ਪੁਰਾਣੇ ਸ਼ਾਸਕਾਂ ਦੇ ਸਵਾਰਥਾਂ ਅਤੇ ਲਾਲਚ ਕਾਰਨ ਪਟਿਆਲਾ ਵਿਕਾਸ ਪੱਖੋਂ ਪਛੜਿਆ, ਨਵਾਂ ਬੱਸ ਅੱਡਾ ਪਹਿਲੀ ਅਪਰੈਲ ਤੱਕ ਹੋਵੇਗਾ ਸ਼ੁਰੂ – ਮਾਨ

  • ਮਾਡਲ ਟਾਊਨ ਡਰੇਨ ਦੇ ਚੈਨਲਾਈਜੇਸ਼ਨ ਤੇ ਸੁੰਦਰੀਕਰਨ ਦਾ ਪ੍ਰਾਜੈਕਟ 31 ਮਾਰਚ ਤੱਕ ਮੁਕੰਮਲ ਕਰਨ ਲਈ ਕਿਹਾ
  • ਸ਼ਹਿਰ ਦੇ ਵਿਕਾਸ ਸਬੰਧੀ 167 ਕਰੋੜ ਰੁਪਏ ਦੇ ਪ੍ਰਾਜੈਕਟਾਂ ਦੀ ਪ੍ਰਗਤੀ ਦਾ ਲਿਆ ਜਾਇਜ਼ਾ
  • ਪਟਿਆਲਾ ਦਾ ਨਵਾਂ ਬੱਸ ਅੱਡਾ ਪਹਿਲੀ ਅਪਰੈਲ ਤੱਕ ਹੋਵੇਗਾ ਸ਼ੁਰੂ
  • ਨਿਰਧਾਰਤ ਸਮੇਂ ਵਿੱਚ ਮੁਕੰਮਲ ਨਾ ਹੋਣ ਵਾਲੇ ਪ੍ਰਾਜੈਕਟਾਂ ਲਈ ਅਧਿਕਾਰੀਆਂ ਨੂੰ ਬਣਾਇਆ ਜਾਵੇਗਾ ਜਵਾਬਦੇਹ

ਪਟਿਆਲਾ, 20 ਜਨਵਰੀ 2023 – ਪੁਰਾਣੇ ਸ਼ਾਸਕਾਂ ਦੇ ਸਵਾਰਥਾਂ ਅਤੇ ਲਾਲਚ ਕਾਰਨ ਪਟਿਆਲਾ ਦੇ ਸੱਤਾ ਦਾ ਕੇਂਦਰ ਹੋਣ ਦੇ ਬਾਵਜੂਦ ਵਿਕਾਸ ਪੱਖੋਂ ਪਛੜਨ ਦਾ ਦਾਅਵਾ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਨ੍ਹਾਂ ਸ਼ਾਸਕਾਂ ਨੇ ਸ਼ਹਿਰ ਦੀ ਮਾੜੀ ਹਾਲਤ ਨੂੰ ਸੁਧਾਰਨ ਦੀ ਥਾਂ ਆਪਣੇ ਨਿੱਜੀ ਮਹਿਲਾਂ ਨੂੰ ਸ਼ਿੰਗਾਰਨ ਉਤੇ ਵੱਧ ਧਿਆਨ ਦਿੱਤਾ।

