- ਪੰਜਾਬ ਦੇ ਹੱਕਾਂ ਲਈ ‘ਆਪ’ ਦੀ ਸਰਕਾਰ ਅਤੇ ਸਮੁੱਚੀ ਲੀਡਰਸ਼ਿਪ ਹਰ ਕੁਰਬਾਨੀ ਦੇਵੇਗੀ: ਡਾ. ਸੰਨੀ ਸਿੰਘ ਆਹਲੂਵਾਲੀਆ
- ਵਿਰੋਧੀ ਪਾਰਟੀਆਂ ਵੱਲੋਂ ਪਾਣੀ ਦੇ ਮੁੱਦੇ ’ਤੇ ਫ਼ੈਲਾਏ ਜਾ ਰਹੇ ਝੂਠ ਤੋਂ ਸੁਚੇਤ ਰਹਿਣ ਪੰਜਾਬ ਵਾਸੀ: ਡਾ. ਸੰਨੀ ਸਿੰਘ ਆਹਲੂਵਾਲੀਆ
ਚੰਡੀਗੜ੍ਹ, 21 ਅਪ੍ਰੈਲ 2022 – ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੂਬਾ ਵਾਸੀਆਂ ਨੂੰ ਵਿਸ਼ਵਾਸ਼ ਦਿਵਾਇਆ ਕਿ ਪੰਜਾਬ ਦੇ ਪਾਣੀ ਦੀ ਇੱਕ ਵੀ ਬੂੰਦ ਬਾਹਰ ਨਹੀਂ ਜਾਣ ਦਿੱਤੀ ਜਾਵੇਗੀ, ਭਾਵੇਂ ਇਸ ਦੇ ਲਈ ਪਾਰਟੀ ਨੂੰ ਕੋਈ ਵੀ ਕੁਰਬਾਨੀ ਕਿਉਂ ਨਾ ਕਰਨੀ ਪਵੇ। ਇਹ ਦਾਅਵਾ ਕਰਦਿਆਂ ‘ਆਪ’ ਦੇ ਬੁਲਾਰੇ ਡਾ. ਸੰਨੀ ਸਿੰਘ ਆਹਲੂਵਾਲੀਆ ਨੇ ਕਿਹਾ ਕਿ ਪੰਜਾਬ ’ਚ ਜ਼ਮੀਨ ਦੀ ਸਿੰਚਾਈ ਲਈ ਅਤੇ ਲੋਕਾਂ ਦੇ ਪੀਣਯੋਗ ਪਾਣੀ ਦੀ ਪਹਿਲਾਂ ਹੀ ਬਹੁਤ ਵੱਡੀ ਘਾਟ ਬਣੀ ਹੋਈ ਹੈ, ਇਸ ਲਈ ਪੰਜਾਬ ਦੇ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਨੀਆਂ ‘ਆਪ’ ਸਰਕਾਰ ਦੀ ਵੱਡੀ ਅਤੇ ਅਹਿਮ ਜ਼ਿੰਮੇਵਾਰੀ ਹੈ।
ਵੀਰਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਡਾ. ਸੰਨੀ ਸਿੰਘ ਆਹਲੂਵਾਲੀਆ ਨੇ ਕਿਹਾ, ‘‘ਪੰਜਾਬ ਦੇ ਲੋਕਾਂ ਵੱਲੋਂ ਨਿਕਾਰੇ ਸਿਆਸੀ ਆਗੂ ਜਾਣਬੁੱਝ ਕੇ ਪਾਣੀ ਦੇ ਮੁੱਦੇ ’ਤੇ ਹੋਛੀ ਰਾਜਨੀਤੀ ਕਰ ਰਹੇ ਹਨ, ਜਦੋਂ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਸਪੱਸ਼ਟ ਕਰ ਚੁੱਕੀ ਹੈ ਕਿ ਪਾਣੀ ਸਮੇਤ ਪੰਜਾਬ ਦੇ ਸਾਰੇ ਮੁੱਦਿਆਂ ’ਤੇ ਪੰਜਾਬ ਸਰਕਾਰ ਦ੍ਰਿੜਤਾ ਨਾਲ ਪਹਿਰਾ ਦੇਵੇਗੀ ਅਤੇ ਪੰਜਾਬ ਦੇ ਹੱਕਾਂ ਦੀ ਰਾਖੀ ਸਿਦਕਦਿਲੀ ਨਾਲ ਕੀਤੀ ਜਾਵੇਗੀ।’’ ਉਨ੍ਹਾਂ ਕਿਹਾ ਕਿ ਪੰਜਾਬ ਕੋਲ ਪਾਣੀ ਦੀ ਇੱਕ ਵੀ ਵਾਧੂ ਬੂੰਦ ਨਹੀਂ ਹੈ, ਸਗੋਂ ਸੂਬੇ ਦੀ ਖੇਤੀਬਾੜੀ ਲਈ ਲੋੜੀਂਦੇ ਪਾਣੀ ਦੀ ਘਾਟ ਬਣ ਗਈ ਹੈ ਅਤੇ ਧਰਤੀ ਹੇਠਲਾ ਪਾਣੀ ਪੀਣਯੋਗ ਨਹੀਂ ਰਿਹਾ। ਇਸ ਲਈ ਪੰਜਾਬ ਸਰਕਾਰ ਨਵੀਆਂ ਨੀਤੀਆਂ ਲਾਗੂ ਕਰਕੇ ਧਰਤੀ ਹੇਠਲਾ ਪਾਣੀ ਬਚਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਨਦੀਆਂ, ਨਹਿਰਾਂ ਅਤੇ ਨਾਲਿਆਂ ਦੇ ਦੂਸ਼ਿਤ ਹੋਏ ਪਾਣੀ ਨੂੰ ਸਾਫ਼ ਕਰਨ ਅਤੇ ਵਰਤੋਂ ’ਚ ਲਿਆਉਣ ਲਈ ਯਤਨ ਕੀਤੇ ਜਾ ਰਹੇ ਹਨ।
ਆਹਲੂਵਾਲੀਆ ਨੇ ਕਿਹਾ ਕਿ ਨਾ ਸਾਡੇ ਕੋਲ ਸਿੰਚਾਈ ਲਈ ਚੰਗਾ ਪਾਣੀ ਹੈ ਅਤੇ ਨਾ ਹੀ ਲੋਕਾਂ ਦੇ ਪੀਣ ਲਈ ਸ਼ੁੱਧ ਪਾਣੀ ਹੈ, ਕਿਸ ਤਰ੍ਹਾਂ ਕਿਸੇ ਨੂੰ ਪਾਣੀ ਦੇ ਦਈਏ? ਜਿਹੜੇ ਲੋਕ ਪਾਣੀ ਦੇ ਮੁੱਦੇ ’ਤੇ ਆਮ ਆਦਮੀ ਪਾਰਟੀ ਅਤੇ ਪੰਜਾਬ ਸਰਕਾਰ ਨੂੰ ਸਵਾਲ ਕਰ ਰਹੇ ਹਨ, ਉਹ ਆਪਣਾ ਪੱਖ ਤਾਂ ਲੋਕਾਂ ਅੱਗੇ ਰੱਖਣ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਦੀ ਸਖ਼ਤ ਅਲੋਚਨਾ ਕਰਦਿਆਂ ਕਿਹਾ ਕਿ ਇਨਾਂ ਪਾਰਟੀਆਂ ਦੀਆਂ ਸਰਕਾਰਾਂ ਵੇਲੇ ਹੀ ਪੰਜਾਬ ਦੇ ਹੱਕਾਂ ਨੂੰ ਲੁੱਟਿਆ ਗਿਆ ਹੈ ਅਤੇ ਪੰਜਾਬ ਦੀ ਬਰਮਾਦੀ ਦੇ ਮੁੱਦੇ ਖੜ੍ਹੇ ਕੀਤੇ ਗਏ, ਸਗੋਂ ਪਾਣੀ ਸਮੇਤ ਪੰਜਾਬੀ ਭਾਸ਼ਾ ਜਿਹੇ ਅਹਿਮ ਮੁੱਦੇ ਕਾਂਗਰਸ ਅਤੇ ਅਕਾਲੀ ਤੇ ਭਾਜਪਾ ਸਰਕਾਰਾਂ ਵੇਲੇ ਖ਼ਤਰਨਾਕ ਰੂਪ ਅਖਤਿਆਰ ਕਰ ਗਏ ਸਨ।
ਡਾ. ਸੰਨੀ ਸਿੰਘ ਆਹਲੂਵਾਲੀਆ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਵਿਰੋਧੀ ਪਾਰਟੀਆਂ ਵੱਲੋਂ ਪਾਣੀ ਦੇ ਮੁੱਦੇ ’ਤੇ ਫ਼ੈਲਾਏ ਜਾ ਰਹੇ ਝੂਠ ਤੋਂ ਸੁਚੇਤ ਰਹਿਣ, ਕਿਉਂਕਿ ‘ਆਪ’ ਦੀ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਕਿਸੇ ਵੀ ਕੀਮਤ ’ਤੇ ਪੰਜਾਬ ਦਾ ਪਾਣੀ ਬਾਹਰ ਨਹੀਂ ਜਾਣ ਦੇਣਗੇ। ਪੰਜਾਬ ਦੇ ਹੱਕਾਂ ਲਈ ਜਿਹੜੀ ਵੀ ਕੁਰਬਾਨੀ ਦੀ ਲੋੜ ਪਈ ‘ਆਪ’ ਦੀ ਸਰਕਾਰ ਅਤੇ ਸਮੁੱਚੀ ਲੀਡਰਸ਼ਿਪ ਹਰ ਕੁਰਬਾਨੀ ਦੇਵੇਗੀ।