ਨਵੀਂ ਦਿੱਲੀ, 11 ਫਰਵਰੀ 2024 – ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੰਜਾਬ ‘ਚ ਭਾਜਪਾ-ਅਕਾਲੀ ਦਲ ਗਠਜੋੜ ਦੀਆਂ ਅਟਕਲਾਂ ‘ਤੇ ਸਫਾਈ ਦਿੱਤੀ ਹੈ। ਇੱਕ ਇੰਟਰਵਿਊ ਵਿੱਚ ਉਨ੍ਹਾਂ ਪੰਜਾਬ ਵਿੱਚ ਸਿਆਸੀ ਪਸਾਰ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅਕਾਲੀ ਦਲ ਨਾਲ ਅਜੇ ਤੱਕ ਕੁਝ ਵੀ ਤੈਅ ਨਹੀਂ ਹੋਇਆ ਹੈ। ਪਰ ਨੀ ਅੱਜ ਤੱਕ ਭਾਜਪਾ ਨੇ ਆਪਣੇ ਕਿਸੇ ਸਹਿਯੋਗੀ ਨੂੰ ਪਾਰਟੀ ਛੱਡਣ ਲਈ ਨਹੀਂ ਕਿਹਾ ਹੈ।
ਅਮਿਤ ਸ਼ਾਹ ਨੇ ਸਪੱਸ਼ਟ ਕੀਤਾ ਕਿ ਅਕਾਲੀ ਦਲ ਬਾਰੇ ਅਜੇ ਕੁਝ ਵੀ ਤੈਅ ਨਹੀਂ ਹੋਇਆ ਹੈ। ਗੱਲਬਾਤ ਚੱਲ ਰਹੀ ਹੈ। ਪਰ ਭਾਜਪਾ ਦੇ ਹਾਲਾਤ, ਸਮੀਕਰਨ ਅਤੇ ਕੁਝ ਖੇਤਰੀ ਆਗੂ ਇਸ ਦੇ ਹੱਕ ਵਿੱਚ ਨਹੀਂ ਜਾਪਦੇ।
ਦਰਅਸਲ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਾਂਗ ਭਾਜਪਾ ਦੀ ਸੂਬਾ ਇਕਾਈ ਵੀ ਅਕਾਲੀ ਦਲ ਦੇ ਨਾਲ ਗਠਜੋੜ ‘ਤੇ ਸਹਿਮਤ ਨਹੀਂ ਹੈ। ਭਾਜਪਾ ਆਗੂਆਂ ਦਾ ਮੰਨਣਾ ਹੈ ਕਿ ਅਕਾਲੀ ਦਲ ਛੱਡਣ ਤੋਂ ਬਾਅਦ ਭਾਜਪਾ ਨੇ ਪੇਂਡੂ ਅਤੇ ਕਈ ਸ਼ਹਿਰੀ ਖੇਤਰਾਂ ਵਿੱਚ ਆਪਣੇ ਆਪ ਨੂੰ ਮਜ਼ਬੂਤ ਕੀਤਾ ਹੈ। ਪੁਰਾਣੇ ਅਤੇ ਟਕਸਾਲੀ ਭਾਜਪਾ ਆਗੂਆਂ ਨੇ ਸਪੱਸ਼ਟ ਕਿਹਾ ਹੈ ਕਿ ਜੇਕਰ ਭਾਜਪਾ ਅਕਾਲੀ ਦਲ ਨਾਲ ਹੱਥ ਮਿਲਾ ਲੈਂਦੀ ਹੈ ਤਾਂ ਫਿਰ ਪੁਰਾਣੇ ਹਾਲਾਤ ਪੈਦਾ ਹੋ ਜਾਣਗੇ, ਜਿੱਥੇ ਸਰਕਾਰ ਬਣਨ ਤੋਂ ਬਾਅਦ ਵੀ ਭਾਜਪਾ ਨੂੰ ਪਾਸੇ ਕਰ ਦਿੱਤਾ ਗਿਆ ਸੀ।
ਸੀਨੀਅਰ ਆਗੂਆਂ ਦੇ ਕਾਂਗਰਸ ਅਤੇ ਅਕਾਲੀ ਦਲ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਣ ਕਾਰਨ ਭਾਜਪਾ ਵੀ ਪਹਿਲਾਂ ਨਾਲੋਂ ਮਜ਼ਬੂਤ ਹੋ ਗਈ ਹੈ। ਜੇਕਰ ਭਾਜਪਾ ਮੁੜ ਅਕਾਲੀ ਦਲ ਦੀ ਹਮਾਇਤ ਚੁਣਦੀ ਹੈ ਤਾਂ ਜੋ ਵਿਕਾਸ ਅਤੇ ਪਸਾਰ ਭਾਜਪਾ ਪੰਜਾਬ ਵਿੱਚ ਕਰ ਰਹੀ ਹੈ, ਉਹ ਇੱਕ ਵਾਰ ਫਿਰ ਰੁਕ ਜਾਵੇਗਾ।
ਅਕਾਲੀ ਦਲ ਭਾਜਪਾ ਦੇ ਸਭ ਤੋਂ ਪੁਰਾਣੇ ਸਹਿਯੋਗੀਆਂ ਵਿੱਚੋਂ ਇੱਕ ਸੀ। ਪਰ, ਉਸਨੇ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰਨ ਲਈ ਸਬੰਧ ਤੋੜ ਦਿੱਤੇ। ਇਹਨਾਂ ਕਾਨੂੰਨਾਂ ਨੂੰ ਬਾਅਦ ਵਿੱਚ ਕਿਸਾਨਾਂ, ਖਾਸ ਕਰਕੇ ਪੰਜਾਬ ਅਤੇ ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਵਿਰੋਧ ਪ੍ਰਦਰਸ਼ਨਾਂ ਕਾਰਨ ਰੱਦ ਕਰ ਦਿੱਤਾ ਗਿਆ ਸੀ।
ਦੇਸ਼ ‘ਚ ਭਾਜਪਾ ਗਠਜੋੜ ‘ਤੇ ਅਮਿਤ ਸ਼ਾਹ ਨੇ ਕਿਹਾ ਕਿ ਸੂਬੇ ਦੇ ਸਿਆਸੀ ਸਮੀਕਰਨਾਂ ਕਾਰਨ ਕਈ ਵਾਰ ਘਟਨਾਵਾਂ ਵਾਪਰਦੀਆਂ ਹਨ ਅਤੇ ਕਈ ਵਾਰ ਅਜਿਹੇ ਕਦਮ ਚੁੱਕਣੇ ਪੈਂਦੇ ਹਨ। ਪਰ, ਭਾਜਪਾ ਨੇ ਕਦੇ ਵੀ ਕਿਸੇ ਨੂੰ ਐਨਡੀਏ ਵਿੱਚੋਂ ਨਹੀਂ ਕੱਢਿਆ। ਹਮੇਸ਼ਾ ਗਠਜੋੜ ਦੇ ਧਰਮ ਦਾ ਪਾਲਣ ਕੀਤਾ ਹੈ।
ਇਸ ਦੇ ਨਾਲ ਹੀ ਇਹ ਵੀ ਕਿਆਸ ਅਰਾਈਆਂ ਚੱਲ ਰਹੀਆਂ ਹਨ ਕਿ ਅਕਾਲੀ ਦਲ 8-5 ਅਤੇ ਭਾਜਪਾ 7-6 ਦੇ ਸਾਂਝੇ ਫਾਰਮੂਲੇ ਦੀ ਗੱਲ ਕਰ ਰਹੀ ਹੈ।