ਸ਼ਹਿਰ ਦੇ ਵਿਕਾਸ ਲਈ 167 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦੇ ਕੰਮ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਕਿੰਨੀ ਹਾਸੋਹੀਣੀ ਗੱਲ ਹੈ ਕਿ ਸੱਤਾ ਦੇ ‘ਮਹਾਰਾਜਿਆਂ’ ਨੇ ਸ਼ਹਿਰ ਨਾਲੋਂ ਆਪਣੇ ਵਿਕਾਸ ਵੱਲ ਵੱਧ ਧਿਆਨ ਦਿੱਤਾ। ਉਨ੍ਹਾਂ ਕਿਹਾ ਕਿ ਭਾਵੇਂ ਪਟਿਆਲਾ ਨੂੰ ‘ਬਾਗ਼ਾਂ ਦੇ ਸ਼ਹਿਰ’ ਵਜੋਂ ਜਾਣਿਆ ਜਾਂਦਾ ਹੈ ਪਰ ਸੱਤਾਧਾਰੀਆਂ ਦੇ ਉਦਾਸੀਨ ਰਵੱਈਏ ਕਾਰਨ ਪਿਛਲੇ ਕੁੱਝ ਸਾਲਾਂ ਵਿੱਚ ਸ਼ਹਿਰ ਨੇ ਆਪਣੀ ਦਿੱਖ ਗਵਾ ਦਿੱਤੀ ਹੈ। ਭਗਵੰਤ ਮਾਨ ਨੇ ਅਫ਼ਸੋਸ ਜ਼ਾਹਰ ਕੀਤਾ ਕਿ ਪਟਿਆਲਾ ਨਾਲ ਸਬੰਧਤ ਰਹੇ ਪੰਜਾਬ ਦੇ ਸ਼ਾਸਕਾਂ ਦਾ ਸ਼ਹਿਰ ਦੇ ਵਿਕਾਸ ਵੱਲ ਕੋਈ ਧਿਆਨ ਨਹੀਂ ਰਿਹਾ।
ਮੁੱਖ ਮੰਤਰੀ ਨੇ ਕਿਹਾ ਕਿ ਸ਼ਹਿਰ ਵਿੱਚ ਨਵੇਂ ਬੱਸ ਅੱਡੇ ਤੇ ਸੜਕਾਂ ਦਾ ਨਿਰਮਾਣ, ਡਰੇਨ ਦੇ ਚੈਨਲਾਈਜੇਸ਼ਨ ਤੇ ਸੁੰਦਰੀਕਰਨ ਦੇ ਪ੍ਰਾਜੈਕਟ, ਮੁਸਾਫਿਰ ਮੈਮੋਰੀਅਲ ਸੈਂਟਰਲ ਸਟੇਟ ਲਾਇਬ੍ਰੇਰੀ ਵਿਖੇ ਡਿਜੀਟਲ ਲਾਇਬ੍ਰੇਰੀ ਦੇ ਨਿਰਮਾਣ ਤੇ ਹੋਰ ਪ੍ਰਾਜੈਕਟ ਕਾਫ਼ੀ ਲੰਮੇ ਸਮੇਂ ਤੋਂ ਲਟਕ ਰਹੇ ਸਨ। ਪਟਿਆਲਾ ਦੇ ਵਿਕਾਸ ਤੇ ਤਰੱਕੀ ਲਈ ਵਚਨਬੱਧ ਉਨ੍ਹਾਂ ਦੀ ਸਰਕਾਰ ਨੇ ਇਨ੍ਹਾਂ ਪ੍ਰਾਜੈਕਟਾਂ ਨੂੰ ਤੇਜ਼ ਗਤੀ ਨਾਲ ਅੱਗੇ ਵਧਾਇਆ ਹੈ। ਭਗਵੰਤ ਮਾਨ ਨੇ ਕਿਹਾ ਕਿ ਸ਼ਹਿਰ ਵਿੱਚ ਬਣ ਰਹੇ ਅਤਿ—ਆਧੁਨਿਕ ਬੱਸ ਅੱਡੇ ਦਾ ਕੰਮ ਪਹਿਲੀ ਅਪਰੈਲ ਤੱਕ ਮੁਕੰਮਲ ਕੀਤਾ ਜਾਵੇਗਾ। ਇਸ ਬੱਸ ਅੱਡੇ ਦਾ ਨਿਰਮਾਣ ਭਵਿੱਖ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖ ਕੇ ਕਰਵਾਇਆ ਜਾ ਰਿਹਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਬੱਸ ਅੱਡੇ ਦਾ 93 ਫੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਇਸ ਅੱਡੇ ਵਿੱਚ ਲਿਫਟ ਤੇ ਰੈਂਪ ਵਰਗੀਆਂ ਸਹੂਲਤਾਂ ਮੁਹੱਈਆ ਹੋਣਗੀਆਂ। ਭਗਵੰਤ ਮਾਨ ਨੇ ਕਿਹਾ ਕਿ ਇਸ ਅੱਡੇ ਤੋਂ 1500 ਬੱਸਾਂ ਚੱਲਣਗੀਆਂ ਅਤੇ ਲੋਕਾਂ ਨੂੰ ਵੱਡੀ ਪੱਧਰ ਉਤੇ ਸਹੂਲਤ ਮਿਲੇਗੀ। ਉਨ੍ਹਾਂ ਕਿਹਾ ਕਿ ਮੌਜੂਦਾ ਬੱਸ ਅੱਡੇ ਨੂੰ ਸ਼ਹਿਰ ਦੀ ਸ਼ਟਲ ਬੱਸ ਸੇਵਾ ਲਈ ਵਰਤਿਆ ਜਾਵੇਗਾ, ਜਿਸ ਤੋਂ ਸ਼ਹਿਰ ਦੇ ਵੱਖ—ਵੱਖ ਹਿੱਸਿਆਂ ਨੁੰ ਬੱਸ ਸੇਵਾ ਚਲਾਈ ਜਾਵੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਸ਼ਹਿਰ ਵਾਸੀਆਂ ਨੂੰ 24 ਘੰਟੇ ਨਹਿਰੀ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਲਈ 20 ਕਰੋੜ ਰੁਪਏ ਖ਼ਰਚੇ ਜਾ ਰਹੇ ਹਨ। ਉਨ੍ਹਾਂ ਮਾਡਲ ਟਾਊਨ ਡਰੇਨ ਦੇ ਚੈਨਲਾਈਜੇਸ਼ਨ ਤੇ ਸੁੰਦਰੀਕਰਨ ਦਾ ਪ੍ਰਾਜੈਕਟ 31 ਮਾਰਚ ਤੱਕ ਮੁਕੰਮਲ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਰਾਜਿੰਦਰਾ ਝੀਲ ਨੂੰ ਵਿਸ਼ਵ ਭਰ ਦੇ ਲੋਕਾਂ ਲਈ ਸੈਰ—ਸਪਾਟੇ ਦੇ ਕੇਂਦਰ ਵਜੋਂ ਵਿਕਸਤ ਕੀਤਾ ਜਾਵੇਗਾ। ਭਗਵੰਤ ਮਾਨ ਨੇ ਕਿਹਾ ਕਿ ਮੁਸਾਫਿਰ ਮੈਮੋਰੀਅਲ ਸੈਂਟਰਲ ਸਟੇਟ ਲਾਇਬ੍ਰੇਰੀ ਦੇ ਡਿਜੀਟਲਾਈਜੇਸ਼ਨ ਉਤੇ 8.26 ਕਰੋੜ ਰੁਪਏ ਖ਼ਰਚੇ ਜਾ ਰਹੇ ਹਨ।

ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਇਨ੍ਹਾਂ ਸਾਰੇ ਪ੍ਰਾਜੈਕਟਾਂ ਉਤੇ ਕੰਮ ਸਮਾਂਬੱਧ ਤਰੀਕੇ ਨਾਲ ਮੁਕੰਮਲ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰਾਜੈਕਟਾਂ ਨੂੰ ਨੇਪਰੇ ਚਾੜ੍ਹਨ ਵਿੱਚ ਕਿਸੇ ਵੀ ਤਰ੍ਹਾਂ ਦੀ ਦੇਰੀ ਕਤਈ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਭਗਵੰਤ ਮਾਨ ਨੇ ਕਿਹਾ ਕਿ ਜੇ ਨਿਰਧਾਰਤ ਸਮੇਂ ਵਿੱਚ ਇਹ ਕੰਮ ਮੁਕੰਮਲ ਨਾ ਹੋਏ ਤਾਂ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇਗੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਮੋਹਾਲੀ ਦੇ ਉੱਚ ਪੁਲਿਸ ਅਧਿਕਾਰੀਆਂ ਅਤੇ ਸਬੰਧਿਤ ਪੁਲਿਸ ਅਧਿਕਾਰੀ ਨੂੰ ਐਸ.ਸੀ. ਕਮਿਸ਼ਨ ਨੇ ਤਲਬ ਕੀਤਾ

ਮੁੱਖ ਸਕੱਤਰ ਵੱਲੋਂ ਝੋਨੇ ਦੀ ਪਰਾਲੀ ਨੂੰ ਪਸ਼ੂਆਂ ਦੇ ਚਾਰੇ ਵਜੋਂ ਵਰਤਣ ਦੇ ਰਾਹ ਤਲਾਸ਼ਣ ਲਈ ਵਿਆਪਕ ਯੋਜਨਾ ਤਿਆਰ ਕਰਨ ਦੇ ਨਿਰਦੇਸ਼