- ਪੰਜਾਬ ਦੇ ਕਿਸਾਨੀ ਮਸਲਿਆਂ ਲਈ ਕੇਂਦਰ ਸਰਕਾਰ ਜਿੰਮੇਵਾਰ – ਖੇਤੀਬਾੜੀ ਮੰਤਰੀ
- ਫਾਉਂਡਰ ਪਾਰਟੀ ਵਰਕਰਾਂ ਨੂੰ ਆਪ ਪਾਰਟੀ ਵੱਲੋਂ ਪੂਰਾ ਮਾਣ ਅਤੇ ਸਤਿਕਾਰ ਦਿੱਤਾ ਜਾਵੇਗਾ – ਗੁਰਮੀਤ ਸਿੰਘ ਖੁੱਡੀਆਂ
ਕੋਟ ਈਸੇ ਖਾਂ/ਮੋਗਾ, 23 ਅਕਤੂਬਰ 2023 – ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ, ਪਸ਼ੂ ਪਾਲਣ, ਮੱਛੀ ਪਾਲਣ, ਡੇਅਰੀ ਵਿਕਾਸ ਅਤੇ ਫੂਡ ਪ੍ਰੋਸੈਸਿੰਗ ਬਾਰੇ ਵਿਭਾਗਾਂ ਦੇ ਕੈਬਨਿਟ ਮੰਤਰੀ ਸ੍ਰ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਹੈ ਕਿ ਪੰਜਾਬ ਦੇ ਕਿਸਾਨੀ ਮਸਲਿਆਂ ਲਈ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਸਿੱਧੇ ਤੌਰ ਉੱਤੇ ਜਿੰਮੇਵਾਰ ਹੈ ਪਰ ਆਪ ਪਾਰਟੀ ਅਤੇ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਹੈ।ਪੰਜਾਬ ਸਰਕਾਰ ਕਿਸਾਨਾਂ ਦੀਆਂ ਮੰਗਾਂ ਬਾਰੇ ਚੰਗੀ ਤਰ੍ਹਾਂ ਵਾਕਿਫ਼ ਹੈ। ਪੰਜਾਬ ਇਕ ਸਰਹੱਦੀ ਅਤੇ ਦੇਸ਼ ਦਾ ਪੇਟ ਭਰਨ ਵਾਲਾ ਸੂਬਾ ਹੋਣ ਦੇ ਬਾਵਜ਼ੂਦ ਕੇਂਦਰ ਵੱਲੋਂ ਹਮੇਸ਼ਾਂ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾਂਦਾ ਹੈ। ਉਹਨਾਂ ਭਰੋਸਾ ਦਿੱਤਾ ਕਿ ਆਪ ਪਾਰਟੀ ਪੰਜਾਬ ਦੇ ਹੱਕੀ ਮੰਗਾਂ ਲਈ ਹਿੱਕ ਡਾਹ ਕੇ ਲੜਦੀ ਰਹੇਗੀ।
