ਚੰਡੀਗੜ੍ਹ, 25 ਅਪ੍ਰੈਲ 2205 – ਪੰਜਾਬ ਵਿਚ ਵੱਧ ਰਹੀ ਗਰਮੀ ਅਤੇ ਭਵਿੱਖ ਵਿਚ ਹੀਟ ਵੇਵ ਦੀ ਸੰਭਾਵਨਾ ਦੇ ਮੱਦੇਨਜ਼ਰ ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਨੇ ਸੂਬੇ ਦੇ ਸਾਰੇ ਸਕੂਲਾਂ ਲਈ ਮਹੱਤਵਪੂਰਨ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਡਾਇਰੈਕਟਰ ਜਨਰਲ ਸਕੂਲ ਸਿੱਖਿਆ, ਪੰਜਾਬ ਵੱਲੋਂ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਅਤੇ ਸਕੂਲ ਮੁਖੀਆਂ ਨੂੰ ਪੱਤਰ ਜਾਰੀ ਕਰਕੇ ਨੈਸ਼ਨਲ ਡਿਜਾਸਟਰ ਮੈਨੇਜਮੈਂਟ ਅਥਾਰਟੀ ਨਵੀਂ ਦਿੱਲੀ ਵੱਲੋਂ ਜਾਰੀ ਕੀਤੀਆਂ ਗਈਆਂ ‘ਪ੍ਰੀਵੈਂਸ਼ਨ ਐਂਡ ਮੈਨੇਜਮੈਂਟ ਆਫ ਹੀਟ-ਵੇਵ ਸਬੰਧੀ ਗਾਈਡਲਾਈਨਜ਼ ਨੂੰ ਲਾਗੂ ਕਰਨ ਦੀ ਹਦਾਇਤ ਕੀਤੀ ਗਈ ਹੈ। ਇਨ੍ਹਾਂ ਹਦਾਇਤਾਂ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਗਰਮੀ ਦੀ ਲਹਿਰ ਦੇ ਮਾੜੇ ਪ੍ਰਭਾਵਾਂ ਤੋਂ ਬਚਾਉਣਾ ਹੈ।
ਸਕੂਲਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਸਵੇਰ ਦੀ ਸਭਾ, ਫਿਜ਼ੀਕਲ ਐਜੂਕੇਸ਼ਨ ਪੀਰੀਅਡ ਜਾਂ ਕਲਾਸਰੂਮ ਵਿਚ ਵਿਦਿਆਰਥੀਆਂ ਨੂੰ ਇਨ੍ਹਾਂ ਗਾਈਡਲਾਈਨਜ਼ ਤੋਂ ਜਾਣੂ ਕਰਵਾਉਣ। ਵਿਭਾਗ ਵੱਲੋਂ ਜਾਰੀ ਵਿਸ਼ੇਸ਼ ਹਦਾਇਤਾਂ ਵਿਚ ਆਖਿਆ ਗਿਆ ਹੈ ਕਿ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਪਾਣੀ ਪੀਣ ਲਈ ਉਤਸ਼ਾਹਿਤ ਕੀਤਾ ਜਾਵੇ, ਭਾਵੇਂ ਉਨ੍ਹਾਂ ਨੂੰ ਪਿਆਸ ਨਾ ਵੀ ਲੱਗੀ ਹੋਵੇ। ਓ.ਆਰ.ਐੱਸ, ਨਿੰਬੂ ਪਾਣੀ, ਲੱਸੀ ਵਰਗੇ ਘਰੇਲੂ ਤਰਲ ਪਦਾਰਥਾਂ ਦਾ ਸੇਵਨ ਕਰਨ ਲਈ ਉਨ੍ਹਾਂ ਨੂੰ ਪ੍ਰੇਰਿਤ ਕੀਤਾ ਜਾਵੇ। ਬੱਚਿਆਂ ਨੂੰ ਹਲਕੇ ਰੰਗਾਂ ਦੇ, ਢਿੱਲੇ ਅਤੇ ਸੂਤੀ ਕੱਪੜੇ ਪਹਿਨਣ ਦੀ ਸਲਾਹ ਦਿੱਤੀ ਜਾਵੇ।
ਧੁੱਪ ਵਿਚ ਬਾਹਰ ਨਿਕਲਦੇ ਸਮੇਂ ਸਿਰ ਢੱਕਣ ਲਈ ਟੋਪੀ, ਕੱਪੜਾ ਜਾਂ ਛੱਤਰੀ ਦੀ ਵਰਤੋਂ ਕੀਤੀ ਜਾਵੇ। ਘਰ ਦੇ ਅੰਦਰ ਜਾਂ ਛਾਂ ਵਿਚ ਰਹੋ: ਦਿਨ ਦੇ ਗਰਮ ਸਮੇਂ ਦੌਰਾਨ (ਖਾਸ ਕਰਕੇ ਦੁਪਹਿਰ 12 ਤੋਂ 3 ਵਜੇ ਤੱਕ) ਬਾਹਰ ਨਿਕਲਣ ਤੋਂ ਗੁਰੇਜ਼ ਕੀਤਾ ਜਾਵੇ। ਸਰੀਰਕ ਗਤੀਵਿਧੀਆਂ ਜਾਂ ਬਾਹਰੀ ਖੇਡਾਂ ਨੂੰ ਦਿਨ ਦੇ ਠੰਡੇ ਸਮੇਂ, ਯਾਨੀ ਸਵੇਰ ਜਾਂ ਸ਼ਾਮ ਤੱਕ ਮੁਲਤਵੀ ਕੀਤਾ ਜਾਵੇ। ਸਥਾਨਕ ਮੌਸਮ ਦੀ ਜਾਣਕਾਰੀ ਲਈ ਰੇਡੀਓ, ਟੀਵੀ ਜਾਂ ਅਖ਼ਬਾਰ ਸੁਣਨ/ਪੜ੍ਹਨ ਲਈ ਪ੍ਰੇਰਿਤ ਕੀਤਾ ਜਾਵੇ।

