ਚੰਡੀਗੜ੍ਹ, 31 ਦਸੰਬਰ 2024 – ਬਿਜਲੀ ਖ਼ਪਤਕਾਰਾਂ ਨੂੰ ਨਵੇਂ ਸਾਲ ਦਾ ਵੱਡਾ ਤੋਹਫ਼ਾ ਮਿਲਿਆ ਹੈ। ਦਰਅਸਲ ਸ਼ਹਿਰ ‘ਚ ਬਿਜਲੀ ਖ਼ਪਤਕਾਰਾਂ ਲਈ 24 ਘੰਟੇ ਕਾਲ ਸੈਂਟਰ ਅਤੇ ਵਟਸਐਪ ਸੇਵਾਵਾਂ ਨੂੰ ਸ਼ੁਰੂ ਕੀਤਾ ਜਾ ਰਿਹਾ ਹੈ। ਸੀ. ਈ. ਐੱਸ. ਸੀ. ਲਿਮਟਿਡ (ਆਰਪੀ-ਸੰਜੀਵ ਗੋਇਨਕਾ ਗਰੁੱਪ) ਦੀ 100 ਫ਼ੀਸਦੀ ਸਹਾਇਕ ਕੰਪਨੀ ਐਮੀਨੈਂਟ ਇਲੈਕਟ੍ਰੀਸਿਟੀ ਡਿਸਟ੍ਰੀਬਿਊਸ਼ਨ ਲਿਮਿਟੇਡ (ਈ. ਈ. ਡੀ. ਐੱਲ.) ਚੰਡੀਗੜ੍ਹ ਦੇ ਖ਼ਪਤਕਾਰਾਂ ਨੂੰ ਬਿਹਤਰ ਬਿਜਲੀ ਸਹੂਲਤਾਂ ਪ੍ਰਦਾਨ ਕਰਨ ਦੀ ਤਿਆਰੀ ਕਰ ਰਹੀ ਹੈ।
ਈ. ਈ. ਡੀ. ਐੱਲ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਚੰਡੀਗੜ੍ਹ ਦੇ ਸਾਰੇ ਖ਼ਪਤਕਾਰਾਂ ਨੂੰ ਭਰੋਸੇਯੋਗ ਅਤੇ ਕਫ਼ਾਇਤੀ ਬਿਜਲੀ ਪ੍ਰਾਪਤ ਹੋਵੇ ਅਤੇ ਸ਼ਾਨਦਾਰ ਗਾਹਕ ਸੇਵਾ ਮਿਲੇ। ਪ੍ਰਧਾਨ, ਬਿਜਲੀ ਵੰਡ, ਆਰ. ਪੀ. ਐੱਸ. ਜੀ. ਗਰੁੱਪ, ਪੀ. ਆਰ. ਕੁਮਾਰ ਦਾ ਕਹਿਣਾ ਹੈ ਕਿ ਚੰਡੀਗੜ੍ਹ ‘ਚ ਖ਼ਪਤਕਾਰਾਂ ਦੀ ਸਹੂਲਤ ਲਈ 24/7 ਕਾਲ ਸੈਂਟਰ ਅਤੇ ਵਟਸਐਪ ਸੇਵਾਵਾਂ ਸ਼ੁਰੂ ਕੀਤੀਆਂ ਜਾਣਗੀਆਂ।
ਕੰਪਨੀ ਖ਼ਪਤਕਾਰਾਂ ਨੂੰ 24 ਘੰਟੇ ਸਹਾਇਤਾ ਯਕੀਨੀ ਬਣਾਉਣ ਲਈ ਇੱਕ ਕਾਲ ਸੈਂਟਰ ਸਥਾਪਿਤ ਕਰੇਗੀ। ਇੱਥੇ ਖ਼ਪਤਕਾਰ ਬਿਜਲੀ ਬੰਦ ਹੋਣ, ਕਾਰੋਬਾਰੀ ਸਮੱਸਿਆਵਾਂ (ਜਿਵੇਂ ਕਿ ਖ਼ਰਾਬ ਮੀਟਰ, ਗਲਤ ਰੀਡਿੰਗ, ਬਿਲਿੰਗ), ਨਵੇਂ ਕੁਨੈਕਸ਼ਨਾਂ ਲਈ ਬੇਨਤੀਆਂ ਜਾਂ ਨੈੱਟਵਰਕ ਸੁਰੱਖਿਆ ਬਾਰੇ ਸ਼ਿਕਾਇਤ ਕਰ ਸਕਣਗੇ।