- ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਪੜਾਉਣ ਲਈ ਨਵੀਨਤਮ ਤਕਨੀਕਾਂ ਦੀ ਕੀਤੀ ਜਾ ਰਹੀ ਹੈ ਵਰਤੋਂ : ਸਿਹਤ ਮੰਤਰੀ
- ਕਿਹਾ, ਸਰਕਾਰੀ ਸਕੂਲਾਂ ‘ਤੇ ਖਰਚ ਕੀਤੇ ਕਰੋੜਾਂ ਰੁਪਏ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਸੁਰੱਖਿਅਤ ਕਰਨਗੇ
- ਡਾ. ਬਲਬੀਰ ਸਿੰਘ ਵੱਲੋਂ ਸਿੱਖਿਆ ਕ੍ਰਾਂਤੀ ਤਹਿਤ ਸਕੂਲਾਂ ‘ਚ ਹੋਏ ਇਕ ਕਰੋੜ ਤੋਂ ਵਧੇਰੇ ਦੇ ਕੰਮ ਵਿਦਿਆਰਥੀਆਂ ਨੂੰ ਸਮਰਪਿਤ
ਪਟਿਆਲਾ/ਨਾਭਾ, 21 ਮਈ 2025 – ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਸੂਬੇ ਦੇ ਬੱਚਿਆਂ ਦੇ ਹੁਨਰ ਨੂੰ ਛੋਟੀ ਉਮਰ ‘ਚ ਪਹਿਚਾਣ ਕੇ ਤਰਾਸ਼ਣ ਲਈ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਨਵੀਂਆਂ ਪਹਿਲਕਦਮੀਆਂ ਕੀਤੀਆਂ ਹਨ, ਜਿਸ ਤਹਿਤ ਸਕੂਲ ਆਫ਼ ਐਮੀਨੈਂਸ, ਸਕੂਲ ਆਫ਼ ਹੈਪੀਨੈਸ ਅਤੇ ਸਕੂਲ ਆਫ਼ ਬ੍ਰਿਲੀਐਂਸ ਵਰਗੇ ਕਦਮ ਉਠਾਏ ਗਏ ਹਨ। ਇਹ ਪ੍ਰਗਟਾਵਾਂ ਉਨ੍ਹਾਂ ਪਟਿਆਲਾ ਦਿਹਾਤੀ ਹਲਕੇ ਦੇ ਚਾਰ ਸਕੂਲਾਂ ਵਿੱਚ ਇਕ ਕਰੋੜ ਰੁਪਏ ਤੋਂ ਵਧੇਰੇ ਦੀ ਲਾਗਤ ਵਾਲੇ ਬੁਨਿਆਦੀ ਢਾਂਚੇ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਦਿਆਂ ਕੀਤਾ।
ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਸਰਕਾਰੀ ਸਕੂਲ ਹੁਣ ਆਧੁਨਿਕ ਸਹੂਲਤਾਂ ਨਾਲ ਲੈਸ ਹਨ, ਜਿਨ੍ਹਾਂ ਵਿੱਚ ਹਾਈ-ਸਪੀਡ ਵਾਈ-ਫਾਈ ਕਨੈਕਸ਼ਨ, ਸਾਫ਼ ਪੀਣ ਵਾਲਾ ਪਾਣੀ, ਮੁੰਡਿਆਂ ਅਤੇ ਕੁੜੀਆਂ ਲਈ ਵੱਖਰੇ ਪਖਾਨੇ, ਚਾਰਦੀਵਾਰੀ, ਸਮਾਰਟ ਕਲਾਸਰੂਮ, ਇੰਟੀਗ੍ਰੇਟਿਡ ਸਾਇੰਸ ਲੈਬ, ਇੰਟਰਐਕਟਿਵ ਪੈਨਲ, ਖੇਡ ਦੇ ਮੈਦਾਨ ਅਤੇ ਆਧੁਨਿਕ ਫਰਨੀਚਰ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਸੂਬੇ ਦੇ 12 ਹਜ਼ਾਰ ਤੋਂ ਵੱਧ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਕ੍ਰਾਂਤੀ ਅਧੀਨ ਦੋ ਹਜ਼ਾਰ ਕਰੋੜ ਰੁਪਏ ਨਾਲ ਵੱਡੀ ਤਬਦੀਲੀ ਲਿਆਂਦੀ ਗਈ ਹੈ, ਜੋ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਕਾਰਗਰ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਪੜਾਉਣ ਲਈ ਹੁਣ ਨਵੀਨਤਮ ਤਕਨੀਕਾਂ ਦੀ ਵਰਤੋਂ ਕੀਤੀ ਜਾ ਰਹੀ ਹੈ, ਜਿਸ ਸਦਕਾ ਵਿਦਿਆਰਥੀਆਂ ਵਿੱਚ ਆਤਮ ਵਿਸ਼ਵਾਸ ਪੈਦਾ ਹੋਣ ਦੇ ਨਾਲ ਨਾਲ ਪੜਾਈ ਵਿੱਚ ਰੁਚੀ ਵੀ ਪੈਦਾ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਪਟਿਆਲਾ ਜ਼ਿਲ੍ਹੇ ‘ਚ ਉੱਤਮ ਸਕੂਲ ਦਾ ਦਰਜਾ ਪ੍ਰਾਪਤ ਕਰਨ ਵਾਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੰਗੇੜਾ ਨੂੰ 80 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਸੀ ਤੇ ਹੁਣ 10 ਲੱਖ ਰੁਪਏ ਇਨਾਮ ਵਜੋਂ ਇਸ ਸਕੂਲ ਨੇ ਪ੍ਰਾਪਤ ਕੀਤੇ ਹਨ, ਇਸੇ ਤਰ੍ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੋਹਟਾ ਦੇ ਨਵੀਨੀਕਰਨ ‘ਤੇ 30 ਲੱਖ ਦੇ ਕਰੀਬ ਖਰਚ ਕੀਤਾ ਗਿਆ ਹੈ। ਉਨ੍ਹਾਂ ਦੰਦਰਾਲਾ ਖਰੌੜ ਦੀ ਪੰਚਾਇਤ ਵੱਲੋਂ ਸਕੂਲ ਨੂੰ ਦਿੱਤੇ ਗਏ ਏ.ਸੀਜ਼ ਲਈ ਪੰਚਾਇਤ ਦੀ ਸਰਾਹਨਾ ਕੀਤੀ।

ਸਰਕਾਰੀ ਪ੍ਰਾਇਮਰੀ ਤੇ ਸੈਕੰਡਰੀ ਸਕੂਲ ਸਿਉਣਾ, ਸਰਕਾਰੀ ਸਕੂਲ ਦੰਦਰਾਲਾ ਖਰੌੜ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੰਗੇੜਾ ਅਤੇ ਸਰਕਾਰੀ ਸਕੂਲ ਪ੍ਰਾਇਮਰੀ ਤੇ ਸੀਨੀਅਰ ਸੈਕੰਡਰੀ ਰੋਹਟਾ ਵਿਖੇ ਸਿੱਖਿਆ ਕ੍ਰਾਂਤੀ ਤਹਿਤ ਹੋਏ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਉਪਰੰਤ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਵਿਸ਼ਵਪੱਧਰ ਦੀ ਸਿੱਖਿਆ ਦੇਣ ਲਈ ਸਰਕਾਰੀ ਸਕੂਲਾਂ ‘ਚ ਸਾਰੀ ਸਹੂਲਤਾਂ ਦਿੱਤੀਆਂ ਗਈਆਂ ਹਨ ਤੇ ਅਧਿਆਪਕਾਂ ਨੂੰ ਵੀ ਕੌਮਾਂਤਰੀ ਪੱਧਰ ‘ਤੇ ਟਰੇਨਿੰਗ ਦਿਵਾਈ ਜਾ ਰਹੀ ਹੈ ਤਾਂ ਜੋ ਵਿਦਿਆਰਥੀਆਂ ਨੂੰ ਇਸ ਦਾ ਲਾਭ ਮਿਲ ਸਕੇ। ਉਨ੍ਹਾਂ ਬਿਜ਼ਨਸ ਬਲਾਸਟਰ ਤਹਿਤ ਵਿਦਿਆਰਥੀਆਂ ਵੱਲੋਂ ਤਿਆਰ ਕੀਤੀਆਂ ਵਸਤਾਂ ‘ਤੇ ਖੁਸ਼ੀ ਦਾ ਪ੍ਰਗਟਾਵਾਂ ਕਰਦਿਆਂ ਕਿਹਾ ਕਿ ਬੱਚਿਆਂ ਦੇ ਹੁਨਰ ਨੂੰ ਤਰਾਸ਼ਣ ਲਈ ਬਿਜ਼ਨਸ ਬਲਾਸਟਰ ਸਕੀਮ ਬਹੁਤ ਕਾਮਯਾਬ ਰਹੀ ਹੈ।
ਡਾ. ਬਲਬੀਰ ਸਿੰਘ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਸਕੂਲ ‘ਚ ਗ੍ਰਹਿਣ ਕੀਤੀ ਸਿੱਖਿਆ ਸਾਰੀ ਉਮਰ ਕੰਮ ਆਉਦੀ ਹੈ ਤੇ ਜੋ ਗਿਆਨ ਅਸੀਂ ਸਕੂਲ ਵਿਚੋਂ ਪ੍ਰਾਪਤ ਕਰ ਸਕਦੇ ਹਨ, ਉਸ ਦਾ ਕੋਈ ਹੋਰ ਵਿਕਲਪ ਨਹੀਂ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਜ਼ਿੰਦਗੀ ‘ਚ ਆਪਣੇ ਟੀਚੇ ਨਿਰਧਾਰਤ ਕਰਨ ਤੇ ਉਨ੍ਹਾਂ ਨੂੰ ਪ੍ਰਾਪਤ ਕਰਨ ਲਈ ਸਖਤ ਮਿਹਨਤ ਕਰਨ ਲਈ ਉਤਸਾਹਿਤ ਕਰਦਿਆਂ ਕਿਹਾ ਕਿ ਸਖਤ ਮਿਹਨਤ ਨਾਲ ਜ਼ਿੰਦਗੀ ‘ਚ ਉੱਚੇ ਤੋਂ ਉ ਚਾ ਮੁਕਾਮ ਹਾਸਲ ਕੀਤਾ ਜਾ ਸਕਦਾ ਹੈ। ਇਸ ਮੌਕੇ ਉਨ੍ਹਾਂ ਅੱਠਵੀਂ, ਦਸਵੀਂ ਤੇ ਬਾਰਵੀਂ ‘ਚ ਮੈਰਿਟ ‘ਚ ਆਏ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ।
ਇਸ ਮੌਕੇ ਐਸ.ਡੀ.ਐਮ. ਨਾਭਾ ਡਾ. ਇਸਮਤ ਵਿਜੈ ਸਿੰਘ, ਡਿਪਟੀ ਡੀ.ਓ ਮਨਵਿੰਦਰ ਕੌਰ ਭੁੱਲਰ, ਕੌਸਲਰ ਜਸਬੀਰ ਗਾਂਧੀ, ਪ੍ਰਿੰਸੀਪਲ ਡਾ. ਨਰਿੰਦਰ ਪਾਲ, ਰਵਿੰਦਰ ਕੌਰ, ਜਗਦੀਸ਼ ਕੌਰ, ਸਰਪੰਚ ਬੇਅੰਤ ਸਿੰਘ, ਪ੍ਰਿੰਸੀਪਲ ਅਮਰਦੀਪ ਸਿੰਘ ਬਾਠ, ਅੱਛਰੂ ਸਿੰਘ, ਜਗਦੀਪ ਸਿੰਘ ਧੰਗੇੜਾ, ਪ੍ਰਤਾਪ ਸਿੰਘ, ਗੁਰਮੀਤ ਸਿੰਘ, ਗੁਰਸੇਵਕ ਸਿੰਘ, ਲਖਵਿੰਦਰ ਸਿੰਘ, ਅਮਰੀਕ ਸਿੰਘ, ਧਰਮਿੰਦਰ ਸਿੰਘ, ਤੇਜਿੰਦਰ ਸਿੰਘ, ਜੈ ਪਾਲ, ਜਗਤਾਰ ਖਾਂ, ਹਰਦੀਪ ਸਿੰਘ, ਗਣੇਸ਼ ਗੁਪਤਾ ਤੋਂ ਇਲਾਵਾ ਵੱਡੀ ਗਿਣਤੀ ਮਾਪੇ, ਵਿਦਿਆਰਥੀ ਅਤੇ ਅਧਿਆਪਕ ਮੌਜੂਦ ਸਨ।
