ਚੰਡੀਗੜ੍ਹ, 2 ਅਕਤੂਬਰ 2025 – ਜਲੰਧਰ ਵਿਚ ਸਾਬਕਾ ਐੱਮ.ਪੀ. ਮਹਿੰਦਰ ਸਿੰਘ ਕੇਪੀ ਦੇ ਪੁੱਤਰ ਰਿੱਚੀ ਕੇਪੀ ਦੀ ਮੌਤ ਦੇ ਮਾਮਲੇ ਵਿਚ ਵੱਡਾ ਮੋੜ ਆਇਆ ਹੈ। ਦਰਅਸਲ ਐਡੀਸ਼ਨਲ ਸੈਸ਼ਨ ਜੱਜ ਡਾ. ਦੀਪਤੀ ਗੁਪਤਾ ਨੇ ਸਥਾਨਕ ਮਾਡਲ ਟਾਊਨ ਵਿਖੇ ਸੜਕ ਹਾਦਸੇ ਵਿਚ ਸਾਬਕਾ ਸੰਸਦ ਮਹਿੰਦਰ ਸਿੰਘ ਕੇਪੀ ਦੇ ਪੁੱਤਰ ਰਿਚੀ ਕੇਪੀ ਦੀ ਮੌਤ ਹੋ ਜਾਣ ਦੇ ਮਾਮਲੇ ਵਿਚ ਨਾਮਜ਼ਦ ਕੀਤੇ ਗਏ ਕਰੇਟਾ ਚਾਲਕ ਗੁਰਸ਼ਰਨ ਸਿੰਘ ਉਰਫ਼ ਪ੍ਰਿੰਸ ਅਤੇ ਵਿਸ਼ੂ ਕਪੂਰ ਦੀ ਪੇਸ਼ਗੀ ਜ਼ਮਾਨਤ ਦੀ ਅਰਜ਼ੀ ਰੱਦ ਕਰਨ ਦਾ ਹੁਕਮ ਸੁਣਾਇਆ ਹੈ।
ਜ਼ਿਕਰਯੋਗ ਹੈ ਕਿ 13 ਸਤੰਬਰ ਦੀ ਰਾਤ ਨੂੰ ਸਾਬਕਾ ਸੰਸਦ ਮੈਂਬਰ ਮਹਿੰਦਰ ਸਿੰਘ ਕੇਪੀ ਦੇ ਇਕਲੌਤੇ ਪੁੱਤਰ ਰਿਚੀ ਦੀ ਮਾਡਲ ਟਾਊਨ ਵਿਖੇ ਮਾਤਾ ਰਾਣੀ ਚੌਂਕ ਨੇੜੇ ਵਾਪਰੇ ਇਕ ਭਿਆਨਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਕੇਪੀ ਦੀ ਸ਼ਿਕਾਇਤ ਦੇ ਆਧਾਰ ‘ਤੇ ਕ੍ਰੇਟਾ ਗੱਡੀ ਦੇ ਮਾਲਕ ਪ੍ਰਿੰਸ ਅਤੇ ਗ੍ਰੈਂਡ ਵਿਟਾਰਾ ਮਾਲਕ ਵਿਸ਼ੂ ਵਿਰੁੱਧ ਲਾਪਰਵਾਹੀ ਨਾਲ ਗੱਡੀ ਚਲਾਉਣ ਅਤੇ ਕਤਲ ਨਾ ਕਰਨ ਦੇ ਦੋਸ਼ ਵਿੱਚ ਕੇਸ ਦਰਜ ਕੀਤਾ ਗਿਆ ਸੀ।
ਇਥੇ ਇਹ ਵੀ ਦੱਸ ਦੇਈਏ ਕਿ ਕ੍ਰੇਟਾ ਗੱਡੀ ਦਾ ਮਾਲਕ ਪ੍ਰਿੰਸ ਪੁਲਸ ਦੀ ਗ੍ਰਿਫ਼ਤ ‘ਚੋਂ ਫਰਾਰ ਚੱਲ ਰਿਹਾ ਹੈ। ਆਪਣੇ ਬਿਆਨ ਵਿੱਚ ਮੋਹਿੰਦਰ ਕੇਪੀ ਨੇ ਕਿਹਾ ਕਿ ਉਹ ਅਤੇ ਉਸ ਦਾ ਪੁੱਤਰ ਵੱਖ-ਵੱਖ ਵਾਹਨਾਂ ਵਿੱਚ ਘਰ ਵਾਪਸ ਆ ਰਹੇ ਸਨ। ਰਸਤੇ ਵਿੱਚ ਗ੍ਰੈਂਡ ਵਿਟਾਰਾ ਅਤੇ ਕ੍ਰੇਟਾ ਰਿਚੀ ਦੀ ਫਾਰਚੂਨਰ ਨਾਲ ਟਕਰਾ ਗਏ, ਜਿਸ ਕਾਰਨ ਰਿੱਚੀ ਕੇਪੀ ਮੌਤ ਹੋ ਗਈ ।

