ਚੰਡੀਗੜ੍ਹ, 8 ਅਪ੍ਰੈਲ 2023 – ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਨੇ ਪੰਜਾਬ ਸਰਕਾਰ ਤੋਂ 57 ਕਥਿਤ ਗੈਂਗਸਟਰਾਂ ਅਤੇ ਅੱਤਵਾਦੀਆਂ ਦੀਆਂ ਜਾਇਦਾਦਾਂ ਦੇ ਵੇਰਵੇ ਮੰਗੇ ਹਨ। ਇਸ ਵਿੱਚ NIA ਨੇ ਸਿੱਖ ਫਾਰ ਜਸਟਿਸ (SFJ) ਨਾਲ ਜੁੜੇ ਅੱਤਵਾਦੀਆਂ ਦੇ ਨਾਂ ਵੀ ਸ਼ਾਮਲ ਕੀਤੇ ਹਨ। ਗਲਤ ਤਰੀਕੇ ਨਾਲ ਕਮਾਈ ਹੋਣ ‘ਤੇ ਸਰਕਾਰ ਜਾਂਚ ਤੋਂ ਬਾਅਦ ਇਨ੍ਹਾਂ ਸਾਰਿਆਂ ਦੀ ਜਾਇਦਾਦ ਕੁਰਕ ਕਰ ਸਕਦੀ ਹੈ।
NIA ਅੱਤਵਾਦੀਆਂ ਅਤੇ ਗੈਂਗਸਟਰਾਂ ਦੁਆਰਾ ਮਿਲ ਕੇ ਬਣਾਏ ਗਏ ਕਲੱਸਟਰ ਨੂੰ ਤੋੜਨ ਦੀ ਲਗਾਤਾਰ ਕੋਸ਼ਿਸ਼ ਕਰ ਰਹੀ ਹੈ। ਇਸ ਦੇ ਲਈ ਐਨਆਈਏ ਵੱਲੋਂ ਦੋ ਐਫਆਈਆਰ ਵੀ ਦਰਜ ਕੀਤੀਆਂ ਗਈਆਂ ਹਨ। ਜਿਸ ਵਿੱਚ ਲਾਰੈਂਸ, ਜੱਗੂ ਭਗਵਾਨਪੁਰੀਆ, ਕਾਲਾ ਜਠੇਰਾ, ਭੁੱਪੀ ਆਦਿ ਗੈਂਗਸਟਰਾਂ ਦੇ ਨਾਮ ਵੀ ਸ਼ਾਮਲ ਹਨ, ਇਸ ਤੋਂ ਇਲਾਵਾ ਵਿਦੇਸ਼ ਵਿੱਚ ਬੈਠਾ ਅੱਤਵਾਦੀ ਲਖੀਬਰ ਲੰਡਾ ਵੀ ਸ਼ਾਮਲ ਹੈ। ਐਨਆਈਏ ਪੰਜਾਬ, ਹਰਿਆਣਾ, ਯੂਪੀ ਅਤੇ ਰਾਜਸਥਾਨ ਵਿੱਚ ਅੱਤਵਾਦੀਆਂ ਅਤੇ ਗੈਂਗਸਟਰਾਂ ਦੇ ਟਿਕਾਣਿਆਂ ‘ਤੇ ਵੀ ਦੋ ਤੋਂ ਤਿੰਨ ਵਾਰ ਛਾਪੇਮਾਰੀ ਕਰ ਚੁੱਕੀ ਹੈ।
ਜੇਕਰ NIA ਦੀ ਜਾਂਚ ‘ਚ ਇਹ ਸਾਬਤ ਹੋ ਜਾਂਦਾ ਹੈ ਕਿ ਜਾਇਦਾਦਾਂ ਨੂੰ ਖਰੀਦਣ ਲਈ ਗੈਰ-ਕਾਨੂੰਨੀ ਧਨ ਦੀ ਵਰਤੋਂ ਕੀਤੀ ਗਈ ਹੈ, ਤਾਂ ਸਰਕਾਰ ਇਨ੍ਹਾਂ ਨੂੰ ਕੁਰਕ ਕਰ ਸਕਦੀ ਹੈ ਜਾਂ ਉਨ੍ਹਾਂ ਨੂੰ ਢਾਹ ਵੀ ਸਕਦੀ ਹੈ। ਇਹ ਨਜਾਇਜ਼ ਪੈਸਾ ਵਿਦੇਸ਼ਾਂ ਤੋਂ ਅੱਤਵਾਦੀ ਫੰਡਿੰਗ, ਡਰੱਗ ਤਸਕਰੀ ਅਤੇ ਜਬਰੀ ਵਸੂਲੀ ਰਾਹੀਂ ਇਕੱਠਾ ਕੀਤਾ ਜਾ ਸਕਦਾ ਹੈ। ਇਹ ਸੋਚ ਕੇ ਸਰਕਾਰ ਐਨਆਈਏ ਰਾਹੀਂ ਇਹ ਕਾਰਵਾਈ ਕਰ ਰਹੀ ਹੈ। ਉੱਤਰ ਪ੍ਰਦੇਸ਼ ਸਰਕਾਰ ਪਹਿਲਾਂ ਹੀ ਗੈਂਗਸਟਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਦੀਆਂ ਅਜਿਹੀਆਂ ਕਈ ਜਾਇਦਾਦਾਂ ਨੂੰ ਢਾਹ ਚੁੱਕੀ ਹੈ।
ਗ੍ਰਹਿ ਸਕੱਤਰ ਅਨੁਰਾਗ ਵਰਮਾ ਨੇ ਸਬੰਧਤ ਡਿਪਟੀ ਕਮਿਸ਼ਨਰ ਦਫ਼ਤਰਾਂ ਤੋਂ ਅੱਤਵਾਦੀਆਂ ਜਾਂ ਗੈਂਗਸਟਰਾਂ ਦੀਆਂ ਜਾਇਦਾਦਾਂ ਦਾ ਵੇਰਵਾ ਮੰਗਿਆ ਹੈ। ਸਬੰਧਤ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਐਨਆਈਏ ਵੱਲੋਂ ਜਿਨ੍ਹਾਂ ਵਿਅਕਤੀਆਂ ਦੇ ਨਾਮ ਮੁਹੱਈਆ ਕਰਵਾਏ ਗਏ ਹਨ, ਉਨ੍ਹਾਂ ਦੀ ਚੱਲ ਅਤੇ ਅਚੱਲ ਜਾਇਦਾਦ ਬਾਰੇ ਜਾਣਕਾਰੀ ਦੇਣ ਲਈ ਕਿਹਾ ਗਿਆ ਹੈ। ਐਨਆਈਏ ਦੇ ਡਾਇਰੈਕਟਰ ਜਨਰਲ ਦਿਨਕਰ ਗੁਪਤਾ ਅਤੇ ਵਧੀਕ ਸਕੱਤਰ (ਉੱਤਰੀ ਬਲਾਕ) ਪ੍ਰਵੀਨ ਵਸ਼ਿਸ਼ਟ ਵੱਲੋਂ ਪੰਜਾਬ ਸਰਕਾਰ ਨੂੰ ਲਿਖੇ ਪੱਤਰਾਂ ਦੇ ਆਧਾਰ ’ਤੇ ਸਬੰਧਤ ਜ਼ਿਲ੍ਹੇ ਦੇ ਡੀਸੀ ਨੂੰ ਅਜਿਹਾ ਕਰਨ ਲਈ ਕਿਹਾ ਗਿਆ ਹੈ।
ਐਨਆਈਏ ਨੇ ਤਰਨਤਾਰਨ ਵਿੱਚ 23 ਸਤੰਬਰ 2019 ਨੂੰ ਹੋਏ ਬੰਬ ਧਮਾਕੇ ਦੇ ਮੁਲਜ਼ਮਾਂ ਦੀਆਂ ਜਾਇਦਾਦਾਂ ਦੇ ਵੇਰਵੇ ਮੁੱਖ ਤੌਰ ’ਤੇ ਮੰਗੇ ਹਨ। ਇਸ ਘਟਨਾ ਵਿੱਚ ਤਰਨਤਾਰਨ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਸੀ। ਇਹ ਪੂਰੀ ਘਟਨਾ ਦਹਿਸ਼ਤੀ ਮਾਡਿਊਲ ਦਾ ਹਿੱਸਾ ਸੀ। ਜਿਸ ਵਿੱਚ ਖਾਲਿਸਤਾਨ ਲਿਬਰੇਸ਼ਨ ਫੋਰਸ (KLF) ਨਾਲ ਜੁੜੇ ਅੱਤਵਾਦੀਆਂ ਦੇ ਨਾਂ ਸਾਹਮਣੇ ਆਏ ਸਨ।
ਮੁਲਜ਼ਮਾਂ ਦੀ ਜਾਇਦਾਦ ਦੀ ਗੱਲ ਕਰੀਏ ਤਾਂ ਸਭ ਤੋਂ ਵੱਧ ਗੈਂਗਸਟਰਾਂ-ਅੱਤਵਾਦੀ 12 ਫਿਰੋਜ਼ਪੁਰ ਦੇ ਹਨ, ਜਦਕਿ 11 ਤਰਨਤਾਰਨ ਅਤੇ 10 ਅੰਮ੍ਰਿਤਸਰ ਦੇ ਹਨ, ਹੋਰ ਜ਼ਿਲ੍ਹਿਆਂ ਦੇ ਦਹਿਸ਼ਤਗਰਦਾਂ ਅਤੇ ਗੈਂਗਸਟਰਾਂ ਵਿੱਚ ਕਪੂਰਥਲਾ, ਮੋਗਾ, ਮੋਹਾਲੀ, ਫਾਜ਼ਿਲਕਾ, ਮੁਕਤਸਰ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਸ਼ਾਮਲ ਹਨ।