- ਦਿਸ਼ਾ ਸੂਚਕ ਬੋਰਡ ਦਿਸ਼ਾ ਦੱਸਣ ਦੇ ਨਾਲ ਨਾਲ ਧਰਮ ਅਸਥਾਨ ਸਬੰਧੀ ਦਿੰਦੇ ਹਨ ਸੰਖੇਪ ਜਾਣਕਾਰੀ
ਚੰਡੀਗੜ੍ਹ , 30 ਸਤੰਬਰ 2023 – ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਯਤਨਾਂ ਸਦਕਾ ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਵਿੱਚੋਂ ਲੰਘਦੇ ਰਾਜ ਮਾਰਗ ਉੱਤੇ ਨਵੇਕਲੇ ਕਿਸਮ ਦੇ ਦਿਸ਼ਾ ਸੂਚਕ ਬੋਰਡ ਲਗਾਏ ਗਏ ਹਨ। ਇਹ ਬੋਰਡ ਯਾਤਰੀਆਂ ਨੂੰ ਦੂਰੀ ਅਤੇ ਅਗਲੇ ਸ਼ਹਿਰ ਬਾਰੇ ਜਾਣਕਾਰੀ ਦੇਣ ਦੇ ਨਾਲ ਨਾਲ ਇਸ ਮਾਰਗ ਉੱਤੇ ਪੈਂਦੇ ਪ੍ਰਮੁੱਖ ਧਾਰਮਿਕ ਅਸਥਾਨਾਂ ਬਾਰੇ ਸੰਖੇਪ ਇਤਿਹਾਸਕ ਵੇਰਵੇ ਤੋਂ ਵੀ ਜਾਣੂ ਕਰਵਾਉਂਦੇ ਹਨ।
ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਸੈਰ-ਸਪਾਟੇ ਦੇ ਖੇਤਰ ਵਿੱਚ ਦੇਸ਼ ਦਾ ਮੋਹਰੀ ਰਾਜ ਬਣਾਉਣ ਦੀ ਦਿਸ਼ਾ ਵਿੱਚ ਕੰਮ ਕਰ ਰਹੀ ਹੈ।
ਉਨ੍ਹਾਂ ਦੱਸਿਆ ਕਿ ਖਾਲਸਾ ਪੰਥ ਦੇ ਜਨਮ ਅਸਥਾਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਹਰ ਸਾਲ ਦੇਸ਼ ਦੁਨੀਆਂ ਤੋਂ ਲੱਖਾਂ ਦੀ ਗਿਣਤੀ ਵਿੱਚ ਲੋਕ ਆਉਂਦੇ ਹਨ।
ਇਸ ਤੋਂ ਇਲਾਵਾ ਹਿੰਦੂ ਮੱਤ ਦੇ ਸ਼ਕਤੀ ਪੀਠ ਨੈਣਾ ਦੇਵੀ ਨੂੰ ਜਾਣ ਲਈ ਵੀ ਅਨੰਦਪੁਰ ਸਾਹਿਬ ਵਿੱਚੋਂ ਹੀ ਰਾਸਤਾ ਜਾਂਦਾ ਹੈ ਜਿਸ ਸਦਕੇ ਸਾਰਾ ਸਾਲ ਇਥੇ ਯਾਤਰੀਆਂ ਦੀ ਆਮਦ ਰਹਿੰਦੀ ਹੈ।
ਬੁਲਾਰੇ ਨੇ ਦੱਸਿਆ ਕਿ ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕਾ ਜਲ ਸਰੋਤਾਂ, ਨਦੀਆਂ, ਡੈਮਾਂ, ਦਰਿਆਵਾਂ ਅਤੇ ਨੀਮ ਪਹਾੜੀ ਵਾਲਾ ਇਲਾਕੇ ਹੈ ਜਿੱਥੇ ਵੱਡੇ ਪੱਧਰ ‘ਤੇ ਦੇਸ਼-ਵਿਦੇਸ਼ ਤੋਂ ਸੈਲਾਨੀ ਇਸ ਦੀ ਖੂਬਸੂਰਤੀ ਦਾ ਆਨੰਦ ਮਾਨਣ ਆਉਂਦੇ ਹਨ। ਬੁਲਾਰੇ ਨੇ ਦੱਸਿਆ ਕਿ ਇਹਨਾਂ ਯਾਤਰੀਆਂ ਨੂੰ ਦੂਰੀ ਅਤੇ ਇਤਿਹਾਸਕ ਮਹੱਤਤਾ ਤੋਂ ਜਾਣੂ ਕਰਵਾਉਣ ਦੇ ਮਕਸਦ ਨਾਲ ਇਹ ਨਵੇਕਲੇ ਕਿਸਮ ਦੇ ਦਿਸ਼ਾ ਸੂਚਕ ਬੋਰਡ ਲਗਾਏ ਗਏ ਹਨ।
ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਬੋਰਡਾਂ ਉਤੇ ਕੁਝ ਸਤਰਾਂ ਵਿੱਚ ਇਸ ਪਾਵਨ ਤੇ ਪਵਿੱਤਰ ਧਰਤੀ ਬਾਰੇ ਧਾਰਮਿਕ ਤੇ ਇਤਿਹਾਸਕ ਮਹੱਤਤਾ ਬਾਰੇ ਕੁਝ ਸਤਰਾਂ ਵਿੱਚ ਲਿਖਿਆ ਹੈ, ਜਿਸ ਨਾਲ ਸ੍ਰੀ ਅਨੰਦਪੁਰ ਸਾਹਿਬ ਆਉਣ ਵਾਲੀਆਂ ਸੰਗਤਾਂ ਦੀ ਜਾਣਕਾਰੀ ਵਿੱਚ ਹੋਰ ਵਾਧਾ ਹੋਵੇਗਾ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਅਨੰਦਪੁਰ ਸਾਹਿਬ ਦੇ ਖੇਤਰ ਵਿੱਚ ਧਾਰਮਿਕ ਸੈਰ-ਸਪਾਟੇ ਹੋਰ ਹੁਲਾਰਾ ਦੇਣ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ ਜਿਹਨਾਂ ਵਿੱਚ ਸ੍ਰੀ ਗੁਰੂ ਤੇਗ ਬਹਾਦੁਰ ਮਿਊਜੀਅਮ ਪੰਜ ਪਿਆਰਾ ਪਾਰਕ ਦਾ ਨਵੀਨੀਕਰਨ, ਨੇਚਰ ਪਾਰਕ, ਭਾਈ ਜੈਤਾ ਜੀ ਦੀ ਯਾਦਗਾਰ, ਇੰਨਫੋਰਮੇਸ਼ਨ ਵਰਗੇ ਕਈ ਪ੍ਰੋਜੈਕਟ ਸ਼ਾਮਲ ਹਨ। ਇਨ੍ਹਾਂ ਪ੍ਰਾਜੈਕਟਾਂ ਸਬੰਧੀ ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਨਿਗਰਾਨੀ ਕੀਤੀ ਜਾ ਰਹੀ ਹੈ।