- ਦੇਸ਼ ਵਿੱਚ ਐਨਐਚਏਆਈ ਵੱਲੋਂ ਅਜਿਹਾ ਪਹਿਲਾ ਪ੍ਰੋਜੈਕਟ; ਟੈਂਡਰ ਜਾਰੀ ਕੀਤੇ ਗਏ
ਲੁਧਿਆਣਾ, 14 ਨਵੰਬਰ, 2024: ਨੈਸ਼ਨਲ ਹਾਈਵੇਜ਼ ਅਥਾਰਟੀ ਆਫ਼ ਇੰਡੀਆ (ਐਨ.ਐਚ.ਏ.ਆਈ.) ਨੇ ਲੁਧਿਆਣਾ ਦੇ ਨਵੇਂ ਬਣੇ ਐਲੀਵੇਟਿਡ ਹਾਈਵੇਅ ਦੇ ਦੋਵੇਂ ਪਾਸੇ ਪਾਰਕਿੰਗ ਸੁਵਿਧਾਵਾਂ ਵਿਕਸਿਤ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਹ ਐਲੀਵੇਟਿਡ ਹਾਈਵੇ ਸਮਰਾਲਾ ਚੌਂਕ ਨੂੰ NH-05 ‘ਤੇ ਫਿਰੋਜ਼ਪੁਰ ਰੋਡ ਨੇੜੇ ਲੁਧਿਆਣਾ ਦੀ ਮਿਉਂਸਪਲ ਸੀਮਾ ਨਾਲ ਜੋੜਦਾ ਹੈ।
ਵੀਰਵਾਰ ਨੂੰ ਇੱਥੇ ਇਹ ਜਾਣਕਾਰੀ ਦਿੰਦਿਆਂ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਦੱਸਿਆ ਕਿ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ (ਐਮਓਆਰਟੀਐਚ) ਨੇ ਉਨ੍ਹਾਂ ਵੱਲੋਂ ਕੀਤੀ ਪਹਿਲਕਦਮੀ ਨੂੰ ਪਹਿਲਾਂ ਹੀ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ। ਉਨ੍ਹਾਂ ਨੇ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਅਤੇ ਐਨਐਚਏਆਈ ਦੇ ਚੇਅਰਮੈਨ ਨੂੰ ਐਲੀਵੇਟਿਡ ਰੋਡ ਦੇ ਦੋਵੇਂ ਪਾਸੇ ਸਥਿਤ ਵਪਾਰਕ ਘਰਾਣਿਆਂ ਦੀ ਵੱਧਦੀ ਮੰਗ ਦੇ ਮੱਦੇਨਜ਼ਰ ਇਹ ਪਾਰਕਿੰਗ ਖੇਤਰ ਸਥਾਪਤ ਕਰਨ ਦੀ ਅਪੀਲ ਕੀਤੀ ਸੀ, ਕਿਉਂਕਿ ਵਾਹਨਾਂ ਦੀ ਪਾਰਕਿੰਗ ਲਈ ਖੇਤਰਾਂ ਦੀ ਸਖ਼ਤ ਜ਼ਰੂਰਤ ਸੀ। .
ਹੁਣ, ਨੈਸ਼ਨਲ ਹਾਈਵੇਅ ਲੌਜਿਸਟਿਕਸ ਮੈਨੇਜਮੈਂਟ ਲਿਮਿਟੇਡ (ਐਨਐੱਚਐਲਐਮਐਲ), ਐਨਐਚਏਆਈ ਦੀ ਇੱਕ ਐਸਵੀਪੀ, ਨੇ ਇੱਕ ਟੈਂਡਰ ਜਾਰੀ ਕੀਤਾ ਹੈ ਜਿਸ ਵਿੱਚ ਡਿਵੈਲਪਰਾਂ ਤੋਂ ਬੋਲੀਆਂ ਮੰਗੀਆਂ ਗਈਆਂ ਹਨ। ਸੰਭਾਵੀ ਬੋਲੀਕਾਰ 11 ਦਸੰਬਰ ਤੱਕ ਬੋਲੀ ਜਮ੍ਹਾਂ ਕਰਵਾ ਸਕਦੇ ਹਨ। 7 ਕਰੋੜ ਰੁਪਏ ਦੇ ਅੰਦਾਜ਼ਨ ਬਜਟ ਨਾਲ, ਇਹ ਪ੍ਰੋਜੈਕਟ ਸ਼ਹਿਰ ਦੇ ਮੁੱਖ ਮਾਰਗਾਂ ਨੂੰ ਕਵਰ ਕਰਦੇ ਹੋਏ ਐਲੀਵੇਟਿਡ ਰੋਡ ਦੇ ਦੋਵੇਂ ਪਾਸੇ 750 ਵਾਹਨ ਪਾਰਕ ਕਰਨ ਦੇ ਸਮਰੱਥ 14 ਪਾਰਕਿੰਗ ਖੇਤਰ ਬਣਾਏਗਾ। ਦੇਸ਼ ਵਿੱਚ ਐਨਐਚਏਆਈ ਵੱਲੋਂ ਅਜਿਹਾ ਪਹਿਲਾ ਪ੍ਰੋਜੈਕਟ ਹੈ।
