ਮੋਹਾਲੀ, 13 ਮਈ 2022 – ਪੰਜਾਬ ਇੰਟੈਲੀਜੈਂਸ ਹੈੱਡਕੁਆਰਟਰ ‘ਤੇ ਹਮਲੇ ਦੇ ਮੁਲਜ਼ਮ ਨਿਸ਼ਾਨ ਸਿੰਘ ਨੂੰ ਮੋਹਾਲੀ ਪੁਲਸ ਨੇ ਪ੍ਰੋਡਕਸ਼ਨ ਰਿਮਾਂਡ ‘ਤੇ ਲਿਆਂਦਾ ਹੈ। ਪੁਲੀਸ ਨੇ ਮੁਲਜ਼ਮ ਦਾ ਸੈਕਟਰ 6 ਦੇ ਹਸਪਤਾਲ ਵਿੱਚ ਮੈਡੀਕਲ ਕਰਵਾਇਆ। ਹੁਣ ਪੁਲਿਸ ਉਸ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰੇਗੀ।
ਦੱਸ ਦੇਈਏ ਕਿ ਨਿਸ਼ਾਨ ਸਿੰਘ ਨੂੰ ਪੰਜਾਬ ਇੰਟੈਲੀਜੈਂਸ ਹੈੱਡਕੁਆਰਟਰ ‘ਤੇ ਹਮਲੇ ਦੇ ਮਾਮਲੇ ‘ਚ ਫਰੀਦਕੋਟ ਸੀਆਈਏ ਨੇ ਅੰਮ੍ਰਿਤਸਰ ਤੋਂ ਫੜਿਆ ਹੈ। ਉਹ ਦੋ ਮਹੀਨੇ ਪਹਿਲਾਂ ਹੀ ਜੇਲ੍ਹ ਤੋਂ ਰਿਹਾਅ ਹੋਇਆ ਸੀ। ਨਿਸ਼ਾਨ ਸਿੰਘ ਤਰਨਤਾਰਨ ਦੇ ਭਿੱਖੀਵਿੰਡ ਦੇ ਪਿੰਡ ਕੁੱਲਾ ਦਾ ਰਹਿਣ ਵਾਲਾ ਹੈ।
ਉਸ ਦਾ ਜੀਜਾ ਸੋਨਬ ਅੰਬਰਸਰੀਆ ਅਤੇ ਜਗਰੂਪ ਸਿੰਘ ਮਹਿੰਦੀਪੁਰ, ਖੇਮਕਰਨ ਨੂੰ ਫੜ ਲਿਆ ਗਿਆ ਹੈ। ਪੁਲਿਸ ਨੂੰ ਸ਼ੱਕ ਹੈ ਕਿ ਉਨ੍ਹਾਂ ਨੂੰ ਅੰਮ੍ਰਿਤਸਰ ‘ਚ ਰੂਸੀ ਆਰ.ਪੀ.ਜੀ. ਮੁਹਈਆ ਕਰਵਾਇਆ ਗਿਆ ਅਤੇ ਉਹ ਪਾਕਿਸਤਾਨ ‘ਚ ਬੈਠੇ ਗੈਂਗਸਟਰ ਰਿੰਦਾ ਦੇ ਗੁੰਡਿਆਂ ਦੇ ਸੰਪਰਕ ‘ਚ ਆਏ, ਜਿਸ ਤੋਂ ਬਾਅਦ ਇਹਨਾਂ ਨੂੰ ਕਿਰਾਏ ‘ਤੇ ਲੈ ਕੇ ਇਹ ਹਮਲਾ ਕਰਵਾਇਆ ਗਿਆ।
ਪੰਜਾਬ ਪੁਲਿਸ ਦੀਆਂ ਟੀਮਾਂ ਹੁਣ ਯੂਪੀ ਵਿੱਚ ਹਮਲੇ ਦੇ ਮੁਲਜ਼ਮਾਂ ਦਾ ਸੁਰਾਗ ਲੱਭ ਰਹੀਆਂ ਹਨ। ਪਹਿਲਾਂ ਹਰਿਆਣਾ ਵਿੱਚ ਵੀ ਪੁਲੀਸ ਨੇ ਛਾਪੇ ਮਾਰੇ। ਹੁਣ ਪੁਲਿਸ ਨੂੰ ਸੁਰਾਗ ਮਿਲਿਆ ਹੈ ਕਿ ਦੋਸ਼ੀ ਯੂਪੀ ਭੱਜ ਗਏ ਹਨ। ਇਸ ਲਈ ਪੁਲਿਸ ਜਾਂਚ ਵਿੱਚ ਜੁਟੀ ਹੋਈ ਹੈ।