ਉਹ ਅੱਜ ਕੋਟ ਈਸੇ ਖਾਂ ਅਤੇ ਮੋਗਾ ਵਿਖੇ ਨਵੇਂ ਨਿਯੁਕਤ ਕੀਤੇ ਗਏ ਮਾਰਕੀਟ ਕਮੇਟੀ ਦੇ ਚੇਅਰਮੈਨਾਂ ਨੂੰ ਅਹੁਦੇ ਸੰਭਾਲਣ ਮੌਕੇ ਰੱਖੇ ਸਮਾਗਮਾਂ ਨੂੰ ਸੰਬੋਧਨ ਕਰ ਰਹੇ ਸਨ। ਅੱਜ ਸ੍ਰ ਅਮਨ ਪੰਡੋਰੀ ਨੇ ਕੋਟ ਈਸੇ ਖਾਂ ਵਿਖੇ ਅਤੇ ਸ੍ਰ ਹਰਜਿੰਦਰ ਸਿੰਘ ਰੋਡੇ ਨੇ ਮੋਗਾ ਵਿਖੇ ਚੇਅਰਮੈਨ ਦਾ ਅਹੁਦਾ ਸੰਭਾਲਿਆ। ਭਾਰੀ ਇਕੱਠਾਂ ਨੂੰ ਸੰਬੋਧਨ ਕਰਦਿਆਂ ਸ੍ਰ ਖੁੱਡੀਆਂ ਨੇ ਕਿਹਾ ਕਿ ਆਪ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ। ਇਹ ਬਦਲਾਅ ਹੀ ਹੈ ਕਿ ਹੁਣ ਆਮ ਲੋਕ ਅਹੁਦਿਆਂ ਉੱਤੇ ਬੈਠ ਕੇ ਲੋਕ ਹਿੱਤ ਫੈਸਲੇ ਲੈਣ ਦੇ ਕਾਬਲ ਹੋਏ ਹਨ।
ਪਹਿਲਾਂ ਵਾਲੀਆਂ ਸਰਕਾਰਾਂ ਨੇ ਕਦੇ ਵੀ ਆਮ ਲੋਕਾਂ ਨੂੰ ਅੱਗੇ ਨਹੀਂ ਆਉਣ ਦਿੱਤਾ। ਸਾਡੇ ਉੱਤੇ ਆਮ ਲੋਕਾਂ ਦਾ ਬਹੁਤ ਕਰਜ਼ਾ ਹੈ, ਜੋ ਕਦੇ ਵੀ ਉਤਾਰਿਆ ਨਹੀਂ ਜਾ ਸਕਦਾ ਹੈ। ਉਹਨਾਂ ਅਪੀਲ ਕੀਤੀ ਕਿ ਲੋਕ ਅੱਗੇ ਵੀ ਸਹਿਯੋਗ ਦੇਣ ਕਿਉਂਕਿ ਆਪ ਪਾਰਟੀ ਇਮਾਨਦਾਰੀ ਨਾਲ ਲੋਕ ਹਿੱਤ ਕੰਮ ਕਰ ਰਹੀ ਹੈ। ਸਹੀ ਮਾਅਨਿਆਂ ਵਿੱਚ ਰੰਗਲਾ ਪੰਜਾਬ ਬਣਾਉਣ ਲਈ ਹਲੇ ਹੋਰ ਸਮਾਂ ਲੱਗੇਗਾ ਪਰ ਸੂਬੇ ਦੀ ਪੁਰਾਣੀ ਬਾਦਸ਼ਾਹਤ ਨੂੰ ਮੁੜ ਕਾਇਮ ਕੀਤਾ ਜਾਵੇਗਾ।
ਉਹਨਾਂ ਨਵੇਂ ਬਣੇ ਚੇਅਰਮੈਨਾਂ ਨੂੰ ਚੇਅਰਮੈਨੀ ਮਿਲਣ ਉੱਤੇ ਵਧਾਈ ਦਿੰਦਿਆਂ ਕਿਹਾ ਕਿ ਫਾਉਂਡਰ ਪਾਰਟੀ ਵਰਕਰਾਂ ਨੂੰ ਆਪ ਪਾਰਟੀ ਵੱਲੋਂ ਪੂਰਾ ਮਾਣ ਅਤੇ ਸਤਿਕਾਰ ਦਿੱਤਾ ਜਾਂਦਾ ਰਹੇਗਾ। ਭਵਿੱਖ ਵਿਚ ਵੀ ਵਲੰਟੀਅਰਾਂ ਨੂੰ ਮੈਰਿਟ ਦੇ ਆਧਾਰ ਉੱਤੇ ਅਹੁਦੇਦਾਰੀਆਂ ਮਿਲਣਗੀਆਂ।
