ਲੀਚੀ ਦੀ ਅਗਲੀ ਵੱਡੀ ਖੇਪ ਇੰਗਲੈਂਡ ਨੂੰ ਛੇਤੀ ਕੀਤੀ ਜਾਵੇਗੀ ਐਕਸਪੋਰਟ: ਚੇਤਨ ਜੌੜਾਮਾਜਰਾ

  • ਪੰਜਾਬ ਵੱਲੋਂ ਇੰਗਲੈਂਡ ਨੂੰ ਲੀਚੀ ਨਿਰਯਾਤ ਹੋਰ ਪ੍ਰਫੁੱਲਿਤ ਕਰਨ ਲਈ ਨਵੇਂ ਮੌਕਿਆਂ ਦੀ ਭਾਲ
  • ਬਰਤਾਨੀਆ ਦੀ ਡਿਪਟੀ ਹਾਈ ਕਮਿਸ਼ਨਰ ਵੱਲੋਂ ਚੇਤਨ ਸਿੰਘ ਜੌੜਾਮਾਜਰਾ ਨਾਲ ਭਵਿੱਖੀ ਸਹਿਯੋਗ ਅਤੇ ਨਵੀਆਂ ਖੇਤੀ ਸਹਾਇਕ ਤਕਨੀਕਾਂ ਸਬੰਧੀ ਮੁਲਾਕਾਤ

ਚੰਡੀਗੜ੍ਹ, 11 ਜੁਲਾਈ 2024 – ਪੰਜਾਬ ਦੀ ਲੀਚੀ ਦੀ ਪਹਿਲੀ ਖੇਪ ਹਾਲ ਹੀ ਵਿੱਚ ਇੰਗਲੈਂਡ ਨੂੰ ਸਫ਼ਲਤਾਪੂਰਵਕ ਐਕਸਪੋਰਟ ਕਰਨ ਤੋਂ ਬਾਅਦ ਅੱਜ ਇੰਗਲੈਂਡ (ਯੂ.ਕੇ.) ਦੀ ਡਿਪਟੀ ਹਾਈ ਕਮਿਸ਼ਨਰ ਸ੍ਰੀਮਤੀ ਕੈਰੋਲਿਨ ਰੋਵੇਟ ਵੱਲੋਂ ਪੰਜਾਬ ਦੇ ਬਾਗ਼ਬਾਨੀ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨਾਲ ਮੁਲਾਕਾਤ ਕਰਕੇ ਭਵਿੱਖ ਵਿੱਚ ਲੀਚੀ ਦੇ ਨਿਰਯਾਤ ਸਬੰਧੀ ਅਗਲੇਰੀ ਰਣਨੀਤੀ ਅਤੇ ਖੇਤੀ ਸਹਾਇਕ ਤਕਨੀਕਾਂ ਨੂੰ ਸਾਂਝਾ ਤੇ ਉਤਸ਼ਾਹਿਤ ਕਰਨ ਦੇ ਮੱਦੇਨਜ਼ਰ ਵਿਚਾਰ-ਵਟਾਂਦਰਾ ਕੀਤਾ ਗਿਆ।

ਪੰਜਾਬ ਤੋਂ ਖੇਤੀਬਾੜੀ ਨਾਲ ਸਬੰਧਤ ਨਿਰਯਾਤ ਸੰਭਾਵਨਾਵਾਂ ਨੂੰ ਵਧਾਉਣ ਅਤੇ ਕੌਮਾਂਤਰੀ ਸਹਿਯੋਗ ਨੂੰ ਉਤਸ਼ਾਹਿਤ ਕਰਨ ’ਤੇ ਕੇਂਦਰਿਤ ਇਸ ਉੱਚ ਪੱਧਰੀ ਮੀਟਿੰਗ ਦੌਰਾਨ ਸ. ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਸੂਬੇ ਦੇ ਉਤਪਾਦਾਂ ਨੂੰ ਆਲਮੀ ਪੱਧਰ ’ਤੇ ਬਣਦੀ ਥਾਂ ਦਿਵਾਉਣ ਦੀ ਦੂਰ-ਦਰਸ਼ੀ ਸੋਚ ਰੱਖਦੀ ਹੈ। ਇਸ ਦਿਸ਼ਾ ‘ਚ ਹਾਲ ਹੀ ਵਿੱਚ ਸੂਬੇ ਤੋਂ ਲੀਚੀ ਐਕਸਪੋਰਟ ਕਰਨ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਰਾਜ ਦੇ ਉਤਪਾਦਾਂ ਨੂੰ ਦੁਨੀਆਂ ਭਰ ਦੇ ਨਵੇਂ ਬਾਜ਼ਾਰਾਂ ਵਿੱਚ ਹੋਰ ਪ੍ਰਫੁੱਲਿਤ ਕਰਨ ਮੱਦੇਨਜ਼ਰ ਸਰਕਾਰ ਦੀ ਇਹ ਪਹਿਲਕਦਮੀ ਇੱਕ ਨਵੇਕਲੀ ਉਦਾਹਰਣ ਹੈ ।

