ਚੰਡੀਗੜ੍ਹ, 11 ਫਰਵਰੀ 2023 – ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਬ ਦੇ ਕਾਰਕੁੰਨਾਂ ਵੱਲੋਂ ਰੋਸ ਵਜੋਂ ਪੁਰਾਣੀ ਪੈਂਨਸ਼ਨ ਬਹਾਲੀ ਦੇ ਅਧੂਰੇ ਨੋਟੀਫਿਕੇਸ਼ਨ ਦੀਆਂ ਜ਼ਿਲ੍ਹਾ ਪੱਧਰੀ ਕਾਪੀਆਂ ਸਾੜ ਕੇ ਰੋਸ ਜਾਹਰ ਕੀਤਾ ਗਿਆ। ਜ਼ਿਕਰਯੋਗ ਹੈ ਕਿ ਐਨਪੀਐਸ ਖਾਤਿਆਂ ‘ਚ ਪਿਆ ਮੁਲਾਜ਼ਮਾਂ ਦਾ ਪੈਸਾ ਐਲਆਈਸੀ, ਐਸਬੀਆਈ ਅਤੇ ਯੂਟੀਆਈ ਦੇ ਫੰਡਾਂ ਚ ਲਾਇਆ ਜਾਂਦਾ ਹੈ। ਇਸ ਪੈਸੇ ਦਾ ਵੱਡਾ ਹਿੱਸਾ ਇਨ੍ਹਾਂ ਵਿੱਤੀ ਅਦਾਰਿਆਂ ਵੱਲੋਂ ਅਡਾਨੀ ਗਰੁੱਪ ਚ ਲਾਇਆ ਗਿਆ ਸੀ l
ਪਿਛਲੇ ਦਿਨੀਂ ਅਡਾਨੀ ਗਰੁੱਪ ਦੇ ਸ਼ੇਅਰ ਮੂਧੇ ਮੂੰਹ ਡਿੱਗਣ ਨਾਲ ਐਨਪੀਐਸ ਮੁਲਾਜ਼ਮ ਡਰ ਵਿਚ ਹਨ,ਕਿਤੇ ਐਨਪੀਐਸ ਖਾਤਿਆਂ ਵਿੱਚ ਜਮ੍ਹਾਂ ਪੈਸਾ ਡੁੱਬ ਹੀ ਨਾ ਜਾਵੇ। ਪਿਛਲੇ ਸਮੇਂ ਮੀਡੀਆ ਨੂੰ ਵਰਤ ਕੇ ਇੱਕ ਨੈਰੇਟਿਵ ਸਿਰਜਿਆ ਗਿਆ ਕਿ ਪੁਰਾਣੀ ਪੈਂਨਸ਼ਨ ਬਹਾਲ ਕਰਨ ਨਾਲ ਸਰਕਾਰੀ ਖਜਾਨੇ ਤੇ ਵਿੱਤੀ ਬੋਝ ਵਧੇਗਾ। ਹੁਣ ਸਰਕਾਰੀ ਵਿੱਤੀ ਅਦਾਰਿਆਂ ਦਾ ਪੈਸਾ ਅਡਾਨੀ ਗਰੁੱਪ ਵਿੱਚ ਲੱਗਾ ਹੋਣ ਕਰਕੇ ਜੋ ਜੋਖਮ ਹੈ ਅਤੇ ਜੋ ਨੁਕਸਾਨ ਹੈ ਉਸ ਬਾਰੇ ਅਖੌਤੀ ਬੁੱਧੀਜੀਵੀਆਂ ਦੀ ਜ਼ੁਬਾਨ ਨੂੰ ਤੰਦੂਆ ਪੈ ਗਿਆ ਲੱਗਦਾ ਹੈ।
