ਪਟਿਆਲਾ, 8 ਮਈ 2024 – ਪਟਿਆਲਾ ਦੇ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਹੈ ਕਿ ਅੱਜ ਨਾਮਜ਼ਦਗੀਆਂ ਦੇ ਦੂਜੇ ਦਿਨ ਤਿੰਨ ਉਮੀਦਵਾਰਾਂ ਨੇ ਲੋਕ ਸਭਾ ਹਲਕਾ ਪਟਿਆਲਾ-13 ਤੋਂ ਚੋਣ ਲੜਨ ਲਈ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਹਨ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜਨ ਜਨਵਾਦੀ ਪਾਰਟੀ ਦੇ ਉਮੀਦਵਾਰ ਅਮਰਜੀਤ ਸਿੰਘ ਪੁੱਤਰ ਇਸ਼ਰ ਸਿੰਘ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਇਸ ਤੋਂ ਬਿਨ੍ਹਾਂ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਵੱਲੋਂ ਧਰਮਵੀਰਾ ਗਾਂਧੀ ਪੁੱਤਰ ਭਗਤ ਰਾਮ ਅਤੇ ਨਰਿੰਦਰ ਸਿੰਘ ਸੰਧੂ ਪੁੱਤਰ ਹਰਸਾ ਸਿੰਘ ਸੰਧੂ ਨੇ ਨਾਮਜ਼ਦਗੀ ਪੱਤਰਾਂ ਦੇ ਦੋ-ਦੋ ਸੈਟ ਰਿਟਰਨਿੰਗ ਅਫ਼ਸਰ ਕੋਲ ਦਾਖਲ ਕਰਵਾਏ ਹਨ।
ਜ਼ਿਲ੍ਹਾ ਚੋਣ ਅਫ਼ਸਰ ਨੇ ਅੱਗੇ ਦੱਸਿਆ ਕਿ ਨਾਮਜ਼ਦਗੀਆਂ ਦਾਖਲ ਕਰਨ ਵਾਲੇ ਸਾਰੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਭਾਰਤੀ ਚੋਣ ਕਮਿਸ਼ਨ ਦੀ ਐਂਡਰਾਇਡ ਤੇ ਆਈ.ਓ.ਐਸ. ਅਧਾਰਤ ਮੋਬਾਇਲ ਫੋਨ ਐਪ ‘ਨੋਅ ਯੂਅਰ ਕੈਂਡੀਡੇਟ’ (ਕੇ.ਵਾਈ.ਸੀ. ਈ.ਸੀ.ਆਈ.) ‘ਤੇ ਵੀ ਅਪਲੋਡ ਕੀਤੇ ਜਾਂਦੇ ਹਨ, ਜਿੱਥੇ ਕੋਈ ਵੀ ਨਾਗਰਿਕ ਇਨ੍ਹਾਂ ਦਾ ਵੇਰਵਾ ਦੇਖ ਸਕਦਾ ਹੈ। ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਹੋਰ ਦੱਸਿਆ ਕਿ ਨਾਮਜ਼ਦਗੀ ਪੱਤਰ 14 ਮਈ ਤੱਕ ਡਿਪਟੀ ਕਮਿਸ਼ਨਰ ਦੇ ਕੋਰਟ ਰੂਮ (ਕਮਰਾ ਨੰਬਰ 108) ਵਿਖੇ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਪ੍ਰਾਪਤ ਕੀਤੇ ਜਾਣਗੇ।