ਮੀਟਿੰਗ ਦੌਰਾਨ ਪੰਜਾਬ ਦੇ ਨਿਰਯਾਤ ਲਈ ਏਕੀਕ੍ਰਿਤ ਬ੍ਰਾਂਡ ਦੇ ਵਿਕਾਸ ਸਣੇ ਸੂਰਜੀ ਊਰਜਾ, ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਡਰੋਨ ਮੈਪਿੰਗ, ਖੇਤੀ ਦੀਆਂ ਉੱਨਤ ਤਕਨੀਕਾਂ, ਖੇਤੀ ਕਾਰੋਬਾਰ ਉੱਦਮਾਂ ਸਬੰਧੀ ਮੌਕੇ ਅਤੇ ਕਾਰਬਨ ਅਤੇ ਵਾਟਰ ਕ੍ਰੈਡਿਟ ਦੀ ਖੋਜ ਬਾਰੇ ਸੰਭਾਵੀ ਸਹਿਯੋਗ ਸਬੰਧੀ ਵਿਸਥਾਰਪੂਰਵਕ ਚਰਚਾ ਕੀਤੀ ਗਈ।

ਸ੍ਰੀਮਤੀ ਰੋਵੇਟ ਨੇ ਲੀਚੀ ਨਿਰਯਾਤ ਪ੍ਰੋਗਰਾਮ ਵਿੱਚ ਡੂੰਘੀ ਦਿਲਚਸਪੀ ਜ਼ਾਹਰ ਕੀਤੀ ਅਤੇ ਪੰਜਾਬ ਅਤੇ ਬਰਤਾਨੀਆ ਦਰਮਿਆਨ ਭਵਿੱਖੀ ਸਹਿਯੋਗ ਲਈ ਅਗਲੇਰੀ ਰੂਪ-ਰੇਖਾ ਉਲੀਕਣ ਦਾ ਭਰੋਸਾ ਦਿੱਤਾ।

ਬਾਗ਼ਬਾਨੀ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਦੱਸਿਆ ਕਿ ਸੂਬੇ ਤੋਂ ਲੀਚੀ ਦੀ ਅਗਲੀ ਵੱਡੀ ਖੇਪ ਛੇਤੀ ਇੰਗਲੈਂਡ ਨੂੰ ਐਕਸਪੋਰਟ ਕੀਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਖੇਤੀਬਾੜੀ ਅਤੇ ਪ੍ਰੋਸੈਸਡ ਫ਼ੂਡ ਪ੍ਰੋਡਕਟਸ ਐਕਸਪੋਰਟ ਡਿਵੈਲਪਮੈਂਟ ਅਥਾਰਟੀ (ਅਪੇਡਾ) ਦੇ ਸਹਿਯੋਗ ਨਾਲ ਹਾਲ ਹੀ ਵਿੱਚ ਸ਼ੁਰੂ ਕੀਤਾ ਗਿਆ ਲੀਚੀ ਨਿਰਯਾਤ ਪੰਜਾਬ ਦੇ ਖੇਤੀਬਾੜੀ ਖੇਤਰ ਦੇ ਵਿਕਾਸ ਲਈ ਇੱਕ ਅਹਿਮ ਮੀਲ ਪੱਥਰ ਸਾਬਤ ਹੋਇਆ ਹੈ। ਸੂਬੇ ਦੇ ਨੀਮ-ਪਹਾੜੀ ਜ਼ਿਲ੍ਹਿਆਂ ਪਠਾਨਕੋਟ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਤੋਂ ਐਕਸਪੋਰਟ ਕੀਤੀ ਗਈ ਲੀਚੀ ਇਸ ਖੇਤਰ ਦੇ ਅਨੁਕੂਲ ਮਾਹੌਲ ਕਰਕੇ ਆਪਣੇ ਗੂੜ੍ਹੇ ਲਾਲ ਰੰਗ ਅਤੇ ਚੋਖੀ ਮਿਠਾਸ ਕਾਰਨ ਮਸ਼ਹੂਰ ਹੈ।

ਦੱਸ ਦੇਈਏ ਕਿ ਪੰਜਾਬ ਵਿੱਚ ਲੀਚੀ ਦੀ ਕਾਸ਼ਤ 3,250 ਹੈਕਟੇਅਰ ਰਕਬੇ ਵਿੱਚ ਕੀਤੀ ਜਾਂਦੀ ਹੈ, ਜਿਥੋਂ ਲਗਭਗ 13,000 ਮੀਟਰਕ ਟਨ ਸਾਲਾਨਾ ਲੀਚੀ ਦੀ ਪੈਦਾਵਾਰ ਹੁੰਦੀ ਹੈ, ਜਿਸ ਸਦਕਾ ਪੰਜਾਬ ਨੂੰ ਵਿਸ਼ਵ ਲੀਚੀ ਮੰਡੀ ਵਿੱਚ ਵੱਡੇ ਕਾਸ਼ਤਕਾਰ ਵਜੋਂ ਸਥਾਨ ਪ੍ਰਾਪਤ ਹੈ।

ਮੀਟਿੰਗ ਵਿੱਚ ਡਾਇਰੈਕਟਰ ਬਾਗ਼ਬਾਨੀ ਸ੍ਰੀਮਤੀ ਸ਼ੈਲਿੰਦਰ ਕੌਰ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਪਰਸਨ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ: ਡਾ.ਬਲਜੀਤ ਕੌਰ

ਲਗਾਤਾਰ ਤੀਜੀ ਵਾਰ ਮੱਕੀ ਦੀ ਫਸਲ ਖਰੀਦਣ ਤੋਂ ਨਾਂਹ ਕਰ ਕੇ ਕਿਸਾਨਾਂ ਨੂੰ ਬਰਬਾਦ ਕਰਨ ਲਈ ਮੁੱਖ ਮੰਤਰੀ ਅਸਤੀਫਾ ਦੇਣ: ਸੁਖਬੀਰ ਸਿੰਘ