ਉਹਨਾਂ ਲੋਕਾਂ ਨਾਲ ਕੀਤੇ ਚੋਣ ਵਾਅਦੇ ਪੂਰੇ ਕਰਨ ਦਾ ਦਾਅਵਾ ਕਰਦਿਆਂ ਕਿਹਾ ਕਿ 600 ਯੂਨਿਟ ਬਿਜਲੀ ਮੁਫ਼ਤ ਦੇਣ ਕਰਕੇ 87 ਫੀਸਦੀ ਖਪਤਕਾਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੈਰਿਟ ਦੇ ਅਧਾਰ ਉੱਤੇ 37 ਹਜ਼ਾਰ ਨੌਕਰੀਆਂ ਦੇਣ ਦੇ ਨਾਲ ਨਾਲ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾ ਰਿਹਾ ਹੈ।
ਵੱਖਰੇ ਵੱਖਰੇ ਸਮਾਗਮਾਂ ਨੂੰ ਸੰਬੋਧਨ ਕਰਦਿਆਂ ਹਲਕਾ ਮੋਗਾ ਦੀ ਵਿਧਾਇਕਾ ਡਾਕਟਰ ਅਮਨਦੀਪ ਕੌਰ ਅਰੋੜਾ ਅਤੇ ਹਲਕਾ ਧਰਮਕੋਟ ਦੇ ਵਿਧਾਇਕ ਸ੍ਰ ਦਵਿੰਦਰਜੀਤ ਸਿੰਘ ਲਾਡੀ ਢੋਂਸ ਨੇ ਕਿਹਾ ਕਿ ਆਪ ਪਾਰਟੀ ਵੱਲੋਂ ਆਮ ਵਰਕਰਾਂ ਨੂੰ ਅਹੁਦੇਦਾਰੀਆਂ ਨਾਲ ਨਿਵਾਜ਼ਿਆ ਜਾ ਰਿਹਾ ਹੈ। ਵਰਕਰ ਪਾਰਟੀ ਦੀ ਰੀੜ੍ਹ ਦੀ ਹੱਡੀ ਹਨ। ਵਰਕਰਾਂ ਦਾ ਦੇਣਾ ਨਹੀਂ ਦਿੱਤਾ ਜਾ ਸਕਦਾ। ਇਸ ਦੌਰਾਨ ਚੇਅਰਮੈਨ ਸ੍ਰ ਅਮਨ ਪੰਡੋਰੀ ਅਤੇ ਸ੍ਰ ਹਰਜਿੰਦਰ ਸਿੰਘ ਰੋਡੇ ਨੇ ਪਾਰਟੀ ਵੱਲੋਂ ਸੌਂਪੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਦਾ ਭਰੋਸਾ ਦਿੱਤਾ।
ਇਸ ਮੌਕੇ ਪ੍ਰੋਫ਼ੈਸਰ ਸਾਧੂ ਸਿੰਘ ਸਾਬਕਾ ਲੋਕ ਸਭਾ ਮੈਂਬਰ, ਸ੍ਰ ਹਰਮਨਦੀਪ ਸਿੰਘ ਬਰਾੜ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਮੋਗਾ, ਸ਼੍ਰੀ ਦੀਪਕ ਅਰੋੜਾ ਚੇਅਰਮੈਨ ਨਗਰ ਸੁਧਾਰ ਟਰੱਸਟ ਮੋਗਾ, ਐੱਸ ਡੀ ਐੱਮ ਸ਼੍ਰੀਮਤੀ ਚਾਰੂਮਿਤਾ, ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਆਮ ਲੋਕਾਂ ਨੇ ਸ਼ਿਰਕਤ ਕੀਤੀ। ਇਸ ਤੋਂ ਪਹਿਲਾਂ ਉਹਨਾਂ ਨੂੰ ਜ਼ਿਲ੍ਹਾ ਮੋਗਾ ਵਿੱਚ ਪਹਿਲੀ ਵਾਰ ਬਤੌਰ ਕੈਬਨਿਟ ਮੰਤਰੀ ਪਹੁੰਚਣ ਉੱਤੇ ਗਾਰਡ ਆਫ ਆਨਰ ਦਿੱਤਾ ਗਿਆ।