ਚੰਡੀਗੜ੍ਹ, 18 ਅਕਤੂਬਰ 2023 – ਮੰਗਲਵਾਰ ਨੂੰ ਕਲਿਆਣ ਜਵੈਲਰਜ਼ ਸੈਕਟਰ 17 ਦੀਆਂ ਪੋ ਬਾਰਾਂ ਹੁੰਦੀਆਂ ਹੁੰਦੀਆਂ ਰਹਿ ਗਈਆਂ। ਹੋਇਆ ਇੰਝ ਕਿ ਦੁਨੀਆਂ ਦੇ ਇਸ ਨਾਮੀ ਜਵੈਲਰ ਦੀ ਸੋਹਣੇ ਸ਼ਹਿਰ ਵਿੱਚ ਖੁੱਲੀ ਦੁਕਾਨ ਦੇ ਰਸਮੀ ਉਦਘਾਟਨ ਲਈ ਬਾਲੀਵੁਡ ਅਦਾਕਾਰਾ ਕਟਰੀਨਾ ਕੈਫ ਨੇ ਆਉਣਾ ਸੀ। ਉਸ ਦੇ ਪ੍ਰਸੰਸ਼ਕਾਂ ਨੂੰ ਇਸ ਲਈ ਸ਼ਾਮ 6 ਵਜੇ ਦਾ ਸਮਾਂ ਦਿੱਤਾ ਗਿਆ। ਜੋ ਬਾਅਦ ਵਿੱਚ 7 ਤੇ ਫ਼ਿਰ 7:45 ਦਾ ਕਰ ਦਿੱਤਾ ਗਿਆ। ਪਰ ਕਟਰੀਨਾ ਮਿੱਥੇ ਸਮੇਂ ਤੋਂ 3 ਘੰਟੇ ਪਛੜ ਕੇ 9 ਵਜੇ ਪਹੁੰਚੀ। ਇਸ ਦੌਰਾਨ ਮੀਡੀਆ ਨੂੰ ਵੀ ਪੂਰਾ ਖੱਜਲ ਖੁਆਰ ਕੀਤਾ ਗਿਆ। ਕਿਸੀ ਵਾਸਤੇ ਵੀ ਬੈਠਣ ਤੱਕ ਦਾ ਪ੍ਰਬੰਧ ਨਹੀਂ ਸੀ। ਪਾਣੀ ਵੀ ਮੰਗਣ ਤੇ ਮਿਲਿਆ। ਪ੍ਰਸ਼ੰਸਕ ਵੀ ਤਿੰਨ ਘੰਟੇ ਪੱਬਾਂ ਭਾਰ ਖੜ੍ਹੇ ਰਹੇ। ਮੰਚ ਸੰਚਾਲਨ ਕਰ ਰਹੀ ਆਰ ਜੇ ਲੁਵੀਨਾ ਨੂੰ ਪ੍ਰਸ਼ੰਸਕ ਬੁਲਾ ਕੇ ਉਨ੍ਹਾਂ ਤੋਂ ਗਾਣੇ ਗਵਾ ਕੇ ਤੇ 5,10 ਰੁਪਏ ਵਾਲੀਆਂ ਚਾੱਕਲੇਟ ਦੇ ਕੇ ਕੰਮ ਚਲਾਉਣਾ ਪਿਆ। ਉਹ ਵੀ 3 ਬੁਲਾਏ 13 ਆਏ ਵਾਲਾ ਕੰਮ ਸੀ।
ਜਦੋਂ ਕਟਰੀਨਾ 3 ਘੰਟੇ ਬਾਅਦ ਆਈ ਤਾਂ 5 ਮਿੰਟ ਵੀ ਨਾ ਰੁਕੀ। ਜਦੋਂ ਕਿ ਉਸਦੇ ਪ੍ਰਸ਼ੰਸਕ ਗੁੜਗਾਉਂ ਤੱਕ ਤੋਂ ਆਏ ਸਨ। ਉੱਥੇ ਹਾਜ਼ਰ ਲੋਕਾਂ ਨੂੰ ਮੋਹਾਲੀ ਵਿਖੇ ਕਲਿਆਣ ਦਾ ਸਟੋਰ ਖੁੱਲਣ ਦਾ ਉਹ ਵੇਲਾ ਚੇਤਾ ਆ ਗਿਆ ਜਦੋਂ ਬੁਲਾਏ ਮਹਿਮਾਨਾਂ ਦਾ ਪੂਰਾ ਮਾਣ ਸਤਿਕਾਰ ਕੀਤਾ ਗਿਆ ਸੀ। ਲੋਕੀਂ ਉਸੇ ਨੂੰ ਯਾਦ ਕਰਦਿਆਂ ਲੰਘ ਗਏ।