- ਛੁੱਟੀਆਂ ਦੇ ਬਾਵਜੂਦ ਸਕੂਲ ਖੋਲ੍ਹਣ ਦਾ ਇਲਜ਼ਾਮ
ਚੰਡੀਗੜ੍ਹ, 28 ਅਗਸਤ 2025 – ਗੁਰਦਾਸਪੁਰ ਦੇ ਪਿੰਡ ਦਬੂੜੀ ਵਿੱਚ ਸਥਿਤ ਨਵੋਦਿਆ ਸਕੂਲ ਦੇ ਪ੍ਰਿੰਸੀਪਲ ਨੂੰ ਸਿੱਖਿਆ ਵਿਭਾਗ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਹੈ। ਪ੍ਰਿੰਸੀਪਲ ਉੱਤੇ ਇਲਜ਼ਾਮ ਹੈ ਕਿ ਉਹਨਾਂ ਨੇ ਛੁੱਟੀਆਂ ਦੇ ਬਾਵਜੂਦ ਸਕੂਲ ਖੋਲ੍ਹਿਆ, ਜਿਸ ਕਾਰਨ ਲਗਭਗ 400 ਬੱਚੇ ਪਾਣੀ ‘ਚ ਫਸ ਗਏ।
ਹਾਲਾਂਕਿ ਫੌਜ ਅਤੇ ਸਮਾਜ ਸੇਵੀ ਸੰਸਥਾਵਾਂ ਦੀ ਮਦਦ ਨਾਲ ਬੱਚਿਆਂ ਨੂੰ ਸੁਰੱਖਿਅਤ ਰੈਸਕਿਊ ਕਰ ਲਿਆ ਗਿਆ। ਸਕੂਲ ‘ਚੋਂ ਕੱਢੇ ਗਏ ਸਾਰੇ ਵਿਦਿਆਰਥੀ ਹੁਣ ਸੁਰੱਖਿਅਤ ਹਨ। ਇਲਾਕੇ ਵਿੱਚ ਅਜੇ ਵੀ 8 ਤੋਂ 10 ਫੁੱਟ ਤੱਕ ਪਾਣੀ ਭਰਿਆ ਹੋਇਆ ਹੈ, ਜਿਸ ਕਾਰਨ ਸਥਿਤੀ ਗੰਭੀਰ ਬਣੀ ਹੋਈ ਹੈ। ਸਿੱਖਿਆ ਵਿਭਾਗ ਨੇ ਪ੍ਰਿੰਸੀਪਲ ਤੋਂ ਇਸ ਲਾਪਰਵਾਹੀ ਬਾਰੇ ਤੁਰੰਤ ਜਵਾਬ ਮੰਗਿਆ ਹੈ।
ਦੱਸ ਦਈਏ ਕਿ ਬੀਤੇ ਦਿਨ ਸਕੂਲ ਦੇ ਪਾਣੀ ਨਾਲ ਭਰ ਜਾਣ ਤੋਂ ਬੱਚਿਆਂ ਨੂੰ ਉਪਰਲੀ ਮੰਜ਼ਿਲ ‘ਤੇ ਰੱਖਿਆ ਗਿਆ ਸੀ। ਸਕੂਲ ਦੇ 40 ਅਧਿਆਪਕ ਅਤੇ ਹੋਰ ਸਟਾਫ਼ ਖੁਦ ਵੀ ਸਕੂਲ ਵਿੱਚ ਫਸ ਗਏ ਸਨ। ਜਿਸ ਤੋਂ ਬਾਅਦ ਰਾਹਤ ਕਾਰਜ ਚਲਾ ਕੇ ਸਾਰੀਆਂ ਨੂੰ ਸੁਰੱਖਿਅਤ ਕੱਢਿਆ ਗਿਆ। ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਕੱਢਣ ਲਈ ਐਨਡੀਆਰਐਫ ਅਤੇ ਫੌਜ ਦੀਆਂ ਟੀਮਾਂ ਭੇਜੀਆਂ ਗਈਆਂ ਸਨ।

ਡੀਸੀ ਦਲਵਿੰਦਰ ਜੀਤ ਸਿੰਘ ਨੇ ਕਿਹਾ ਕਿ ਪ੍ਰਿੰਸੀਪਲ ਵੱਲੋਂ ਪ੍ਰਸ਼ਾਸਨ ਨਾਲ ਸੰਪਰਕ ਕੀਤਾ ਗਿਆ ਸੀ। ਸੂਚਨਾ ਮਿਲਦੇ ਹੀ ਬੱਸਾਂ ਭੇਜੀਆਂ ਗਈਆਂ ਸਨ, ਪਰ ਰਸਤੇ ‘ਚ ਬਹੁਤ ਪਾਣੀ ਭਰਿਆ ਹੋਇਆ ਸੀ। ਇਸ ਤੋਂ ਬਾਅਦ ਐਨਡੀਆਰਐਫ ਅਤੇ ਫੌਜ ਦੀਆਂ ਟੀਮਾਂ ਭੇਜੀਆਂ ਗਈਆਂ।
