀਆਂ ਫਸਲਾਂ, ਪਾਣੀ ਅਤੇ ਮਿੱਟੀ ਤੇ ਵਾਤਾਵਰਣ ਨੂੰ ਕੇਂਦਰ ‘ਚ ਰੱਖ ਕੇ ਵੱਖ-ਵੱਖ ਕਾਨਫਰੰਸਾਂ ਕਰਨ ਦਾ ਐਲਾਨ ਕਰਦਿਆਂ ਉਨ੍ਹਾਂ ਕਿਹਾ ਸੂਬਾ ਸਰਕਾਰ ਕਿ ਖੇਤੀ ਮਾਹਿਰਾਂ ਤੇ ਖੇਤੀ ਵਿਗਿਆਨੀਆਂ ਤੇ ਤਜ਼ਰਬੇਕਾਰ ਲੋਕਾਂ ਦੀ ਮਦਦ ਨਾਲ ਖੇਤੀ ਖੇਤਰ ਨੂੰ ਮਜ਼ਬੂਤ ਕਰਨ ਦਾ ਹਰ ਸੰਭਵ ਯਤਨ ਕਰੇਗੀ।
ਇਸ ਕਾਨਫਰੰਸ ਮੌਕੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਉੱਪ-ਕੁੱਲਪਤੀ ਡਾ. ਸਤਬੀਰ ਸਿੰਘ ਗੋਸਲ, ਪੰਜਾਬ ਰਾਜ ਕਿਸਾਨ ਅਤੇ ਖੇਤੀ ਕਾਮੇ ਕਮਿਸ਼ਨ ਦੇ ਚੇਅਰਮੈਨ ਡਾ. ਸੁਖਪਾਲ ਸਿੰਘ, ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਡਾ. ਗੁਰਵਿੰਦਰ ਸਿੰਘ, ਡਾ. ਦਵਿੰਦਰ ਸ਼ਰਮਾ, ਡਾ. ਗੁਰਕੰਵਲ ਸਿੰਘ, ਪ੍ਰੋਫੈਸਰ ਬਾਵਾ ਸਿੰਘ, ਪ੍ਰਿੰਸੀਪਲ ਸੁੱਚਾ ਸਿੰਘ, ਡਾ. ਕੁਲਦੀਪ ਸਿੰਘ ਆਦਿ ਤੋਂ ਇਲਾਵਾ ਕਿਰਤੀ ਕਿਸਾਨ ਯੂਨੀਅਨ ਦੇ ਆਗੂਅ: ਸ. ਰਵਿੰਦਰ ਸਿੰਘ ਅਤੇ ਸ. ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਆਦਿ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਖੇਤੀਬਾੜੀ ਵਿਭਾਗ ਦੇ ਸਕੱਤਰ ਸ. ਅਰਸ਼ਦੀਪ ਸਿੰਘ ਥਿੰਦ ਤੋਂ ਇਲਾਵਾ ਵਿਭਾਗ ਦੇ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।