ਬਟਾਲਾ, 24 ਜੂਨ 2022 – ਸਵੇਰੇ ਤੜਕਸਾਰ ਦਿੱਲੀ ਤੋਂ ਆਈ ਐਨ ਆਈ ਏ ਦੀ ਟੀਮ ਨੇ ਅਚਾਨਕ ਕਈ ਅਪਰਾਧਕ ਵਾਰਦਾਤਾਂ ਵਿਚ ਸ਼ਾਮਲ ਰਾਜਬੀਰ ਸਿੰਘ ਰਾਜਾ ਦੇ ਘਰ ਛਾਪੇਮਾਰੀ ਕੀਤੀ।
ਮਿਲੀ ਜਾਣਕਾਰੀ ਅਨੁਸਾਰ ਜਾਂਚ ਏਜੰਸੀ ਦੀ ਟੀਮ ਨੇ ਕਾਦੀਆਂ ਪੁਲਿਸ ਨਾਲ ਮਿਲ ਕੇ ਰਾਜਬੀਰ ਸਿੰਘ ਰਾਜਾ, ਪਿੰਡ ਨਾਥਪੁਰ ਥਾਣਾ ਕਾਦੀਆਂ ਪੁਲਿਸ ਜ਼ਿਲ੍ਹਾ ਬਟਾਲਾ ਦੇ ਘਰ ਛਾਪਾ ਮਾਰਿਆ ਅਤੇ ਉਪਰੋਕਤ ਪਿੰਡ ਦੇ ਸਰਪੰਚ ਦੀ ਹਾਜ਼ਰੀ ਵਿੱਚ ਉਕਤ ਘਰ ਦੀ ਤਲਾਸ਼ੀ ਲਈ ਗਈ, ਹਾਲਾਂਕਿ ਉਕਤ ਘਰ ਤੋਂ ਕੋਈ ਵੀ ਮਾੜੀ ਚੀਜ਼ ਬਰਾਮਦ ਨਹੀਂ ਹੋਈ ਹੈ।
ਹਾਲਾਂਕਿ ਇਸ ਬਾਰੇ ਕੋਈ ਪੁਲਿਸ ਅਧਿਕਾਰੀ ਅਧਿਕਾਰਕ ਤੌਰ ਤੇ ਪੱਤਰਕਾਰਾਂ ਨਾਲ ਗੱਲ ਕਰਨ ਨੂੰ ਤਿਆਰ ਨਹੀਂ ਹੈ ਪਰ ਜਾਣਕਾਰੀ ਮਿਲੀ ਹੈ ਕਿ ਐਨਆਈਏ ਟੀਮ ਦੀ ਅਗਵਾਈ ਇਕ ਡੀਐੱਸਪੀ ਰੈਂਕ ਦਾ ਅਧਿਕਾਰੀ ਕਰ ਰਿਹਾ ਸੀ।
ਇੱਥੇ ਇਹ ਦੱਸਣਾ ਬਣਦਾ ਹੈ ਕਿ ਉਪਰੋਕਤ ਰਾਜਬੀਰ ਸਿੰਘ ਰਾਜਾ ਮੂਲ ਰੂਪ ਵਿੱਚ ਨਾਂਦੇੜ (ਮਹਾਰਾਸ਼ਟਰ) ਦਾ ਰਹਿਣ ਵਾਲਾ ਹੈ ਅਤੇ ਉਪਰੋਕਤ ਪਿੰਡ ਵਿੱਚ ਨਾਨੀ ਦੇ ਘਰ ਰਹਿੰਦਾ ਸੀ। ਮਿਤੀ 12.07.2015 ਨੂੰ ਪੈਸਿਆਂ ਦੇ ਲੈਣ-ਦੇਣ ਦੇ ਝਗੜੇ ਕਾਰਨ ਉਸਨੇ ਆਪਣੇ ਚਚੇਰੇ ਭਰਾ (ਮਾਮੇ ਦਾ ਲੜਕਾ) ‘ਤੇ ਗੋਲੀ ਚਲਾ ਦਿੱਤੀ ਅਤੇ ਨਤੀਜੇ ਵਜੋਂ ਉਸਦੇ ਚਚੇਰੇ ਭਰਾ ਦੀ ਮੌਤ ਹੋ ਗਈ ਅਤੇ ਐਫਆਈਆਰ ਨੰਬਰ 20 ਮਿਤੀ 12.07.2015, ਧਾਰਾ 302,307,452 ਆਈਪੀਸੀ ਅਤੇ 25,54,59 ਆਰਮਜ਼ ਐਕਟ ਅਧੀਨ ਥਾਣਾ ਕਾਦੀਆਂ ਪੁਲਿਸ ਜ਼ਿਲ੍ਹਾ ਬਟਾਲਾ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ।
