ਚੰਡੀਗੜ੍ਹ, 4 ਜੁਲਾਈ 2025 – ਭਗਵੰਤ ਮਾਨ ਸਰਕਾਰ ਨਵ-ਨਿਯੁਕਤ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਦਿੱਤੇ ਗਏ ਵਿਭਾਗਾਂ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ, ਜਿਸ ਤਹਿਤ ਉਨ੍ਹਾਂ ਨੂੰ ਤਿੰਨ ਵਿਭਾਗ ਜਿਵੇਂ ਕਿ ਉਦਯੋਗ ਅਤੇ ਵਣਜ, ਐਨਆਰਆਈ, ਨਿਵੇਸ਼ ਪ੍ਰਮੋਸ਼ਨ ਦਿੱਤੇ ਗਏ ਹਨ।
ਉੱਥੇ ਹੀ ਦੂਜੇ ਪਾਸੇ ਕੈਬਨਿਟ ਮੰਤਰੀ ਤਰੁਣ ਪ੍ਰੀਤ ਸਿੰਘ ਸੌਂਦ ਨੂੰ ਹੁਣ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ, ਪੱਧਰੀ ਪ੍ਰਾਹੁਣਚਾਰੀ ਅਤੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦਿੱਤੇ ਗਏ ਹਨ। ਸੰਜੀਵ ਅਰੋੜਾ ਨੂੰ ਸਾਬਕਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦਾ ਐਨਆਰਆਈ ਵਿਭਾਗ ਦਿੱਤਾ ਗਿਆ ਹੈ, ਇਸ ਦੇ ਨਾਲ, ਤਰੁਣ ਪ੍ਰੀਤ ਸਿੰਘ ਸੌਂਦ ਦੇ ਦੋ ਵਿਭਾਗ, ਉਦਯੋਗ ਅਤੇ ਵਣਜ ਅਤੇ ਨਿਵੇਸ਼ ਪ੍ਰਮੋਸ਼ਨ ਵੀ ਅਰੋੜਾ ਨੂੰ ਦਿੱਤੇ ਗਏ ਹਨ।

ਜ਼ਿਕਰਯੋਗ ਹੈ ਕਿ ਕੈਬਨਿਟ ‘ਚ ਸੰਜੀਵ ਅਰੋੜਾ ਦੀ ਐਂਟਰੀ ਤੋਂ ਬਾਅਦ ਕੁਲਦੀਪ ਧਾਲੀਵਾਲ ਨੇ ਕੈਬਨਿਟ ਮੰਤਰੀ ਵੱਜੋਂ ਅਸਤੀਫਾ ਦੇ ਦਿੱਤਾ ਸੀ। ਧਾਲੀਵਾਲ ਦੇ ਅਸਤੀਫੇ ਨਾਲ ਭਗਵੰਤ ਮਾਨ ਕੈਬਨਿਟ ਵਿੱਚ ਮੰਤਰੀਆਂ ਦੀ ਕੁੱਲ ਗਿਣਤੀ 16 ਰਹਿ ਗਈ ਹੈ। ਕੈਬਨਿਟ ਵਿੱਚ ਅਜੇ ਵੀ ਦੋ ਅਹੁਦੇ ਖਾਲੀ ਹਨ।

