….ਭਾਜਪਾ ਦਾ ਪੰਜਾਬ ਵਿਚ ਕੋਈ ਆਧਾਰ ਨਹੀਂ, ਉਹ ਡਰੱਗ ਮਾਫੀਆ ਨਾਲ ਜੁੜੇ ਲੋਕਾਂ ਨੂੰ ਆਪਣੇ ਗੁੱਟ ਵਿਚ ਸ਼ਾਮਲ ਕਰ ਰਹੇ ਹਨ: ‘ਆਪ ਆਗੂ ਰਾਜਵਿੰਦਰ ਕੌਰ ਥਿਆੜਾ
….10 ਸਾਲ ਦੀ ਸਜ਼ਾ ਕੱਟਣ ਵਾਲੇ ਨਸ਼ਾ ਤਸਕਰ ਪਰਸ਼ੋਤਮ ਲਾਲ ਸੋਂਧੀ ਦੇ ਭਾਜਪਾ ਵਿੱਚ ਸ਼ਾਮਲ ਹੋਣ ‘ਤੇ ‘ਆਪ’ ਨੇ ਪਾਰਟੀ ਨੂੰ ਘੇਰਿਆ
….ਪੰਜਾਬ ਦੇ ਲੋਕ ਸੂਝਵਾਨ ਹਨ, ਉਨ੍ਹਾਂ ਨੂੰ ਪਹਿਲਾਂ ਹੀ ਭਾਜਪਾ ‘ਤੇ ਭਰੋਸਾ ਨਹੀਂ, ‘ਆਪ’ ਉਮੀਦਵਾਰ ਵੱਡੀ ਜਿੱਤ ਦਰਜ ਕਰੇਗਾ: ਵਿਧਾਇਕ ਬਲਕਾਰ ਸਿੰਘ
ਜਲੰਧਰ, 13 ਅਪ੍ਰੈਲ 2023 – ਆਮ ਆਦਮੀ ਪਾਰਟੀ (ਆਪ) ਨੇ ਦਾਅਵਾ ਕੀਤਾ ਕਿ ਪੰਜਾਬ ਵਿੱਚ ਭਾਜਪਾ ਦਾ ਕੋਈ ਆਧਾਰ ਨਹੀਂ ਹੈ ਅਤੇ ਕੋਈ ਵੀ ਉਨ੍ਹਾਂ ਲਈ ਜਲੰਧਰ ਜ਼ਿਮਨੀ ਚੋਣ ਨਹੀਂ ਲੜਨਾ ਚਾਹੁੰਦਾ ਸੀ। ਇਸੇ ਲਈ ਉਹ ਬਾਹਰਲੇ ਵਿਅਕਤੀ ਨੂੰ ਉਮੀਦਵਾਰ ਵਜੋਂ ਖੜ੍ਹਾ ਕਰ ਰਹੇ ਹਨ, ਜਿਸ ਨੂੰ ਜਲੰਧਰ ਦੇ ਮਸਲਿਆਂ ਦੀ ਵੀ ਜਾਣਕਾਰੀ ਨਹੀਂ ਹੈ ਅਤੇ ਜਲੰਧਰ ਦੇ ਲੋਕਾਂ ਨਾਲ ਉਸ ਦਾ ਕੋਈ ਸੰਬੰਧ ਵੀ ਨਹੀਂ ਹੈ।
ਵੀਰਵਾਰ ਨੂੰ ਇੱਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ‘ਆਪ’ ਪੰਜਾਬ ਦੀ ਸਕੱਤਰ ਰਾਜਵਿੰਦਰ ਕੌਰ ਥਿਆੜਾ ਨੇ ਦੱਸਿਆ ਕਿ ਰਿੰਕੂ ਅਟਵਾਲ ਨਾਲ ਇੱਕ ਹੋਰ ਸਾਬਕਾ ਯੂਥ ਅਕਾਲੀ ਆਗੂ ਪਰਸ਼ੋਤਮ ਲਾਲ ਸੋਂਧੀ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਉਸ ਨੂੰ 23 ਮਾਰਚ 2008 ਨੂੰ ਅੰਮ੍ਰਿਤਸਰ ਹਵਾਈ ਅੱਡੇ ਤੋਂ 23 ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ, ਜਿਸਨੂੰ ਅਦਾਲਤ ਵਿੱਚ ਦੋਸ਼ੀ ਪਾਇਆ ਗਿਆ ਅਤੇ 12 ਸਾਲ ਦੀ ਸਜ਼ਾ ਸੁਣਾਈ ਗਈ। ਉਸ ਨੇ ਇਸ ਫੈਸਲੇ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਜਿੱਥੇ ਉਹ ਮੁੜ ਦੋਸ਼ੀ ਪਾਇਆ ਗਿਆ ਅਤੇ ਉਸ ਨੂੰ 10 ਸਾਲ ਦੀ ਸਜ਼ਾ ਹੋਈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਭਾਜਪਾ ਦੀ ਹਾਲਤ ਇੰਨੀ ਮਾੜੀ ਹੈ ਕਿ ਉਹ ਨਸ਼ਾ ਤਸਕਰਾਂ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਕਰ ਰਹੇ ਹਨ।
ਥਿਆੜਾ ਨੇ ਕਿਹਾ ਕਿ ਪੰਜਾਬ ਦੇ ਲੋਕ ਸੂਝਵਾਨ ਹਨ ਅਤੇ ਭਾਜਪਾ ਨੂੰ ਹਮੇਸ਼ਾ ਲਈ ਨਕਾਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਨੇ ਸਾਡੇ ਕਿਸਾਨਾਂ ਨੂੰ ਜਾਣਬੁੱਝ ਕੇ ਪਰੇਸ਼ਾਨ ਕੀਤਾ ਅਤੇ ਜਿਸ ਕਰਕੇ ਉਹ ਗਰਮੀ-ਸਰਦੀ ਸਮੇਤ ਹਰ ਤਰ੍ਹਾਂ ਦੇ ਚੁਣੌਤੀਪੂਰਨ ਮੌਸਮ ਵਿੱਚ ਇੱਕ ਸਾਲ ਤੋਂ ਵੱਧ ਸਮੇਂ ਤੱਕ ਦਿੱਲੀ ਦੀਆਂ ਸਰਹੱਦਾਂ ‘ਤੇ ਬੈਠਣ ਲਈ ਮਜਬੂਰ ਹੋਏ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਲੋਕ ਭਾਜਪਾ ਆਗੂਆਂ ਦਾ ਮੂੰਹ ਵੇਖਣਾ ਵੀ ਪਸੰਦ ਨਹੀਂ ਕਰ ਰਹੇ ਅਤੇ ਹੁਣ ਉਹ ਜਲੰਧਰ ਜ਼ਿਮਨੀ ਚੋਣ ਲਈ ਇੱਕ ਬਾਹਰਲੇ ਵਿਅਕਤੀ ਨੂੰ ਲੈ ਕੇ ਆਏ ਹਨ, ਜਿਸ ਨੂੰ ਇੱਥੋਂ ਦੇ ਲੋਕਾਂ ਦੇ ਮਸਲਿਆਂ ਦੀ ਵੀ ਜਾਣਕਾਰੀ ਨਹੀਂ ਹੈ।
ਇਸ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵਿਧਾਇਕ ਬਲਕਾਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਭਾਜਪਾ ’ਤੇ ਭਰੋਸਾ ਨਹੀਂ ਹੈ। ਇਸੇ ਕਰਕੇ ਕੋਈ ਵੀ ਇਹ ਚੋਣ ਭਾਜਪਾ ਲਈ ਨਹੀਂ ਲੜਨਾ ਚਾਹੁੰਦਾ ਸੀ। ਉਨ੍ਹਾਂ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਇਸ ਚੋਣ ਵਿੱਚ ਵੱਡੀ ਜਿੱਤ ਦਰਜ ਕਰਨਗੇ ਕਿਉਂਕਿ ਮਾਨ ਸਰਕਾਰ ਪਹਿਲੇ ਦਿਨ ਤੋਂ ਹੀ ਕੰਮ ਕਰ ਰਹੀ ਹੈ ਅਤੇ ਲੋਕ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀਆਂ ਲੋਕ ਪੱਖੀ ਨੀਤੀਆਂ ਤੋਂ ਬਹੁਤ ਪ੍ਰਭਾਵਿਤ ਹਨ।
ਇਸ ਪ੍ਰੈਸ ਕਾਨਫਰੰਸ ਵਿੱਚ ਵਿਧਾਇਕ ਸ਼ੀਤਲ ਅੰਗੁਰਾਲ ਅਤੇ ਵਿਧਾਇਕ ਰਮਨ ਅਰੋੜਾ ਦੇ ਨਾਲ ਰਾਜਵਿੰਦਰ ਕੌਰ ਥਿਆੜਾ ਅਤੇ ਬਲਕਾਰ ਸਿੰਘ ਵੀ ਮੌਜੂਦ ਸਨ।