ਰਾਜਬੀਰ ਸਿੰਘ ਅਣਵਿਆਹਿਆ ਵਿਅਕਤੀ ਹੈ ਅਤੇ ਦੱਸਿਆ ਗਿਆ ਹੈ ਕਿ ਉਪਰੋਕਤ ਰਾਜਬੀਰ ਸਿੰਘ ਰਾਜਾ ਦੇ ਪਾਕਿਸਤਾਨ ਵਿੱਚ ਰਹਿਣ ਵਾਲੇ ਮਸ਼ਹੂਰ ਅੱਤਵਾਦੀ ਹਰਿੰਦਰ ਸਿੰਘ ਰਿੰਦਾ ਨਾਲ ਸਬੰਧ ਹਨ
ਜਾਣਕਾਰੀ ਮਿਲੀ ਹੈ ਕਿ ਅੱਤਵਾਦ ਵਿਰੋਧੀ ਦਸਤੇ ਵੱਲੋਂ ਪੰਜਾਬ ਦੇ ਲੁਧਿਆਣਾ, ਫਿਰੋਜ਼ਪੁਰ ਅਤੇ ਗੁਰਦਾਸਪੁਰ ਜ਼ਿਲਿਆਂ ਸਮੇਤ ਕੁੱਲ 7 ਥਾਵਾਂ ‘ਤੇ ਛਾਪੇਮਾਰੀ ਕੀਤੀ ਹੈ। ਮਾਮਲਾ ਪਿਛਲੇ ਮਹੀਨੇ ਹਰਿਆਣਾ ਦੇ ਕਰਨਾਲ ‘ਚ ਆਈਈਡੀ ਦੀ ਬਰਾਮਦਗੀ ਨਾਲ ਜੁੜਿਆ ਦੱਸਿਆ ਜਾ ਰਿਹਾ ਹੈ।
ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਬਸਤਾਰਾ ਟੋਲ ਪਲਾਜ਼ਾ ਮਧੂਬਨ ਤੋਂ 3 ਆਈਈਡੀ, 1 ਪਿਸਤੌਲ, 2 ਮੈਗਜ਼ੀਨ, 31 ਰੌਂਦ, 6 ਮੋਬਾਈਲ ਅਤੇ 1.30 ਲੱਖ ਦੀ ਨਕਦੀ ਬਰਾਮਦ ਹੋਈ ਸੀ ਅਤੇ ਚਿੱਟੇ ਰੰਗ ਦੀ ਇਨੋਵਾ ਕਾਰ ਵਿੱਚੋਂ ਚਾਰ ਵਿਅਕਤੀ ਫੜੇ ਗਏ ਸਨ ਇਹ ਕੇਸ ਕਰਨਾਲ ਜ਼ਿਲ੍ਹੇ ਦੇ ਮਧੂਬਨ ਥਾਣੇ ਵਿੱਚ 5 ਮਈ, 2022 ਨੂੰ ਦਰਜ ਕੀਤਾ ਗਿਆ ਸੀ।
ਸੂਤਰਾਂ ਦੇ ਹਵਾਲੇ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਬੱਬਰ ਖਾਲਸਾ ਇੰਟਰਨੈਸ਼ਨਲ (ਬੀ.ਕੇ.ਆਈ.) ਦੇ ਪਾਕਿਸਤਾਨ ਸਥਿਤ ਸੰਚਾਲਕ ਹਰਵਿੰਦਰ ਸਿੰਘ ਰਿੰਦਾ ਨੇ ਅੱਤਵਾਦੀ ਹਮਲਿਆਂ ਨੂੰ ਅੰਜਾਮ ਦੇਣ ਲਈ ਪਾਕਿਸਤਾਨ ਦੀ ਖੁਫੀਆ ਏਜੰਸੀ ਦੇ ਇਸ਼ਾਰੇ ‘ਤੇ ਵਿਸਫੋਟਕ, ਹਥਿਆਰ ਅਤੇ ਗੋਲਾ ਬਾਰੂਦ ਦੀ ਸਪਲਾਈ ਕੀਤੀ ਸੀ।