- ਬੰਬੀਹਾ ਗੈਂਗ ਨਾਲ ਸਬੰਧਾਂ ਦੀ ਜਾਂਚ
- ਦੁਪਹਿਰ 2 ਵਜੇ ਇੰਸਟਾਗ੍ਰਾਮ ‘ਤੇ ਲਾਈਵ ਹੋ ਕੇ ਗਾਇਕ ਕਰ ਸਕਦਾ ਹੈ ਕਈ ਖੁਲਾਸੇ
ਨਵੀਂ ਦਿੱਲੀ, 26 ਅਕਤੂਬਰ 2022 – ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਪੰਜਾਬੀ ਗਾਇਕਾ ਅਫਸਾਨਾ ਖਾਨ ਨੂੰ ਕੇਂਦਰੀ ਜਾਂਚ ਏਜੰਸੀ (ਐਨਆਈਏ) ਨੇ ਤਲਬ ਕੀਤਾ ਹੈ। ਅਫਸਾਨਾ ਖਾਨ ਤੋਂ NIA ਨੇ 5 ਘੰਟੇ ਤੱਕ ਪੁੱਛਗਿੱਛ ਕੀਤੀ। ਅੱਜ ਅਫਸਾਨਾ ਦੁਪਹਿਰ 2 ਵਜੇ ਇੰਸਟਾਗ੍ਰਾਮ ‘ਤੇ ਲਾਈਵ ਹੋਵੇਗੀ। ਅਫਸਾਨਾ 5 ਘੰਟਿਆਂ ਵਿੱਚ ਪੁੱਛ-ਪੜਤਾਲ ਕਰਨ ਬਾਰੇ ਗੱਲਬਾਤ ਵੀ ਸਾਂਝੀ ਕਰ ਸਕਦੀ ਹੈ।
ਇਸ ਦੇ ਨਾਲ ਹੀ ਮੂਸੇਵਾਲਾ ਕਤਲੇਆਮ ਦੇ ਬਾਰੇ ਕੁਝ ਦੱਬੇ ਹੋਏ ਰਾਜ ਵੀ ਸਾਹਮਣੇ ਆ ਸਕਦੇ ਹਨ। ਲਾਰੈਂਸ ਅਤੇ ਕਤਲ ਵਿੱਚ ਸ਼ਾਮਲ ਬਾਕੀ ਮੁਲਜ਼ਮਾਂ ਨੇ ਖੁਲਾਸਾ ਕੀਤਾ ਹੈ ਕਿ ਅਫਸਾਨਾ ਖਾਨ ਬੰਬੀਹਾ ਗੈਂਗ ਦੇ ਕਰੀਬੀ ਹੈ। ਅਫਸਾਨਾ ਖਾਨ ਅਤੇ ਬੰਬੀਹਾ ਗੈਂਗ ਕਿੰਨਾ ਇੱਕ ਦੂਜੇ ਦੇ ਸੰਪਰਕ ਵਿੱਚ ਸਨ, ਇਹ ਵੀ ਆਉਣ ਵਾਲੇ ਦਿਨਾਂ ਵਿੱਚ ਸਾਹਮਣੇ ਆ ਜਾਵੇਗਾ।
ਲਾਰੈਂਸ ਗੈਂਗ ਦੇ ਖੁਲਾਸੇ ਤੋਂ ਬਾਅਦ ਹੀ ਅਫਸਾਨਾ ਖਾਨ ਨੂੰ NIA ਨੇ ਪੁੱਛਗਿੱਛ ਲਈ ਬੁਲਾਇਆ ਸੀ। ਐਨਆਈਏ ਮੂਸੇਵਾਲਾ ਦੀ ਹੱਤਿਆ ਅਤੇ ਇਸ ਵਿੱਚ ਗੈਂਗਸਟਰ ਅਤੇ ਅੱਤਵਾਦੀ ਸਬੰਧਾਂ ਦੀ ਜਾਂਚ ਕਰ ਰਹੀ ਹੈ।
ਸਿੱਧੂ ਅਫਸਾਨਾ ਨੂੰ ਆਪਣੀ ਭੈਣ ਸਮਝਦਾ ਸੀ ਅਤੇ ਉਸ ਤੋਂ ਰੱਖੜੀ ਬੰਨ੍ਹਵਾਉਂਦਾ ਸੀ। ਸੂਤਰਾਂ ਅਨੁਸਾਰ ਖਾਨ ਤੋਂ ਬੰਬੀਹਾ ਗੈਂਗ ਦੇ ਮੈਂਬਰਾਂ ਅਤੇ ਅਰਮੇਨੀਆ ਦੇ ਲੱਕੀ ਗੌਰਵ ਪਟਿਆਲ ਅਤੇ ਸੁਖਪ੍ਰੀਤ ਸਿੰਘ ਬੁੱਢਾ ਸਮੇਤ ਉਸ ਦੇ ਗੈਂਗ ਦੇ ਮੈਂਬਰਾਂ ਨਾਲ ਸਬੰਧਾਂ ਬਾਰੇ ਪੁੱਛਗਿੱਛ ਕੀਤੀ ਗਈ ਹੈ। ਅਫਸਾਨਾ ਨੇ ਮੂਸੇਵਾਲਾ ਨਾਲ ‘ਜਾਂਦੀ ਵਾਰ’ ਗੀਤ ਵੀ ਗਾਇਆ। ਹਾਲਾਂਕਿ ਮੂਸੇਵਾਲਾ ਗੀਤ ਸਤੰਬਰ ਵਿੱਚ ਰਿਲੀਜ਼ ਹੋਣਾ ਸੀ, ਪਰ ਸੰਗੀਤਕਾਰ ਸਲੀਮ ਮਰਚੈਂਟ ਨੇ ਅਦਾਲਤ ਦੇ ਨਿਰਦੇਸ਼ਾਂ ਤੋਂ ਬਾਅਦ ਇਸਨੂੰ ਰੋਕ ਦਿੱਤਾ ਸੀ।
ਸੂਤਰਾਂ ਮੁਤਾਬਕ ਹਾਲ ਹੀ ‘ਚ NIA ਨੇ ਕਈ ਗੈਂਗਸਟਰਾਂ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਹੈ। ਉੱਥੋਂ ਅਫਸਾਨਾ ਖਾਨ NIA ਦੇ ਰਡਾਰ ‘ਤੇ ਆਈ। ਪੁਲਿਸ ਦੀ ਹੁਣ ਤੱਕ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੂਸੇਵਾਲਾ ਦਾ ਕਤਲ ਗੈਂਗਸਟਰਾਂ ਦੀ ਆਪਸੀ ਦੁਸ਼ਮਣੀ ਕਾਰਨ ਹੋਇਆ ਹੈ। ਅਜਿਹੇ ‘ਚ ਅਫਸਾਨਾ ਤੋਂ ਬੰਬੀਹਾ ਗੈਂਗ ਬਾਰੇ ਪੁੱਛਗਿੱਛ ਕੀਤੀ ਗਈ।
ਮੂਸੇਵਾਲਾ ਦੇ ਕਤਲ ਤੋਂ ਬਾਅਦ ਇਸ ਦੇ ਮਾਸਟਰਮਾਈਂਡ ਗੋਲਡੀ ਬਰਾੜ ਵੱਲੋਂ ਇੱਕ ਵੀਡੀਓ ਜਾਰੀ ਕੀਤੀ ਗਈ ਸੀ। ਜਿਸ ਵਿੱਚ ਲਾਰੈਂਸ ਗੈਂਗ ਨਾਲ ਜੁੜੇ ਗੁਰਲਾਲ ਬਰਾੜ ਦੀ ਮਿਊਜ਼ਿਕ ਕੰਪਨੀ ਦਾ ਜ਼ਿਕਰ ਸੀ। ਪੁਲਿਸ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਗੋਲਡੀ ਬਰਾੜ ਦੇ ਭਰਾ ਗੁਰਲਾਲ ਬਰਾੜ ਨੇ ਅਫਸਾਨਾ ਖਾਨ ਨੂੰ ਗੀਤ ਗਾਉਣ ਲਈ ਕਿਹਾ ਸੀ। ਹਾਲਾਂਕਿ, ਬਦਲੇ ਵਿੱਚ, ਅਫਸਾਨਾ ਖਾਨ ਨੂੰ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਅਫਸਾਨਾ ਨੇ ਇਹ ਗੱਲ ਮੂਸੇਵਾਲਾ ਨੂੰ ਦੱਸੀ। ਇਸ ਦੇ ਨਾਲ ਹੀ ਜਦੋਂ ਅਫਸਾਨਾ ਨੂੰ ਗੁਰਲਾਲ ਬਰਾੜ ਦੇ ਗੈਂਗਸਟਰ ਕਨੈਕਸ਼ਨ ਬਾਰੇ ਪਤਾ ਲੱਗਾ ਤਾਂ ਉਸ ਨੇ ਗੀਤ ਗਾਉਣ ਤੋਂ ਇਨਕਾਰ ਕਰ ਦਿੱਤਾ।