- ਦੇਸ਼ ‘ਚ ਹੋਵੇਗੀ ਦੂਜੀ ਅਜਿਹੀ ਜੇਲ੍ਹ
ਚੰਡੀਗੜ੍ਹ, 12 ਅਕਤੂਬਰ 2022 – ਜੇਲ੍ਹਾਂ ਵਿੱਚ ਚੱਲ ਰਹੇ ਗੈਂਗਸਟਰਾਂ ਅਤੇ ਅੱਤਵਾਦੀਆਂ ਦੇ ਨੈੱਟਵਰਕ ਨੂੰ ਰੋਕਣ ਲਈ ਪੰਜਾਬ ਵਿੱਚ ਇੱਕ ਨਵੀਂ ਉੱਚ ਸੁਰੱਖਿਆ ਵਾਲੀ ਜੇਲ੍ਹ ਬਣਨ ਜਾ ਰਹੀ ਹੈ। ਦੇਸ਼ ਦੀ ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਨੇ ਪੰਜਾਬ ਵਿੱਚ ਅਜਿਹੀ ਜੇਲ੍ਹ ਦੀ ਲੋੜ ਪ੍ਰਗਟਾਈ ਹੈ। ਇਸ ਸਬੰਧੀ ਪੰਜਾਬ ਪੁਲੀਸ ਅਤੇ ਐਨਆਈਏ ਦੇ ਉੱਚ ਅਧਿਕਾਰੀਆਂ ਦੀ ਸਾਂਝੀ ਮੀਟਿੰਗ ਵੀ ਹੋਈ ਹੈ। ਗ੍ਰਹਿ ਮੰਤਰਾਲੇ ਦੀਆਂ ਹਦਾਇਤਾਂ ‘ਤੇ ਹੋਈ ਮੀਟਿੰਗ ਤੋਂ ਬਾਅਦ ਸਰਕਾਰ ਨੇ ਨਵੀਂ ਜੇਲ੍ਹ ਲਈ ਜ਼ਮੀਨ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਇਹ ਜੇਲ੍ਹ 100 ਕਰੋੜ ਰੁਪਏ ਦੀ ਲਾਗਤ ਨਾਲ 200 ਏਕੜ ਤੋਂ ਵੱਧ ਰਕਬੇ ਵਿੱਚ ਬਣਾਈ ਜਾਵੇਗੀ। ਭਾਵੇਂ ਇਹ ਜੇਲ੍ਹ ਵਿਭਾਗ ਦੇ ਦਾਇਰੇ ਵਿੱਚ ਹੋਵੇਗਾ ਪਰ ਇਸ ਦੀ ਨਿਗਰਾਨੀ ਸੂਬੇ ਦੀ ਇੰਟੈਲੀਜੈਂਸ ਅਤੇ ਐਂਟੀ ਗੈਂਗਸਟਰ ਟਾਸਕ ਫੋਰਸ ਵੱਲੋਂ ਕੀਤੀ ਜਾਵੇਗੀ। ਇਸ ਨੂੰ ਸ਼ਹਿਰੀ ਆਬਾਦੀ ਤੋਂ ਦੂਰ ਵਸਾਇਆ ਜਾਵੇਗਾ। ਇਕ ਸੀਨੀਅਰ ਅਧਿਕਾਰੀ ਨੇ ਕਿਹਾ, ”ਦੇਸ਼ ‘ਚ ਅਜਿਹੀ ਜੇਲ ਸਿਰਫ ਕੇਰਲ ‘ਚ ਹੈ। ਜਿਸ ਨੂੰ ਦੇਖਣ ਲਈ ਪੰਜਾਬ ਦੇ ਉੱਚ ਅਧਿਕਾਰੀਆਂ ਦੀ ਟੀਮ ਜਾਵੇਗੀ। ਵਿਦੇਸ਼ੀ ਜੇਲ੍ਹਾਂ ਬਾਰੇ ਵੀ ਅਧਿਐਨ ਕੀਤਾ ਜਾ ਰਿਹਾ ਹੈ।
ਇਸ ਹਾਈ ਸਕਿਓਰਿਟੀ ਜੇਲ੍ਹ ‘ਚ ਬਹੁਤ ਸਖ਼ਤਾਈ ਹੋਵੇਗੀ। ਇਹ ਜੈਮਰ ਜੇਲ੍ਹ ਵਿੱਚ ਇੰਨੇ ਮਜ਼ਬੂਤ ਹੋਣਗੇ ਕਿ ਨਾ ਸਿਰਫ਼ ਬੈਰਕ ਦੇ ਅੰਦਰ ਸਗੋਂ ਜੇਲ੍ਹ ਦੇ ਆਲੇ-ਦੁਆਲੇ ਵੀ ਕੋਈ ਮੋਬਾਈਲ ਕੰਮ ਨਹੀਂ ਕਰੇਗਾ। ਜੇਲ੍ਹ ਵਿੱਚ ਤਾਇਨਾਤ ਸਟਾਫ਼ ਨੂੰ ਵੀ ਜੇਲ੍ਹ ਅੰਦਰ ਮੋਬਾਈਲ ਲੈ ਕੇ ਜਾਣ ਦੀ ਵੀ ਪੂਰੀ ਮਨਾਹੀ ਹੋਵੇਗੀ। ਪਰ ਸਟਾਫ਼ ਲਈ ਲੈਂਡਲਾਈਨ ਦਾ ਵੀ ਪ੍ਰਬੰਧ ਹੋਵੇਗਾ।
ਇਸ ਤੋਂ ਬੈਨ ਜੇਲ੍ਹ ‘ਚ ਬਾਡੀ ਸਕੈਨਰ ਲਗਾਏ ਜਾਣਗੇ। ਸਟਾਫ ਅਤੇ ਹੋਰਾਂ ਦੇ ਦਾਖਲੇ ਅਤੇ ਜਾਣ ਲਈ ਬਾਇਓਮੀਟ੍ਰਿਕ ਫਿੰਗਰਪ੍ਰਿੰਟ ਲਾਕ ਸਿਸਟਮ ਹੋਵੇਗਾ। ਜੇਲ੍ਹ ਵਿੱਚ ਸੈੱਲ ਇਸ ਤਰ੍ਹਾਂ ਬਣਾਏ ਜਾਣਗੇ ਕਿ ਕੈਦੀ ਇੱਕ ਦੂਜੇ ਨੂੰ ਨਾ ਦੇਖ ਸਕਣ। ਕੈਦੀਆਂ ਅਤੇ ਮੁਲਾਕਾਤੀ ਵਿਚਕਾਰ ਵੀਡੀਓ ਕਾਨਫਰੰਸਿੰਗ ਹੋਵੇਗੀ।
ਸਾਰੇ ਸੈੱਲਾਂ ਵਿੱਚ ਪਖਾਨੇ ਅਤੇ ਸੀਸੀਟੀਵੀ ਕੈਮਰੇ ਹੋਣਗੇ। ਹਸਪਤਾਲ ਦੀ ਸਹੂਲਤ ਜੇਲ੍ਹ ਵਿੱਚ ਹੀ ਹੋਵੇਗੀ। ਡਾਗ ਸਕੁਐਡ ਵੀ ਤਾਇਨਾਤ ਕੀਤਾ ਜਾਵੇਗਾ।