ਚੰਡੀਗੜ੍ਹ, 4 ਦਸੰਬਰ 2024 – ਪੰਜਾਬ ‘ਚ ਅਜੇ ਤੱਕ ਹੱਡੀ ਚੀਰਵੀਂ ਠੰਡ ਪੈਣੀ ਸ਼ੁਰੂ ਨਹੀਂ ਹੋਈ ਹੈ। ਜੇਕਰ ਮੌਸਮ ਵਿਭਾਗ ਦੀ ਮੰਨੀਏ ਤਾਂ ਇਸ ਵਾਰ ਪੰਜਾਬ ਦਾ ਤਾਪਮਾਨ ਆਮ ਨਾਲੋਂ 3 ਡਿਗਰੀ ਵੱਧ ਹੈ, ਜਦੋਂ ਕਿ ਚੰਡੀਗੜ੍ਹ ‘ਚ ਆਮ ਨਾਲੋਂ 2.6 ਡਿਗਰੀ ਵੱਧ ਹੈ। ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਵਾਰ ਦਸੰਬਰ ‘ਚ ਵੀ ਠੰਡ ਜ਼ਿਆਦਾ ਦੇਰ ਤੱਕ ਅਸਰ ਨਹੀਂ ਕਰੇਗੀ। ਮੌਸਮ ਵਿਭਾਗ ਦੇ ਮੁਤਾਬਕ ਸੀਜ਼ਨ ‘ਚ ਸੀਤ ਲਹਿਰ ਦੇ ਦਿਨ ਆਮ ਨਾਲੋਂ ਘੱਟ ਹਨ। ਇਸ ਦਾ ਕਾਰਨ ਪਹਾੜੀ ਇਲਾਕਿਆਂ ‘ਚ ਆਮ ਨਾਲੋਂ ਬਹੁਤ ਘੱਟ ਮੀਂਹ ਪੈਣ ਅਤੇ ਬਰਫ਼ਬਾਰੀ ਹੋਣਾ ਹੈ। ਇਸ ਕਾਰਨ ਦਸੰਬਰ ਮਹੀਨੇ ਵੀ ਠੰਡ ਘੱਟ ਪੈਣ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ।
7 ਦਸੰਬਰ ਨੂੰ ਹਿਮਾਲਿਅਨ ਰੇਂਜ ‘ਚ ਇਕ ਨਵੀਂ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ, ਜੋ ਕਿ 8 ਦਸੰਬਰ ਤੋਂ ਉੱਤਰ-ਪੱਛਮੀ ਭਾਰਤ ਦੇ ਆਲੇ-ਦੁਆਲੇ ਦੇ ਮੈਦਾਨੀ ਇਲਾਕਿਆਂ ਨੂੰ ਪ੍ਰਭਾਵਿਤ ਕਰ ਸਕਦੀ ਹੈ। ਇਸ ਕਾਰਨ ਪੰਜਾਬ ‘ਚ ਮੀਂਹ ਪੈਣ ਦੀ ਸੰਭਾਵਨਾ ਹੈ।