ਹੁਸ਼ਿਆਰਪੁਰ, 1 ਅਗਸਤ 2023 – ਐਨਆਈਏ ਦੀ ਟੀਮ ਨੇ ਹੁਸ਼ਿਆਰਪੁਰ ਸਥਿਤ ਹਰਿਆਣਾ ਭੂੰਗਾ ਕਸਬੇ ਦੇ ਮੁਹੱਲਾ ਰਾਮਗੜੀਆ ਵਿੱਚ ਅਧਿਆਪਕ ਸਰਬਜੋਤ ਸਿੰਘ ਦੇ ਘਰ ਅੱਜ ਸਵੇਰੇ 6 ਵਜੇ ਦੇ ਕਰੀਬ ਛਾਪਾ ਮਾਰਿਆ। ਪਰਿਵਾਰ ਤੋਂ 2 ਘੰਟੇ ਪੁੱਛਗਿੱਛ ਕਰਨ ਤੋਂ ਬਾਅਦ NIA ਦੀ ਟੀਮ ਨੇ ਸਰਬਜੋਤ ਦਾ ਮੋਬਾਈਲ ਵੀ ਕਬਜ਼ੇ ‘ਚ ਲੈ ਲਿਆ। ਉਨ੍ਹਾਂ ਨੂੰ 3 ਅਗਸਤ ਨੂੰ ਦਿੱਲੀ ਦਫ਼ਤਰ ਵਿੱਚ ਹਾਜ਼ਰ ਹੋਣ ਦੇ ਨਿਰਦੇਸ਼ ਦਿੱਤੇ ਗਏ ਹਨ।
ਅਧਿਆਪਕ ਸਰਬਜੋਤ ਸਿੰਘ ਦੇ ਪਿਤਾ ਨਰਿੰਦਰ ਸਿੰਘ ਨੇ ਦੱਸਿਆ ਕਿ ਟੀਮ ਸਵੇਰੇ ਘਰ ਪਹੁੰਚੀ ਸੀ। ਜਿਸ ਨੇ ਪੁੱਤਰ ਸਰਬਜੋਤ ਸਿੰਘ ਬਾਰੇ ਪੁੱਛਿਆ ਪਰ ਪੁੱਤਰ ਸਰਬਜੋਤ ਘਰ ਨਹੀਂ ਸੀ। ਆਪਣੇ ਮਾਮੇ ਦੇ ਘਰ ਗਿਆ ਹੋਇਆ ਸੀ। ਜਿਸ ਤੋਂ ਬਾਅਦ ਟੀਮ ਮੈਨੂੰ ਨਾਲ ਲੈ ਕੇ ਮਾਮੇ ਦੇ ਘਰ ਗਈ ਅਤੇ ਬੇਟੇ ਨੂੰ ਨਾਲ ਲੈ ਕੇ ਦੁਬਾਰਾ ਸਾਡੇ ਘਰ ਪਹੁੰਚੀ।
ਉਨ੍ਹਾਂ ਦੱਸਿਆ ਕਿ ਇਸ ਸਾਲ ਵਿਸਾਖੀ ਵਾਲੇ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੇਜੇ ਜਥੇ ਸਮੇਤ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਗਏ ਸਨ। ਦਸ ਦਿਨਾਂ ਬਾਅਦ ਮੁੜ ਘਰ ਪਰਤੇ ਸੀ। ਉਨ੍ਹਾਂ ਦੱਸਿਆ ਕਿ ਸਾਡਾ ਐਨਆਈਏ ਟੀਮ ਨਾਲ ਪੂਰਾ ਸਹਿਯੋਗ ਹੋਵੇਗਾ। ਆਉਣ ਵਾਲੇ ਦਿਨਾਂ ਵਿੱਚ ਟੀਮ ਨੇ ਉਸ ਨੂੰ ਦਿੱਲੀ ਦਫ਼ਤਰ ਬੁਲਾਇਆ ਹੈ। ਜਿੱਥੇ ਮੈਂ ਅਤੇ ਮੇਰਾ ਬੇਟਾ ਉਨ੍ਹਾਂ ਦੀ ਜਾਂਚ ਵਿੱਚ ਸ਼ਾਮਲ ਹੋਵਾਂਗੇ।
ਉਨ੍ਹਾਂ ਦੱਸਿਆ ਕਿ ਬੇਟਾ ਸਰਬਜੋਤ ਸਿੰਘ ਕੋਰੋਨਾ ਅਤੇ ਹੁਣ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਸੇਵਾ ਕਰ ਰਿਹਾ ਹੈ। ਪਰਿਵਾਰ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਟੀਮ ਇੱਥੇ ਕਿਉਂ ਆਈ ਹੈ।