ਅੰਮ੍ਰਿਤਸਰ, 26 ਜੂਨ 2022 – ਪੰਜਾਬ ਦੇ ਅੰਮ੍ਰਿਤਸਰ ਜ਼ਿਲੇ ਦੇ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਇਕ NRI ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਚੈਕਿੰਗ ਦੌਰਾਨ ਅੰਮ੍ਰਿਤਸਰ ਹਵਾਈ ਅੱਡੇ ‘ਤੇ ਤਾਇਨਾਤ ਸੁਰੱਖਿਆ ਮੁਲਾਜ਼ਮਾਂ ਨੇ ਉਸ ਦੇ ਬੈਗ ‘ਚੋਂ ਤਿੰਨ ਪਿਸਤੌਲ ਦੇ ਕਾਰਤੂਸ ਬਰਾਮਦ ਕੀਤੇ। ਉਹ ਅੰਮ੍ਰਿਤਸਰ ਤੋਂ ਦੋਹਾ-ਕਤਰ ਜਾਣ ਦੀ ਤਿਆਰੀ ਕਰ ਰਿਹਾ ਸੀ। ਫਿਲਹਾਲ ਉਸ ਨੂੰ ਫੜ ਕੇ ਪੁਲਸ ਹਵਾਲੇ ਕਰ ਦਿੱਤਾ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਜਰਮਨੀ ਦਾ ਰਹਿਣ ਵਾਲਾ ਸੁਭਾਸ਼ ਚੰਦਰ ਸਪਾਈਸ ਜੈੱਟ ਦੀ ਫਲਾਈਟ ਰਾਹੀਂ ਦੋਹਾ ਕਤਰ ਜਾਣ ਲਈ ਏਅਰਪੋਰਟ ਪਹੁੰਚਿਆ ਸੀ। ਉਹ ਜਲੰਧਰ ਜ਼ਿਲ੍ਹੇ ਦੇ ਕਰਤਾਰ ਨਗਰ ਦੇ ਮਾਡਲ ਟਾਊਨ ਦਾ ਰਹਿਣ ਵਾਲਾ ਹੈ। ਹਵਾਈ ਅੱਡੇ ‘ਤੇ ਸਾਮਾਨ ਦੀ ਜਾਂਚ ਦੌਰਾਨ ਸੁਰੱਖਿਆ ਕਰਮਚਾਰੀਆਂ ਨੂੰ ਪਿਸਤੌਲ ਦੇ ਤਿੰਨ ਰਾਊਂਡ ਮਿਲੇ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਏਅਰਪੋਰਟ ਪੁਲਿਸ ਨੇ ਸਪਾਈਸ ਜੈੱਟ ਦੇ ਸੀਨੀਅਰ ਸਕਿਓਰਿਟੀ ਐਗਜ਼ੀਕਿਊਟਿਵ ਯਾਦਵਿੰਦਰ ਸਿੰਘ ਦੀ ਸ਼ਿਕਾਇਤ ‘ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੇ ਸੁਭਾਸ਼ ਚੰਦਰ ਖ਼ਿਲਾਫ਼ ਆਈਪੀਸੀ 25/54/59 ਏ ਤਹਿਤ ਕੇਸ ਦਰਜ ਕਰ ਲਿਆ ਹੈ। ਫਿਲਹਾਲ ਉਹ ਪੁਲਸ ਹਿਰਾਸਤ ‘ਚ ਹੈ।
ਤਰਨਤਾਰਨ ਦੇ ਪਿੰਡ ਮੁਰਾਦਪੁਰਾ ਦੇ ਗੁਰਜਿੰਦਰ ਸਿੰਘ ਨੂੰ ਦੋ ਹਫ਼ਤੇ ਪਹਿਲਾਂ ਅੰਮ੍ਰਿਤਸਰ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਗੁਰਜਿੰਦਰ ਨੇ ਅੰਮ੍ਰਿਤਸਰ ਤੋਂ ਦਿੱਲੀ ਲਈ ਫਲਾਈਟ ਲੈਣੀ ਸੀ। ਇਸ ਤੋਂ ਬਾਅਦ ਇੰਗਲੈਂਡ ਜਾਣ ਵਾਲੀ ਇੱਕ ਕਨੈਕਟਿਡ ਫਲਾਈਟ ਸੀ, ਪਰ ਜਦੋਂ ਉਸ ਦੇ ਸਾਮਾਨ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ .32 ਬੋਰ ਦਾ ਕਾਰਤੂਸ ਬਰਾਮਦ ਹੋਇਆ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।