ਇਸ ਪ੍ਰਦਸ਼ਨ ਦੌਰਾਨ ਆਗੂਆਂ ਦੱਸਿਆ ਕਿ ਦੋ ਮਹੀਨੇ ਦਾ ਲੰਮਾਂ ਸਮਾਂ ਬੀਤ ਜਾਣ ਤੋਂ ਬਾਅਦ ਵੀ ਅਜੇ ਤੱਕ ਐਨਪੀਐਸ ਮੁਲਾਜਮਾਂ ਨੂੰ ਨਾ ਤਾਂ ਜੀਪੀਐਫ ਨੰਬਰ ਹੀ ਅਲਾਟ ਹੋਇਆ ਅਤੇ ਨਾ ਹੀ ਇਸਦੀ ਕਟੌਤੀ ਹੋਣੀ ਸ਼ੁਰੂ ਹੋਈ ਹੈ। ਇਸਦੇ ਨਾਲ ਹੀ ਪੰਜਾਬ ਸਰਕਾਰ ਤੋਂ ਇਹ ਮੰਗ ਵੀ ਕੀਤੀ ਗਈ ਕਿ ਕੇਂਦਰ ਸਰਕਾਰ ਦੀ ਤਰਜ਼ ਉੱਪਰ 20 ਸਾਲ ਦੀ ਸੇਵਾ ਨੂੰ ,ਪੈਨਸ਼ਨ ਗਣਨਾ ਸਮੇਂ ਪੂਰੇ ਲਾਭ ਦਿੱਤੇ ਜਾਣ । ਇਸ ਸਮੇਂ ਇਹ ਮੰਗ ਵੀ ਉਠਾਈ ਗਈ ਕਿ ਬੋਰਡਾਂ ਤੇ ਕਾਰਪੋਰੇਸ਼ਨਾਂ ਦੇ ਕਰਮਚਾਰੀਆਂ ਨੂੰ ਵੀ ਪੈਨਸ਼ਨ ਦਿੱਤੀ ਜਾਵੇ। ਜਿਲ੍ਹਾ ਪ੍ਰੀਸ਼ਦ ਅਤੇ ਐੱਸਐੱਸਏ/ ਰਸਮਾ ਅਧੀਨ ਕੀਤੀ ਨੌਕਰੀ ਦੇ ਸਮਾਂਕਾਲ ਨੂੰ ਪੈਂਨਸ਼ਨ ਦਾ ਲਾਭ ਗਿਣਦੇ ਸਮੇਂ ਰੈਗੂਲਰ ਨੌਕਰੀ ਦੇ ਸਮੇਂ ਵਿੱਚ ਜੋੜਿਆ ਜਾਵੇ।
ਇਸ ਮੁਜ਼ਾਹਰੇ ਵਿੱਚ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਸੂਬਾ ਕਨਵੀਨਰ ਜਸਵੀਰ ਤਲਵਾੜਾ, ਜ਼ਿਲ੍ਹਾ ਕਨਵੀਨਰ ਸੰਜੀਵ ਧੂਤ,ਜੀ ਟੀ ਯੂ ਦੇ ਜ਼ਿਲ੍ਹਾ ਪ੍ਰਧਾਨ ਪ੍ਰਿੰਸੀਪਲ ਅਮਨਦੀਪ ਸ਼ਰਮਾ ਨੇ ਦੱਸਿਆ ਕਿ ਐਨਪੀਐਸ ਅਧੀਨ ਆਉੰਦੇ ਅੱਜ ਦੇ ਮੁਲਾਜ਼ਮਾਂ ਨੇ ਅਪਣੀ ਸੇਵਾਕਾਲ ਦੇ ਮੁੱਢਲੇ ਤਿੰਨ ਤੋਂ ਪੰਜ ਸਾਲ ਠੇਕਾ ਅਧਾਰ ਤੇ ਨਿਗੁਣੀਆਂ ਤਨਖਾਹਾਂ ਤੇ ਲਾਏ ਹਨ। ਅੱਜ ਜਦੋਂ ਇਹਨਾ ਮੁਲਾਜਮਾਂ ਦੀ ਪੈਂਨਸ਼ਨ ਤੈਅ ਕੀਤੀ ਜਾਣੀ ਹੈ ਤਾਂ ਸਿਰਫ ਰੈਗੁਲਰ ਸੇਵਾ ਦੇ ਸਮੇ ਨੂੰ ਹੀ ਗਿਣਿਆ ਜਾਵੇਗਾ। ਰੈਗੁਲਰ ਸੇਵਾ ਦਾ ਸਮਾਂ ਘੱਟ ਰਹਿ ਜਾਣ ਕਾਰਨ ਬਹੁਤ ਸਾਰੇ ਮੁਲਾਜਮ ਸਾਥੀ ਪੈਨਸ਼ਨ ਦਾ ਪੂਰਾ ਲਾਭ ਨਹੀਂ ਲੈ ਸਕਣਗੇ। ਇਸ ਤਰਾਂ ਅੱਜ ਦੇ ਐਨ ਪੀ ਐਸ ਮੁਲਾਜਮ ਦੋਹਰੀ ਮਾਰ ਹੇਠ ਹਨ ਇੱਕ ਤਾਂ ਠੇਕੇ ਦੀ ਸੇਵਾ ਦੌਰਾਨ ਨਿਗੁਣੀਆਂ ਤਨਖਾਹਾਂ ਉਤੋਂ ਠੇਕੇ ਦੌਰਾਨ ਨਿਭਾਈ ਸੇਵਾ ਦਾ ਨਾ ਗਿਣਿਆ ਜਾਣਾ।
ਇਸ ਲਈ ਸਰਕਾਰ ਪੈੰਨਸ਼ਨ ਦਾ ਲਾਭ ਮਿਥਦੇ ਸਮੇਂ ਸਾਡੇ ਦੁਆਰਾ ਰੈਗੁਲਰ ਸੇਵਾਕਾਲ ਦੇ ਨਾਲ ਨਾਲ ਠੇਕੇ ਉੱਪਰ ਕੀਤੀ ਸਰਵਿਸ ਦੀ ਗਣਨਾ ਕਰਨ ਦਾ ਵੀ ਪ੍ਰਾਵਧਾਨ ਰੱਖੇ। ਇਸ ਮੌਕੇ ਐਨ ਪੀ ਐੱਸ ਤੋਂ ਪੀੜਿਤ ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਬਹਾਲੀ ਦੇ ਜਾਰੀ ਅਧੂਰੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜ ਕੇ ਆਪਣਾ ਰੋਸ ਪ੍ਰਦਰਸ਼ਨ ਕੀਤਾ l ਇਸ ਮੌਕੇ ਹਵਿੰਦਰ ਸਿੰਘ,ਜ਼ਿਲ੍ਹਾ ਜਨਰਲ ਸਕੱਤਰ ਤਿਲਕ ਰਾਜ,ਪ੍ਰਿਤਪਾਲ ਸਿੰਘ ਚੌਟਾਲਾ,ਸੁਨੀਲ ਸ਼ਰਮਾ, ਵਰਿੰਦਰ ਵਿੱਕੀ,ਪ੍ਰਿੰਸ ਗੜ੍ਹਦੀਵਾਲਾ,ਵਿਕਾਸ ਸ਼ਰਮਾ ਆਗੂਆਂ ਨੇ ਅੱਗੇ ਦੱਸਿਆ ਕਿ ਜੇਕਰ ਸਰਕਾਰ ਵੱਲੋਂ ਟਾਲ-ਮਟੋਲ ਇਸੇ ਤਰ੍ਹਾਂ ਜਾਰੀ ਰਹੀ ਤਾਂ ਆਉਣ ਵਾਲੀ 26 ਫ਼ਰਵਰੀ ਨੂੰ ਧੂਰੀ ਵਿਖੇ ਸੂਬਾ ਪੱਧਰੀ ਵਿਸ਼ਾਲ ਰੈਲ਼ੀ ਕਰਕੇ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ।