ਮੋਹਾਲੀ, 15 ਜੁਲਾਈ 2025 – ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਅੰਮ੍ਰਿਤਸਰ ਦੇ ਗ੍ਰੀਨ ਐਵੇਨਿਊ ਸਥਿਤ ਰਿਹਾਇਸ਼ ਅਤੇ ਮਜੀਠਾ ਸਥਿਤ ਦਫ਼ਤਰ ’ਤੇ ਵਿਜੀਲੈਂਸ ਵਲੋਂ ਛਾਪੇਮਾਰੀ ਕਰਨ ਦੇ ਮਾਮਲੇ ‘ਚ ਵੱਡਾ ਅਪਡੇਟ ਆਇਆ ਹੈ। ਹੁਣ ਬਿਕਰਮ ਸਿੰਘ ਮਜੀਠੀਆ ਦੀ ਕਿਸੇ ਪ੍ਰਾਪਰਟੀ ਦੀ ਤਲਾਸ਼ੀ ਨਹੀਂ ਹੋਵੇਗੀ। ਬਿਕਰਮ ਸਿੰਘ ਮਜੀਠੀਆ ਦੇ ਵਕੀਲ ਅਰਸ਼ਦੀਪ ਸਿੰਘ ਕਲੇਰ ਨੇ ਇਸ ਦੀ ਜਾਣਕਾਰੀ ਦਿੱਤੀ ਹੈ।
ਵਿਜੀਲੈਂਸ ਦੀ ਰੇਡ ‘ਤੇ ਬਿਕਰਮ ਸਿੰਘ ਮਜੀਠੀਆ ਦੇ ਵਕੀਲ ਅਰਸ਼ਦੀਪ ਸਿੰਘ ਕਲੇਰ ਦਾ ਬਿਆਨ ਆਇਆ ਹੈ।ਵਕੀਲ ਅਰਸ਼ਦੀਪ ਸਿੰਘ ਕਲੇਰ ਦਾ ਕਹਿਣਾ ਹੈ ਕਿ ਪੰਜਾਬ ਵਿਜੀਲੈਂਸ ਦੀ ਰੇਡ ‘ਤੇ ਮੋਹਾਲੀ ਅਦਾਲਤ ਨੇ ਤੁਰੰਤ ਰੋਕ ਲਗਾਈ ਹੈ। ਉਨ੍ਹਾਂ ਦੱਸਿਆ ਕਿ ਅਦਾਲਤੀ ਹੁਕਮਾਂ ਤੋਂ ਬਾਅਦ ਵਿਜੀਲੈਂਸ ਦੀ ਰੇਡ ਰੋਕੀ ਗਈ ਹੈ। ਹੁਣ ਕੋਈ ਵੀ ਸਰਚ ਵਕੀਲ ਦੀ ਹਾਜ਼ਰੀ ‘ਚ ਹੋਵੇਗੀ ਅਤੇ ਹੁਣ ਸਰਚ ਨਹੀਂ ਸਿਰਫ਼ ਈਵੈਲੂਏਸ਼ਨ ਹੋਵੇਗੀ।
ਦਰਅਸਲ ‘ਚ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ 14 ਦਿਨਾਂ ਦੀ ਨਿਆਂਇਕ ਹਿਰਾਸਤ ਅਧੀਨ ਨਾਭਾ ਜੇਲ੍ਹ ’ਚ ਬੰਦ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਅੰਮ੍ਰਿਤਸਰ ਦੇ ਗ੍ਰੀਨ ਐਵੇਨਿਊ ਸਥਿਤ ਰਿਹਾਇਸ਼ ਅਤੇ ਮਜੀਠਾ ਸਥਿਤ ਦਫ਼ਤਰ ’ਤੇ ਮੰਗਲਵਾਰ ਨੂੰ ਮੁੜ ਵਿਜੀਲੈਂਸ ਵਲੋਂ ਛਾਪੇਮਾਰੀ ਕੀਤੀ ਗਈ ਹੈ। ਉਨ੍ਹਾਂ ਦੀ ਰਿਹਾਇਸ਼ ’ਤੇ ਵੱਡੀ ਗਿਣਤੀ ਪੁਲਿਸ ਬਲ ਦੇ ਜਵਾਨ ਤਾਇਨਾਤ ਕਰ ਦਿੱਤੇ ਗਏ ਸਨ। ਦਫ਼ਤਰ ਵਿੱਚ ਰੱਖੇ ਦਸਤਾਵੇਜ਼ਾਂ ਦੀ ਵੀ ਜਾਂਚ ਕੀਤੀ ਗਈ ਹੈ।

ਛਾਪੇਮਾਰੀ ਦੇ ਮੱਦੇਨਜ਼ਰ ਪੰਜਾਬ ਪੁਲਿਸ ਨੇ ਇਲਾਕੇ ਵਿੱਚ ਸੁਰੱਖਿਆ ਵਧਾ ਦਿੱਤੀ ਅਤੇ ਘਰ ਦੇ ਚਾਰੇ ਪਾਸੇ ਅਤੇ ਘਰ ਨੂੰ ਜਾਣ ਵਾਲੇ ਸਾਰੇ ਰਸਤਿਆਂ ’ਤੇ ਬੈਰੀਕੇਡਿੰਗ ਕੀਤੀ ਗਈ ਹੈ। ਗ੍ਰੀਨ ਐਵੇਨਿਊ ‘ਤੇ ਘਰ ਤੋਂ ਕਈ ਮੀਟਰ ਪਹਿਲਾਂ ਬੈਰੀਕੇਡਿੰਗ ਕਰਕੇ ਸੜਕ ਬੰਦ ਕਰ ਦਿੱਤੀ ਗਈ। ਕਿਸੇ ਨੂੰ ਵੀ ਅੱਗੇ ਜਾਣ ਦੀ ਇਜਾਜ਼ਤ ਨਹੀਂ ਸੀ। ਦੱਸ ਦੇਈਏ ਕਿ ਬਿਕਰਮ ਸਿੰਘ ਮਜੀਠੀਆ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ 14 ਦਿਨਾਂ ਦੀ ਨਿਆਂਇਕ ਹਿਰਾਸਤ ਅਧੀਨ ਨਾਭਾ ਜੇਲ੍ਹ ’ਚ ਬੰਦ ਹਨ।