ਅਰੋੜਾ ਨੇ ਦੱਸਿਆ ਕਿ ਪ੍ਰਸਤਾਵਿਤ ਪਾਰਕਿੰਗ ਖੇਤਰ ਭਾਰਤ ਨਗਰ ਚੌਕ, ਡੀਸੀ ਦਫ਼ਤਰ, ਭਾਈ ਬਾਲਾ ਚੌਕ, ਪਾਰਕ ਪਲਾਜ਼ਾ, ਨੋਵਲਟੀ, ਨਾਗਪਾਲ ਰੀਜੈਂਸੀ, ਆਰਤੀ ਚੌਕ, ਮਹਾਰਾਜਾ ਰੀਜੈਂਸੀ, ਕਾਕਾ ਮੈਰਿਜ ਪੈਲੇਸ, ਮਲਹਾਰ ਰੋਡ, ਪੀਏਯੂ ਗੇਟ 1, ਪੀਏਯੂ ਗੇਟ 2, ਜਗਦੀਸ਼ ਸਟੋਰ ਅਤੇ ਸਿੱਧਵਾਂ ਨਹਿਰ ਵਰਗੀਆਂ ਮਹੱਤਵਪੂਰਨ ਸ਼ਹਿਰੀ ਥਾਵਾਂ ਦੇ ਨੇੜੇ ਸਥਿਤ ਹੋਣਗੇ।
ਉਨ੍ਹਾਂ ਕਿਹਾ ਕਿ ਐਨਐਚਏਆਈ ਅਤੇ ਐਨਐਚਐਲਐਮਐਲ ਦਾ ਉਦੇਸ਼ ਹਾਈਵੇਅ ਉਪਭੋਗਤਾਵਾਂ ਲਈ ਬੁਨਿਆਦੀ ਢਾਂਚੇ ਅਤੇ ਸੇਵਾਵਾਂ ਨੂੰ ਬਿਹਤਰ ਬਣਾਉਣ ਦੇ ਯਤਨਾਂ ਦੇ ਨਾਲ ਪਾਰਕਿੰਗ ਥਾਵਾਂ ਪ੍ਰਦਾਨ ਕਰਕੇ ਸ਼ਹਿਰੀ ਗਤੀਸ਼ੀਲਤਾ ਨੂੰ ਵਧਾਉਣਾ ਅਤੇ ਭੀੜ-ਭੜੱਕੇ ਨੂੰ ਘਟਾਉਣਾ ਹੈ। ਅਰੋੜਾ, ਜਿਨ੍ਹਾਂ ਨੇ ਐਲੀਵੇਟਿਡ ਹਾਈਵੇਅ ਪ੍ਰੋਜੈਕਟ ਨੂੰ ਅੱਗੇ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ, ਨੇ ਕਿਹਾ ਕਿ ਉਨ੍ਹਾਂ ਹਾਲ ਹੀ ਵਿੱਚ ਐਨਐਚਐਲਐਮਐਲ ਦੇ ਚੇਅਰਮੈਨ ਵਿਨੈ ਕੁਮਾਰ ਨਾਲ ਪਹਿਲਕਦਮੀ ਬਾਰੇ ਵਿਚਾਰ ਵਟਾਂਦਰਾ ਕੀਤਾ, ਜਿਨ੍ਹਾਂ ਨੇ ਪਾਰਕਿੰਗ ਥਾਵਾਂ ਨੂੰ ਸਿਧਾਂਤਕ ਤੌਰ ‘ਤੇ ਮਨਜ਼ੂਰੀ ਦਿੱਤੀ।
ਅਰੋੜਾ ਨੇ ਉਜਾਗਰ ਕੀਤਾ ਕਿ ਇਹ ਪ੍ਰੋਜੈਕਟ ਟ੍ਰੈਫਿਕ ਭੀੜ ਨੂੰ ਘਟਾਉਣ ਲਈ ਮਹੱਤਵਪੂਰਨ ਹੈ, ਜਿਸ ਨਾਲ ਸਥਾਨਕ ਕਾਰੋਬਾਰਾਂ ਅਤੇ ਯਾਤਰੀਆਂ ‘ਤੇ ਅਸਰ ਪਵੇਗਾ। ਉਨ੍ਹਾਂ ਨੇ ਇਸ ਪ੍ਰਾਜੈਕਟ ਦੀ ਵਕਾਲਤ ਕਰਨ ਲਈ ਸਥਾਨਕ ਵਿਧਾਇਕ ਗੁਰਪ੍ਰੀਤ ਗੋਗੀ ਦੀ ਭੂਮਿਕਾ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਨਾਲ ਨੇੜਲੇ ਕਾਰੋਬਾਰਾਂ ਲਈ ਗਾਹਕਾਂ ਦੀ ਆਵਾਜਾਈ ਵਧੇਗੀ। ਉਨ੍ਹਾਂ ਆਸ ਪ੍ਰਗਟਾਈ ਕਿ ਐਲੀਵੇਟਿਡ ਹਾਈਵੇਅ ਦੇ ਦੋਵੇਂ ਪਾਸੇ ਪਾਰਕਿੰਗ ਥਾਵਾਂ ਦੀ ਉਸਾਰੀ ਨਾਲ ਯਾਤਰੀਆਂ ਅਤੇ ਵਪਾਰੀਆਂ ਦੋਵਾਂ ਨੂੰ ਫਾਇਦਾ ਹੋਵੇਗਾ।